Nabaz-e-punjab.com

ਮੁਹਾਲੀ ਅਦਾਲਤ ਵੱਲੋਂ ਸੁਮੇਧ ਸੈਣੀ ਦੀ ਜ਼ਮਾਨਤ ਬਾਰੇ ਸੋਮਵਾਰ ਨੂੰ ਸੁਣਾਇਆ ਜਾਵੇਗਾ ਫੈਸਲਾ

ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਵਕੀਲਾਂ ਵਿੱਚ ਹੋਈ ਭਖਵੀਂ ਬਹਿਸ

ਜੱਜ ਨੇ ਸਰਕਾਰੀ ਵਕੀਲ, ਪੀੜਤ ਪਰਿਵਾਰ ਦੇ ਵਕੀਲ ਤੇ ਬਚਾਅ ਪੱਖਾਂ ਦੇ ਵਕੀਲਾਂ ਧਿਆਨ ਨਾਲ ਸੁਣਿਆਂ, ਜਿਰ੍ਹਾ ਮੁਕੰਮਲ

ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਮੀਡੀਆ ਸਮੇਤ ਹੋਰ ਲੋਕਾਂ ਨੂੰ ਕੋਰਟ ਰੂਮ ’ਚੋਂ ਬਾਹਰ ਭੇਜਿਆ

ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਬਹੁਤ ਜ਼ਰੂਰੀ: ਸਰਕਾਰੀ ਵਕੀਲ

ਲੁਧਿਆਣਾ ਦਾ ਸਿਟੀ ਸੈਂਟਰ ਘੁਟਾਲਾ ਵੀ ਗੂੰਜਿਆਂ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 10 ਮਈ:
ਮੁਹਾਲੀ ਅਦਾਲਤ ਵੱਲੋਂ ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਬਾਰੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ ਜਾਵੇਗਾ। ਮਟੌਰ ਥਾਣੇ ਵਿੱਚ ਅਪਰਾਧਿਕ ਕੇਸ ਦਰਜ ਹੋਣ ਤੋਂ ਬਾਅਦ ਸੈਣੀ ਫਰਾਰ ਹੈ। ਸ਼ੱਕਰਵਾਰ ਉਸ ਨੇ ਆਪਣੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਅਦਾਲਤਾਂ ਵਿੱਚ ਵੀ ਛੁੱਟੀਆਂ ਹਨ ਅਤੇ ਡਿਊਟੀ ਮੈਜਿਸਟਰੇਟ ਡਾ. ਹਰਪ੍ਰੀਤ ਕੌਰ ਨੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਸੀ। ਅੱਜ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਮੈਡਮ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੀੜਤ ਪਰਿਵਾਰ, ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਵਿਚਕਾਰ ਭਖਵੀਂ ਬਹਿਸ ਹੋਈ ਅਤੇ ਕਰੀਬ ਦੋ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਜੱਜ ਨੇ ਵੀ ਸਾਰੀਆਂ ਧਿਰਾਂ ਦੀਆਂ ਬੜੇ ਧਿਆਨ ਨਾਲ ਸੁਣਿਆ।
ਅੱਜ ਸੈਣੀ ਵੱਲੋਂ ਸੀਨੀਅਰ ਵਕੀਲ ਏਪੀਐਸ ਦਿਉਲ ਅਤੇ ਐਚਐਸ ਧਨੋਆ ਪੇਸ਼ ਹੋਏ। ਉਨ੍ਹਾਂ ਜੱਜ ਨੂੰ ਪੂਰੀ ਐਫ਼ਆਈਆਰ ਪੜ੍ਹ ਕੇ ਸੁਣਾਈ ਅਤੇ ਸੁਪਰੀਮ ਕੋਰਟ ਦੀ ਇਕ ਜਜਮੈਂਟ ਦੀ ਕਾਪੀ ਪੇਸ਼ ਕੀਤੀ। ਉਨ੍ਹਾਂ ਜੱਜ ਦੇ ਧਿਆਨ ਵਿੱਚ ਲਿਆਂਦਾ ਕਿ 2007 ਵਿੱਚ ਸੀਬੀਆਈ ਨੇ ਸੈਣੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪ੍ਰੰਤੂ ਜੁਲਾਈ 2008 ਵਿੱਚ ਸੁਪਰੀਮ ਕੋਰਟ ਨੇ ਸੈਣੀ ਖ਼ਿਲਾਫ਼ ਕੇਸ ਰੱਦ ਕਰ ਦਿੱਤਾ ਸੀ। ਹੁਣ ਲੰਮੇ ਅਰਸੇ ਬਾਅਦ ਫਿਰ ਤੋਂ ਸਾਬਕਾ ਡੀਜੀਪੀ ਦੇ ਖ਼ਿਲਾਫ਼ ਉਨ੍ਹਾਂ ਹੀ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੋ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ।
ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਜ਼ਮਾਨਤ ਦੇਣ ਦੀ ਮੰਗ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਾਬਕਾ ਡੀਜੀਪੀ ਦੇ ਖ਼ਿਲਾਫ਼ ਗੰਭੀਰ ਦੋਸ਼ਾਂ ਤਹਿਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਇੱਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਲਿਹਾਜ਼ਾ ਸੈਣੀ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦੇ ਆਜ਼ਾਦ ਘੁੰਮਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਕੇਸ ਵਿੱਚ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਬਹੁਤ ਜ਼ਰੂਰੀ ਹੈ।
ਪੀੜਤ ਪਰਿਵਾਰ ਵੱਲੋਂ ਸਾਬਕਾ ਡੀਜੀਪੀ ਐਸਐਸ ਵਿਰਕ ਦੇ ਪੁੱਤਰ ਵਕੀਲ ਪਰਦੀਪ ਸਿੰਘ ਵਿਰਕ ਪੇਸ਼ ਹੋਏ। ਉਨ੍ਹਾਂ ਨੇ ਸੈਣੀ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕਰਦਿਆਂ ਅਦਾਲਤ ਨੂੰ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸੈਣੀ ਵਿਰੁੱਧ ਵਧੀਕੀਆਂ ਦਾ ਚਿੱਠਾ ਖੋਲ੍ਹਦਿਆਂ ਸਾਬਕਾ ਪੁਲੀਸ ਮੁਖੀ ਨੇ ਆਮ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੇਣੀ ਨੇ ਕੇਸ ਦਰਜ ਹੋਣ ਤੋਂ ਬਾਅਦ ਗੁਆਂਢੀ ਸੂਬੇ ਵਿੱਚ ਜਾ ਕੇ ਛੁਪਣ ਲਈ ਕਰਫਿਊ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਸੈਣੀ ਦੀ ਜ਼ਮਾਨਤ ਮਨਜ਼ੂਰ ਹੋਈ ਤਾਂ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਹਨ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਜੱਜ ਨੇ ਕਿਹਾ ਕਿ ਸੈਣੀ ਨੂੰ ਜ਼ਮਾਨਤ ਦੇਣ ਜਾਂ ਨਾ ਦੇਣ ਬਾਰੇ ਸੋਮਵਾਰ ਨੂੰ ਫੈਸਲਾ ਸੁਣਾਇਆ ਜਾਵੇ। ਉਧਰ, ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਮੰਤਵ ਨਾਲ ਮੀਡੀਆ ਕਰਮੀਆਂ ਸਮੇਤ ਹੋਰਨਾਂ ਲੋਕਾਂ ਨੂੰ ਕੋਰਟ ਰੂਮ ’ਚੋਂ ਬਾਹਰ ਭੇਜਿਆ ਗਿਆ। ਸੁਣਵਾਈ ਦੌਰਾਨ ਅਦਾਲਤ ਵਿੱਚ ਮੀਡੀਆ ਸਮੇਤ ਹੋਰ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…