
ਮੁਹਾਲੀ ਅਦਾਲਤ ਵੱਲੋਂ ਹਾਊਸਿੰਗ ਕੰਪਨੀ ਦੇ ਨਿਰਮਾਣ ਕਾਰਜਾਂ ’ਤੇ ਮੁਕੰਮਲ ਰੋਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਜ਼ਿਲ੍ਹਾ ਅਦਾਲਤ ਮੁਹਾਲੀ ਨੇ ਇੱਥੋਂ ਦੇ ਸੈਕਟਰ-102 ਵਿਖੇ ਸੰਨੀ ਲਵਲੀ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਉਸਾਰੇ ਜਾ ਰਹੇ ਪ੍ਰਾਜੈਕਟ ਲਈ ਹਾਸਲ ਕੀਤੀ ਗਈ ਜ਼ਮੀਨ ਦੇ ਮਾਲਕ ਨੂੰ ਜ਼ਮੀਨ ਦੀ ਕੀਮਤ ਦੀ ਪੂਰੀ ਅਦਾਇਗੀ ਨਾ ਕੀਤੇ ਜਾਣ ਬਾਰੇ ਇੱਕ ਕੇਸ ਦੀ ਸੁਣਵਾਈ ਕਰਦਿਆਂ ਪਿੰਡ ਦੈੜੀ ਦੇ ਕਿਸਾਨਾਂ ਦੀ ਉਕਤ ਜ਼ਮੀਨ ’ਤੇ ਕਿਸੇ ਵੀ ਪ੍ਰਕਾਰ ਦੇ ਨਿਰਮਾਣ ਕਾਰਜਾਂ ਉੱਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਹ ਕਾਰਵਾਈ ਕੁਲਦੀਪ ਸਿੰਘ ਵਾਸੀ ਪਿੰਡ ਦੈੜੀ (ਮੁਹਾਲੀ) ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀ ਗਈ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਚਾਰ ਏਕੜ ਜ਼ਮੀਨ ਉਕਤ ਪ੍ਰਾਜੈਕਟ ਦੇ ਮਾਲਕਾਂ ਨੂੰ ਸਾਲ 2017 ਵਿੱਚ ਵੇਚੀ ਸੀ। ਜਿਸ ਦੀ ਰਜਿਸਟਰੀ ਵੀ ਕਰਵਾ ਦਿੱਤੀ ਗਈ ਸੀ। ਪੀੜਤ ਅਨੁਸਾਰ ਹਾਊਸਿੰਗ ਕੰਪਨੀ ਵੱਲੋਂ ਜ਼ਮੀਨ ਦੇ ਪੈਸੇ ਦਾ ਭੁਗਤਾਨ ਕੁਝ ਚੈੱਕਾਂ ਰਾਹੀਂ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ 46 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਹੁਣ ਤੱਕ ਨਹੀਂ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨੇ ਮੁਹਾਲੀ ਅਦਾਲਤ ਦਾ ਬੂਹਾ ਖੜਕਾਇਆ ਅਤੇ ਕੰਪਨੀ ਖ਼ਿਲਾਫ਼ ਕੇਸ ਦਾਇਰ ਕਰਕੇ ਇਨਸਾਫ਼ ਦੀ ਗੁਹਾਰ ਲਗਾਈ। ਕੁਲਦੀਪ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਕੇਸ ਦਾ ਨਿਬੇੜਾ ਕਰਦਿਆਂ ਹਾਊਸਿੰਗ ਕੰਪਨੀ ਵੱਲੋਂ ਇਸ ਵਿਵਾਦਿਤ ਜ਼ਮੀਨ ਦੀ ਕਿਸਮ ਬਦਲੀ ਕਰਵਾਉਣ, ਜ਼ਮੀਨ ਵਿੱਚ ਸੀਵਰੇਜ ਪਾਉਣ, ਸੜਕਾਂ ਬਣਾਉਣ ਆਦਿ ਸਮੇਤ ਪਲਾਟ ਕੱਟਣ ਦੀ ਕਾਰਵਾਈ ਉੱਤੇ ਮੁਕੰਮਲ ਰੋਕ ਲਗਾ ਦਿੱਤੀ ਹੈ।