
ਮੁਹਾਲੀ ਕਾਰਪੋਰੇਸ਼ਨ ਵੱਲੋਂ 5 ਕਰੋੜ ਦੀ ਲਾਗਤ ਨਾਲ ਚਲਾਈ ਜਾਵੇਗੀ ਸਿਟੀ ਬੱਸ
ਵਿਦੇਸ਼ਾਂ ਦੀ ਤਰਜ਼ ’ਤੇ ਪੂਰੇ ਦਿਨ ਲਈ ਜਾਰੀ ਹੋਵੇਗੀ ਇੱਕ ਟਿਕਟ, ਸਿਟੀ ਬੱਸਾਂ ਵਿੱਚ ਨਹੀਂ ਹੋਣਗੇ ਕੰਡਕਟਰ
ਮੁਹਾਲੀ ਕਾਰਪੋਰੇਸ਼ਨ ਵੱਲੋਂ ਖਰੀਦੀਆਂ ਜਾਣਗੀਆਂ 20 ਏਅਰ ਕੰਡੀਸ਼ਨਰਡ ਮਿੰਨੀ ਬੱਸਾਂ: ਮੇਅਰ ਕੁਲਵੰਤ ਸਿੰਘ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਅਖੀਰਕਾਰ ਸ਼ਹਿਰ ਵਾਸੀਆਂ ਵਾਸਤੇ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਆਪਣੇ ਵਸੀਲਿਆਂ ਤੋਂ ਹੀ ਸਿਟੀ ਬਸ ਸਰਵਿਸ ਆਰੰਭ ਕਰਨ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਕਾਰਪੋਰੇਸ਼ਨ ਵੱਲੋਂ ਤਿਆਰ ਕੀਤੇ ਜਾ ਰਹੇ ਅਗਲੇ ਸਾਲ ਦੇ ਬਜਟ ਵਿੱਚ 5 ਕਰੋੜ ਰੁਪਏ ਬਸਾਂ ਦੀ ਖਰੀਦ ਅਤੇ ਹੋਰਨਾਂ ਪ੍ਰਬੰਧਾਂ ਵਾਸਤੇ ਰੱਖੇ ਜਾ ਰਹੇ ਹਨ। ਮਿਉਂਸਪਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਵਿੱਚ ਚਲਾਏ ਜਾਣ ਵਾਲੇ ਵੱਖ ਵੱਖ ਰੂਟਾ ’ਤੇ ਚਲਾਉਣ ਲਈ ਕੁਲ 20 ਬੱਸਾਂ ਦੀ ਖਰੀਦ ਕੀਤੇ ਜਾਣ ਦੀ ਯੋਜਨਾ ਹੈ। ਇਸ ਸਬੰਧੀ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਕਰਨ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਕਾਰਪੋਰੇਸ਼ਨ ਵੱਲੋਂ ਪਹਿਲਾਂ ਗਮਾਡਾ ਦੇ ਨਾਲ ਮਿਲ ਕੇ ਤਜਵੀਜ ਤਿਆਰ ਕੀਤੀ ਗਈ ਸੀ ਪਰੰਤੂ ਇਸ ਸਬੰਧੀ ਮਾਮਲਾ ਕਿਸੇ ਨਾ ਕਿਸੇ ਕਾਰਨ ਲਮਕਦਾ ਰਿਹਾ ਹੈ ਅਤੇ ਹੁਣ ਨਿਗਮ ਵਲੋੱ ਆਪਣੇ ਪੱਧਰ ਤੇ ਹੀ ਸਿਟੀ ਬਸ ਸਰਵਿਸ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚਲਾਉਣ ਲਈ ਮਿਨੀ ਬਸਾਂ ਦੀ ਖਰੀਦ ਕੀਤੀ ਜਾਵੇਗੀ ਜਿਹੜੀਆਂ ਏਅਰ ਕੰਡੀਸ਼ਨਡ ਹੋਣਗੀਆਂ ਅਤੇ ਇਹਨਾਂ ਵਿੱਚ ਨਾਗਰਿਕਾਂ ਨੂੰ ਅਤਿਆਧੁਨਿਕ ਸਹੂਲਤਾਂ ਹਾਸਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਾਰਦਰਸ਼ਿਤਾ ਰੱਖਣ ਲਈ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਇਹਨਾਂ ਬਸਾਂ ਵਿੱਚ ਸਫਰ ਕਰਨ ਲਈ ਮਿਉਂਸਪਲ ਕਾਰਪੋਰੇਸ਼ਨ ਵੱਲੋਂ (ਵਿਦੇਸ਼ ਦੀ ਤਰਜ ’ਤੇ) ਪੂਰੇ ਦਿਨ ਲਈ ਇੱਕ ਹੀ ਟਿਕਟ ਜਾਰੀ ਕੀਤੀ ਜਾਵੇ ਜਿਹੜੀ ਇਨ੍ਹਾਂ ਸਾਰੀਆਂ ਹੀ ਬਸਾਂ ਵਿੱਚ ਮਨਣਯੋਗ ਹੋਵੇ। ਇਸ ਤੋਂ ਇਲਾਵਾ ਇਨ੍ਹਾਂ ਬੱਸਾਂ ਵਿੱਚ ਸਫਰ ਵਾਸਤੇ ਵਿਸ਼ੇਸ਼ (ਪ੍ਰੀਪੇਡ) ਕਾਰਡ ਜਾਰੀ ਕਰਨ ਦੀ ਵੀ ਤਜਵੀਜ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਹਨਾਂ ਨੂੰ ਇਹਨਾਂ ਬਸਾਂ ਵਿੱਚ ਸਫਰ ਵਾਸਤੇ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਇਹ ਬਸਾਂ ਸ਼ਹਿਰ ਵਿੱਚ ਹੀ ਵੱਖ ਵੱਖ ਰੂਟਾ ’ਤੇ ਚਲਾਈਆਂ ਜਾਣਗੀਆਂ ਜਿਹਨਾਂ ਵਿੱਚ ਰੇਲਵੇ ਸਟੇਸ਼ਨ, ਹਵਾਈ ਅੱਡੇ ਅਤੇ ਬਸ ਅੱਡੇ ਜਾਣ ਵਾਲੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਰੂਟ ਤਿਆਰ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ 20 ਬਸਾਂ ਦੀ ਖਰੀਦ ਕਰਕੇ ਚਲਾਉਣ ਦੀ ਯੋਜਨਾ ਬਣਾਈ ਗਈ ਹੈ ਅਤੇ ਬਾਅਦ ਵਿੱਚ ਜੇਕਰ ਲੋੜ ਪਈ ਤਾਂ ਇਹਨਾਂ ਬਸਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਗਮ ਨੂੰ ਇਸ ਵਾਸਤੇ ਲੜੀਂਦੀ ਰਕਮ ਦਾ ਪ੍ਰਬੰਧ ਕਰਨ ਲਈ ਕਿਸੇ ਵੀ ਏਜੰਸੀ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਜਰੂਰ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਵਾਸਤੇ ਨਿਗਮ ਵਲੋੱ ਬੈਂਕ ਤੋੱ ਕਰਜਾ ਵੀ ਲਿਆ ਜਾ ਸਕਦਾ ਹੈ।