Share on Facebook Share on Twitter Share on Google+ Share on Pinterest Share on Linkedin ਕਿਸਾਨਾਂ ਦੇ ਹੱਕ ਵਿੱਚ ਰੇਲ ਰੋਕੂ ਅੰਦੋਲਨ: ਮੁਹਾਲੀ ਅਦਾਲਤ ਵੱਲੋਂ ਮੰਤਰੀ ਬਲਬੀਰ ਸਿੱਧੂ ਬਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ: ਪੰਜਾਬ ਦੇ ਕਿਸਾਨਾਂ ਦੇ ਹੱਕ ਰੇਲ ਰੋਕੂ ਅੰਦੋਲਨ ਦੇ ਮਾਮਲੇ ਵਿੱਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਹੈ। ਪੰਜਾਬ ਵਿੱਚ ਅਕਾਲੀ ਸਰਕਾਰ ਦੌਰਾਨ 15 ਮਈ 2015 ਨੂੰ ਉਸ ਸਮੇਂ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਦੀਆਂ ਗਲਤ ਅਤੇ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਡੇਰਾਬੱਸੀ ਹਲਕੇ ਵਿੱਚ ਲਾਲੜੂ ਵਿੱਚ ਰੇਲ ਰੋਕੂ ਅੰਦੋਲਨ ਕੀਤਾ ਗਿਆ ਸੀ। ਸ੍ਰੀ ਸਿੱਧੂ ਦੀ ਅਗਵਾਈ ਹੇਠ ਕੀਤੇ ਇਸ ਰੇਲ ਰੋਕੂ ਰੋਸ ਮੁਜ਼ਾਹਰੇ ਕਾਰਨ ਕਾਫੀ ਸਮੇਂ ਤੱਕ ਰੇਲ ਸੇਵਾ ਪ੍ਰਭਾਵਿਤ ਹੋਈ ਸੀ। ਹਾਲਾਂਕਿ ਇਹ ਮਾਮਲਾ ਪੰਜ ਸਾਲ ਪੁਰਾਣਾ ਹੈ ਪ੍ਰੰਤੂ ਰੇਲਵੇ ਵਿਭਾਗ ਨੇ 22 ਜੁਲਾਈ 2019 ਨੂੰ ਰੇਲਵੇ ਐਕਟ ਦੀ ਧਾਰਾ 174 ਅਧੀਨ ਕੈਬਨਿਟ ਮੰਤਰੀ ਸਿੱਧੂ ਦੇ ਖ਼ਿਲਾਫ਼ ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਮੈਡਮ ਦੀਪਕਾ ਸਿੰਘ ਦੀ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਗਈ ਸੀ। ਅੱਜ ਇਸ ਕੇਸ ਦੀ ਸੁਣਵਾਈ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ ਅਤੇ ਜਨ ਅੰਦੋਲਨ ਵਿੱਢਣ ਦਾ ਸੰਵਿਧਾਨ ਹੱਕ ਹਨ। ਦੂਜੇ ਪਾਸੇ ਸ਼ਿਕਾਇਤ ਕਰਤਾ ਧਿਰ ਦੇ ਵਕੀਲ ਦਾ ਕਹਿਣਾ ਸੀ ਕਿ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਰੇਲ ਪਟੜੀ ’ਤੇ ਬੈਠ ਕੇ ਰੇਲਵੇ ਆਵਾਜਾਈ ਵਿੱਚ ਵਿਘਨ ਪਾਇਆ ਹੈ। ਜਿਸ ਕਾਰਨ ਮੁਸਾਫ਼ਰਾਂ ਅਤੇ ਰੇਲਵੇ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਿਹਤ ਮੰਤਰੀ ਖ਼ਿਲਾਫ਼ ਸ਼ਿਕਾਇਤ ਨੂੰ ਖ਼ਾਰਜ ਕਰਦਿਆਂ ਸਿੱਧੂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਇਹ ਵੀ ਕਿਹਾ ਕਿ ਹੁਣ ਇਸ ਕੇਸ ਨੂੰ ਅੱਗੇ ਨਹੀਂ ਸੁਣਿਆ ਜਾਵੇਗਾ। ਉਧਰ, ਅਦਾਲਤ ਦੇ ਬਾਹਰ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪੀੜਤ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਯੋਗ ਪੈਰਵੀ ਕਰਨ, ਧਰਨੇ ਅਤੇ ਮੁਜ਼ਾਹਰੇ ਕਰਨ। ਉਸ ਸਮੇਂ ਉਨ੍ਹਾਂ ਨੇ ਵੀ ਰੇਲ ਰੋਕੂ ਅੰਦੋਲਨ ਕਰਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ ਪੰਜਾਬ ਸਮੇਤ ਦੇਸ਼ ਵਾਸੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਕਾਫੀ ਅੌਖੇ ਹਨ ਅਤੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਦੇਸ਼ ਦੀ ਜਨਤਾ ਸੜਕਾਂ ’ਤੇ ਉਤਰ ਆਈ ਹੈ ਅਤੇ ਅੱਜ ਹਰੇਕ ਵਰਗ ਦੇ ਲੋਕ ਧਰਨੇ ਦੇ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ