nabaz-e-punjab.com

ਪਾਦਰੀ ਕੇਸ: ਮੁਹਾਲੀ ਅਦਾਲਤ ਵੱਲੋਂ ਮੁਲਜ਼ਮ ਥਾਣੇਦਾਰ ਦਿਲਬਾਗ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਮੁਹਾਲੀ ਅਦਾਲਤ ਨੇ ਜਲੰਧਰ ਦੇ ਪਾਦਰੀ ਐਂਥਨੀ ਦੇ 6.66 ਕਰੋੜ ਰੁਪਏ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਥਾਣੇਦਾਰ ਏਐਸਆਈ ਦਿਲਬਾਗ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਬੀਤੀ 25 ਅਪਰੈਲ ਨੂੰ ਅਦਾਲਤ ਵੱਲੋਂ ਦੂਜੇ ਮੁਲਜ਼ਮ ਥਾਣੇਦਾਰਾਂ ਏਐਸਆਈ ਜੋਗਿੰਦਰ ਸਿੰਘ ਅਰਬਨ ਅਸਟੇਟ ਪਟਿਆਲਾ ਅਤੇ ਏਐਸਆਈ ਰਾਜਪ੍ਰੀਤ ਸਿੰਘ ਨਵੀਂ ਮਹਿੰਦਰਾ ਕਲੋਨੀ ਪਟਿਆਲਾ ਦੀਆਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਤਿੰਨੇ ਥਾਣੇਦਾਰ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਜਾਣਕਾਰੀ ਅਨੁਸਾਰ ਮੁਲਜ਼ਮ ਥਾਣੇਦਾਰ ਦਿਲਬਾਗ ਸਿੰਘ ਨੇ ਆਪਣੇ ਵਕੀਲ ਰਾਹੀਂ ਮੁਹਾਲੀ ਦੇ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਅੱਜ ਖੁੱਲ੍ਹੀ ਅਦਾਲਤ ਵਿੱਚ ਮੁਲਜ਼ਮ ਥਾਣੇਦਾਰ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਏਐਸਆਈ ਦਿਲਬਾਗ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਮੁੱਢੋਂ ਖਾਰਜ ਕਰ ਦਿੱਤੀ। ਥਾਣੇਦਾਰ ਦਿਲਬਾਗ ਸਿੰਘ ਇਸ ਸਮੇਂ ਜੇਲ ਵਿੱਚ ਬੰਦ ਹੈ।
ਜਾਂਚ ਟੀਮ ਦਾ ਕਹਿਣਾ ਹੈ ਕਿ ਏਐਸਆਈ ਦਿਲਬਾਗ ਸਿੰਘ ਦੀ ਸਵਿਫ਼ਟ ਕਾਰ ਰਾਹੀਂ ਪਾਦਰੀ ਦੇ ਕਰੋੜਾਂ ਰੁਪਏ ਖੰਨਾ ਤੋਂ ਹੋਰ ਵੱਖ ਥਾਵਾਂ ’ਤੇ ਲਿਜਾਏ ਗਏ ਸਨ। ਇਸ ਗੱਲ ਦਾ ਖੁਲਾਸਾ ਏਐਸਆਈ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਕਢਵਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਏਐਸਆਈ ਦਿਲਬਾਗ ਸਿੰਘ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਸੀ। ਪੁਲੀਸ ਅਨੁਸਾਰ ਏਐਸਆਈ ਜੋਗਿੰਦਰ ਸਿੰਘ ਨੇ ਬੀਤੀ 29 ਮਾਰਚ ਨੂੰ ਥਾਣੇਦਾਰ ਦਿਲਬਾਗ ਸਿੰਘ ਨੂੰ ਫੋਨ ਕਾਲ ਕੀਤਾ ਸੀ ਅਤੇ ਦੋਵੇਂ ਥਾਣੇਦਾਰਾਂ ਦੀ ਟਾਵਰ ਲੋਕੇਸ਼ਨ ਖੰਨਾ ਦੀ ਆ ਰਹੀ ਸੀ। ਪੁਲੀਸ ਸੂਤਰਾਂ ਮੁਤਾਬਕ ਏਐਸਆਈ ਜੋਗਿੰਦਰ ਸਿੰਘ ਦੇ ਕਹਿਣ ’ਤੇ ਹੀ ਦਿਲਬਾਗ ਸਿੰਘ ਖੰਨਾ ਵਿੱਚ ਆਪਣੀ ਕਾਰ ਲੈ ਕੇ ਆਇਆ ਸੀ ਅਤੇ ਵਰਨਾ ਕਾਰ ’ਚੋਂ ਕਰੋੜਾਂ ਦੀ ਨਕਦੀ ਉਸ ਦੀ ਸਵਿਫ਼ਟ ਕਾਰ ਵਿੱਚ ਰੱਖਿਆ ਗਿਆ ਅਤੇ ਉਨ੍ਹਾਂ ਪੈਸਿਆਂ ਨੂੰ ਅੱਗੇ ਪਹੁੰਚਾਇਆ ਗਿਆ ਸੀ। ਪੁਲੀਸ ਵੱਲੋਂ ਮੁਲਜ਼ਮ ਥਾਣੇਦਾਰ ਦਿਲਬਾਗ ਦੀ ਨਿਸ਼ਾਨਦੇਹੀ ’ਤੇ ਵਰਨਾ ਕਾਰ ਅਤੇ ਸਵਿਫ਼ਟ ਕਾਰਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਪੁਲੀਸ ਅਨੁਸਾਰ ਇਹ ਦੋਵੇਂ ਕਾਰਾਂ ਪਾਦਰੀ ਕੇਸ ਵਿੱਚ ਵਰਤੀਆਂ ਗਈਆਂ ਸਨ। ਪੁਲੀਸ ਵੱਲੋਂ ਬਕਾਇਦਾ ਮੁਖ਼ਬਰ ਸੁਰਿੰਦਰ ਸਿੰਘ ਕੋਲੋਂ ਇਨ੍ਹਾਂ ਕਾਰਾਂ ਦੀ ਸ਼ਨਾਖ਼ਤ ਵੀ ਕਰਵਾਈ ਗਈ ਸੀ। ਪਾਦਰੀ ਕੋਲੋਂ ਮਿਲੇ ਕਰੋੜਾਂ ਰੁਪਏ ਇਨ੍ਹਾਂ ਕਾਰਾਂ ਵਿੱਚ ਹੀ ਲੱਦ ਕੇ ਲਿਜਾਏ ਗਏ ਸਨ ਅਤੇ ਇਹ ਰਾਸ਼ੀ ਖੰਨਾ ਤੋਂ ਪਟਿਆਲਾ ਲਿਜਾਉਣ ਲਈ ਏਐਸਆਈ ਦਿਲਬਾਗ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੀ 13 ਅਪਰੈਲ ਨੂੰ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਉਕਤ ਥਾਣੇਦਾਰਾਂ ਸਮੇਤ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਿਹਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਸਮੇਤ ਹੋਰ ਕਈ ਜਾਣਕਾਰਾਂ ਦੇ ਖ਼ਿਲਾਫ਼ ਧਾਰਾ 406, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 392 ਜੋੜ ਕੇ ਡਕੈਤੀ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ।
(ਬਾਕਸ ਆਈਟਮ)
ਉਧਰ, ਇਹ ਵੀ ਜਾਣਕਾਰੀ ਮਿਲੀ ਹੈ ਕਿ ਏਐਸਆਈ ਦਿਲਬਾਗ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪ੍ਰੰਤੂ ਉਸ ਦੀ ਜ਼ਰੂਰ ਵਰਦੀ ਗਈ ਹੈ। ਪਤਾ ਲੱਗਾ ਹੈ ਕਿ ਏਐਸਆਈ ਦੀ ਕਾਰ ਉਸ ਦਾ ਦੋਸਤ ਥਾਣੇਦਾਰ ਮੰਗ ਕੇ ਲੈ ਗਿਆ ਸੀ। ਜਿਸ ਵਿੱਚ ਪਾਦਰੀ ਦੇ ਪੈਸਿਆਂ ਨੂੰ ਇਕ ਤੋਂ ਦੂਜੀ ਥਾਂ ਲਿਜਾਇਆ ਗਿਆ। ਉਂਜ ਥਾਣੇਦਾਰ ਦਿਲਬਾਗ ਸਿੰਘ ਦਾ ਇਸ ਮਾਮਲੇ ਵਿੱਚ ਸਿੱਧੇ ਤੌਰ ’ਤੇ ਕੋਈ ਦੋਸ਼ ਸਾਹਮਣੇ ਨਹੀਂ ਆ ਰਿਹਾ ਹੈ। ਲੇਕਿਨ ਜਾਂਚ ਟੀਮ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…