ਮੁਹਾਲੀ ਨਿਗਮ ਪ੍ਰਸ਼ਾਸਨ ਦੀਆਂ ਕਥਿਤ ਜ਼ਿਆਦਤੀਆਂ ਨੇ ਦਲਿਤ ਮਹਿਲਾ ਕਾਰੋਬਾਰੀ ਕੀਤਾ ਠੱਪ

ਅਧਿਕਾਰੀਆਂ ਅਤੇ ਹੁਕਮਰਾਨਾਂ ਵਿਰੁੱਧ ‘ਭ੍ਰਿਸ਼ਟ ਜੁੰਡਲੀ’ ਦੀ ਪੋਲ ਖੋਲ੍ਹ ਰੈਲੀ 26 ਜਨਵਰੀ ਨੂੰ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਸਥਾਨਕ ਨਗਰ ਨਿਗਮ ਵੱਲੋਂ ਮਿਉਂਸਪਲ ਭਵਨ ਸੈਕਟਰ-68 ਵਿਖੇ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੌਰਾਨ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅਧਿਕਾਰੀਆਂ ਅਤੇ ਹੁਕਮਰਾਨਾਂ ਦੀ ਭ੍ਰਿਸ਼ਟ ਜੁੰਡਲੀ ਦੀ ਪੋਲ ਖੋਲ ਰੈਲੀ ਦਾ ਆਯੋਜਨ ਕਰਨ ਉਪਰੰਤ ਫੇਜ਼-6 ਤੀਕ ਇੱਕ ਰੋਸ ਮਾਰਚ ਕਰਕੇ ਹਕੂਮਤ ਤੋਂ ਇਨਸਾਫ ਦੀ ਮੰਗ ਕੀਤੀ ਜਾਵੇਗੀ।
ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਜਥੇਬੰਦੀ ਦੀ ਮੀਡੀਆ ਇੰਚਾਰਜ ਅਤੇ ਸਾਬਕਾ ਕੌਂਸਲਰ ਬਲਜੀਤ ਕੌਰ ਪੁਰਖਾਲਵੀ ਦੀ ਚੇਤਨਾ ਕੰਸਟਰਕਸ਼ਨ ਕੰਪਨੀ ਨੂੰ ਨਗਰ ਨਿਗਮ ਮੁਹਾਲੀ ਵੱਲੋਂ ਪਿੰਡ ਮਦਨਪੁਰਾ ਦੀ ਫਿਰਨੀ ਦੀ ਉਸਾਰੀ ਲਈ ਬਣਾਏ ਗਏ 65 ਲੱਖ ਦੇ ਤਮਖ਼ੀਨੇ ਨੂੰ ਵਰਕ ਆਰਡਰ ਨੰਬਰ-23/32 ਮਿਤੀ 28 ਦਸੰਬਰ 2015 ਰਾਹੀਂ ਅਲਾਟ ਕੀਤਾ ਗਿਆ ਸੀ। ਅਲਾਟਮੈਂਟ ਅਨੁਸਾਰ ਨਿਰਧਾਰਤ ਸ਼ਰਤਾਂ ਮੁਤਾਬਕ ਮਿੱਥੇ ਸਮੇਂ ਦੇ ਅੰਦਰ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੰਪਨੀ ਵੱਲੋਂ ਇਹ ਕੰਮ ਪੂਰਾ ਵੀ ਕਰ ਲਿਆ ਗਿਆ ਸੀ, ਪ੍ਰੰਤੂ ਨਿਗਮ ਪ੍ਰਸ਼ਾਸ਼ਨ ਦੇ ਹੁਕਮਰਾਨਾਂ ਨੇ ਸਿਆਸੀ ਬਦਲਾਖੋਰੀ ਤਹਿਤ ਕੀਤੇ ਗਏ ਕੰਮ ਦੀ ਅਦਾਇਗੀ ਤੇ ਅਣਐਲਾਨੀ ਰੋਕ ਲਗਾਕੇ ਮਹਿਲਾ ਨੂੰ ਆਰਥਿਕ ਤੌਰ ਤੇ ਉਜਾੜਨ ਦੀ ਜਿੱਦ ਫ਼ੜ ਰੱਖੀ ਹੈ ਜਿਸ ਕਾਰਨ ਪੀੜਤ ਮਹਿਲਾ ਨੂੰ ਪਿਛਲੇ ਕਰੀਬ ਦੋ ਸਾਲਾਂ ਤੋਂ ਕੀਤੇ ਗਏ ਕੰਮ ਬਦਲੇ ਅਦਾਇਗੀ ਦੀ ਪ੍ਰਾਪਤੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸੇ ਦੌਰਾਨ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਆਪਣੀ ਨਿੱਜੀ ਰੰਜਸ਼ ਕੱਢਣ ਲਈ ਮਹਿਲਾ ਨੂੰ ਆਰਥਿਕ ਸਮਾਜਿਕ ਅਤੇ ਮਾਨਸਿਕ ਤੌਰ ਤੇ ਜਲੀਲ ਕਰਨ ਦੇ ਨਾਲ ਨਾਲ ਸਿਆਸੀ ਤੌਰ ’ਤੇ ਤਬਾਹ ਕਰਨ ਦੀ ਵੀ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ। ਦਲਿਤ ਆਗੂ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਨਾਜਾਇਜ ਤੌਰ ਤੇ ਰੋਕੀ ਗਈ ਇਸ ਅਦਾਇਗੀ ਕਾਰਨ ਪੀੜਤ ਮਹਿਲਾ ਭਾਰੀ ਕਰਜੇ ਦੇ ਭਾਰ ਥੱਲੇ ਦਬ ਕੇ ਰਹਿ ਗਈ ਜਿਸ ਕਾਰਨ ਜਿੱਥੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਉਥੇ ਸਮਾਜਿਕ ਅਤੇ ਆਰਥਿਕ ਜਲੀਲਤਾ ਦੀ ਚਿੰਤਾ ਕਾਰਨ ਉਹ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਗਈ ਹੈ, ਇਸੇ ਅੱਤਿਆਚਾਰ ਕਾਰਨ ਅਚਾਨਕ ਹੋਈ ਡਾਇਬਟੀਜ ਦੇ ਕਾਰਨ ਉਸ ਦੀਆਂ ਦੋਨੇ ਕਿਡਨੀਆਂ ਖਰਾਬ ਹੋ ਗਈਆਂ ਜਿਨ੍ਹਾਂ ਦੇ ਇਲਾਜ ਲਈ ਉਹ ਲੋਕਾਂ ਤੋਂ ਪੈਸੇ ਉਧਾਰ ਲੈ ਲੈਕੇ ਆਪਣਾ ਇਲਾਜ ਕਰਵਾ ਰਹੀ ਹੈ ਪ੍ਰੰਤੂ ਹੁਕਮਰਾਨਾਂ ਦੀ ਇਨਸਾਨੀਅਤ ਫ਼ਿਰ ਵੀ ਜਾਗ ਨਾ ਸਕੀ।
ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਆਪਣੇ ਪੈਸੇ ਦੀ ਪ੍ਰਾਪਤੀ ਦੀ ਚਿੰਤਾ ਕਾਰਨ ਲੱਗੀਆਂ ਕਈ ਹੋਰ ਭਿਆਨਕ ਬੀਮਾਰੀਆਂ ਕਾਰਨ ਉਹ ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਇਗੀ ਦੀ ਪ੍ਰਾਪਤੀ ਲਈ ਪੀੜਤ ਮਹਿਲਾ ਵੱਲੋਂ ਪਿਛਲੇ ਸਾਲ ਵੀ ਪ੍ਰਸ਼ਾਸ਼ਨ ਨੂੰ ਸੰਘਰਸ਼ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਦੇ ਸਿੱਟੇ ਵੱਜੋਂ ਕੁੱਝ ਰਕਮ ਦੀ ਅਦਾਇਗੀ ਕਰ ਵੀ ਦਿੱਤੀ ਗਈ ਸੀ। ਸ਼੍ਰੀ ਪੁਰਖਾਲਵੀ ਨੇ ਐਲਾਨ ਕੀਤਾ ਕਿ ਇਨਸਾਫ਼ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਪੀੜਤ ਬੀਮਾਰ ਮਹਿਲਾ ਨੂੰ ਚੁੱਕਕੇ ਮਿਉਂਸਪਲ ਭਵਨ ਦੇ ਅੱਗੇ ‘ਗੁਲਾਮ ਰੈਲੀ’ ਕਰਕੇ ਭ੍ਰਿਸ਼ਟ ਅਧਿਕਾਰੀਆਂ ਅਤੇ ਹੁਕਮਰਾਨਾਂ ਦੀ ਪੋਲ ਖੋਲਣ ਉਪਰੰਤ ਫੇਜ਼-6 ਦੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਤੱਕ ਰੋਸ ਮਾਰਚ ਕਰਕੇ ਪ੍ਰਸ਼ਾਸ਼ਨ ਦਾ ਵਿਆਪਕ ਪਿੱਟ ਸਿਆਪਾ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਮਰ ਚੱੁਕੀ ਜਮੀਰ ਨੂੰ ਜਗਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਤੋਂ ਪੈਦਾ ਹੋਣ ਵਾਲੇ ਤਮਾਮ ਮਾੜੇ ਪ੍ਰਭਾਵ ਅਤੇ ਮਾਰੂ ਪ੍ਰਸਥਿਤੀਆਂ ਲਈ ਨਿਗਮ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ, ਜਿਸ ਸਬੰਧੀ ਜਥੇਬੰਦੀ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਅਗੇਤੀ ਲਿਖਤੀ ਸੂਚਨਾ ਵੀ ਭੇਜੀ ਜਾ ਰਹੀ ਹੈ।
(ਬਾਕਸ ਆਈਟਮ)
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਹ ਮੇਰਾ ਉਨ੍ਹਾਂ ਦੀ ਤਾਇਨਾਤੀ ਤੋਂ ਪਹਿਲਾਂ ਦਾ ਹੈ। ਉਂਜ ਉਨ੍ਹਾਂ ਦੱਸਿਆ ਕਿ ਅੱਜ ਹੀ ਜਥੇਬੰਦੀ ਦਾ ਆਗੂ ਉਨ੍ਹਾਂ ਨੂੰ ਦਫ਼ਤਰ ਵਿੱਚ ਮਿਲਿਆ ਸੀ। ਜਿਨ੍ਹਾਂ ਤੋਂ ਲਿਖਤੀ ਰੂਪ ਵਿੱਚ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਕਿਸੇ ਨੂੰ ਸਮਾਰੋਹ ਵਿੱਚ ਖਖਲ ਪਾਉਣ ਦੀ ਇਜਾਜ਼ਤ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…