Nabaz-e-punjab.com

ਮੁਹਾਲੀ ਨਿਗਮ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੇਂ ਨਿਯਮ ਕਾਨੂੰਨ ਬਣਾਉਣ ਦੀ ਲੋੜ: ਬੇਦੀ

ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੌਂਸਲਰ ਬੇਦੀ ਦੀ ਅਗਵਾਈ ਵਾਲੀ ਕਮੇਟੀ ਦੀ ਪਲੇਠੀ ਮੀਟਿੰਗ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਲਈ ਆਰਟੀਆਈ ਕਾਰਕੁਨ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਦੀ ਅੱਜ ਇੱਥੇ ਪਲੇਠੀ ਮੀਟਿੰਗ ਹੋਈ। ਜਿਸ ਵਿੱਚ ਆਵਾਰਾ ਕੁੱਤਿਆਂ ਦੇ ਇਸ ਗੰਭੀਰ ਮਸਲੇ ’ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਅਕਾਲੀ ਕੌਂਸਲਰ ਹਰਪਾਲ ਸਿੰਘ ਚੰਨਾ, ਭਾਜਪਾ ਕੌਂਸਲਰ ਬੌਬੀ ਕੰਬੋਜ਼, ਚੀਫ਼ ਸੈਨੇਟਰੀ ਇੰਸਪੈਕਟਰ ਹਰਬੰਤ ਸਿੰਘ, ਨਗਰ ਨਿਗਮ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਵੀਰ ਸਿੰਘ, ਗੁਰਮੀਤ ਸਿੰਘ ਟਿਵਾਣਾ, ਸੁਰਿੰਦਰ ਕੁਮਾਰ (ਦੋਵੇਂ ਸੈਨੇਟਰੀ ਇੰਸਪੈਕਟਰ) ਅਤੇ ਰਵਿੰਦਰ ਕੁਮਾਰ ਸੈਨੇਟਰੀ ਸੁਪਰਵਾਈਜ਼ਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਪਿਛਲੀ ਮੀਟਿੰਗ ਵਿੱਚ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਸੀ। ਜਿਸ ’ਤੇ ਚਰਚਾ ਕਰਨ ਮਗਰੋਂ ਹਾਊਸ ਦੀ ਸਹਿਮਤੀ ਨਾਲ ਸ੍ਰੀ ਬੇਦੀ ਦੀ ਅਗਵਾਈ ਹੇਠ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਕਮੇਟੀ ਦੇ ਚੇਅਰਮੈਨ ਕੁਲਜੀਤ ਬੇਦੀ ਨੇ ਮੀਟਿੰਗ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਲਈ ਨਗਰ ਨਿਗਮ ਵੱਲੋਂ ਪਿਛਲੇ ਸਾਲ ਵਾਲੇ ਟੈਂਡਰ ਭਰੇ ਸੀ ਅਤੇ ਇਸ ਸਾਲ ਕੱਢੇ ਗਏ ਟੈਂਡਰ ਦੀਆਂ ਸ਼ਰਤਾਂ ਵੀ ਮੰਗੀਆਂ ਗਈਆਂ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਨਸਬੰਦੀ ਸਬੰਧੀ ਇਸ ਵਾਰ ਕੱਢੇ ਗਏ ਟੈਂਡਰ ਵਿੱਚ ਸ਼ਰਤਾਂ ਵਿੱਚ ਕੀ ਵਿਭਿੰਨਤਾ ਹੈ। ਮੀਟਿੰਗ ਵਿੱਚ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਦੇ ਨਾਲ-ਨਾਲ ਉਨ੍ਹਾਂ ਦੇ ਹਰੇਕ ਸਾਲ ਹਲਕਾਅ ਤੋਂ ਬਚਾਉਣ ਲਈ ਟੀਕੇ ਵੀ ਲਗਾਏ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਫੜਨ ਲਈ ਇਕ ਹੋਰ ਗੱਡੀ ਦੀ ਮੰਗ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਅੱਗੇ ਰੱਖੀ ਜਾਵੇਗੀ। ਇਸ ਗੱਲ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਗਿਆ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਵੱਲੋਂ ਨਵੇਂ ਨਿਯਮ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।
ਸ੍ਰੀ ਬੇਦੀ ਨੇ ਦੱਸਿਆ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਗੰਭੀਰ ਮਸਲਾ ਹੈ। ਇਸ ਨੂੰ ਹੱਲ ਕਰਨ ਲਈ ਕਮੇਟੀ ਵੱਲੋਂ ਕਾਨੂੰਨੀ ਸਲਾਹ ਵੀ ਲਈ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਜੇਕਰ ਕਿਸੇ ਵੀ ਵਿਅਕਤੀ ਕੋਲ ਕੋਈ ਕਾਨੂੰਨੀ ਨੁਕਤਾ ਹੈ ਤਾਂ ਉਹ ਵੀ ਇਸ ਕਮੇਟੀ ਨੂੰ ਦੱਸ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…