
ਡਰੱਗ ਤਸਕਰੀ ਕੇਸ: ਮੁਹਾਲੀ ਅਦਾਲਤ ਵੱਲੋਂ ਜਗਦੀਸ਼ ਭੋਲਾ ਦੀ ਜ਼ਮਾਨਤ ਦੀ ਅਰਜ਼ੀ ਸਿਰੇ ਤੋਂ ਖਾਰਜ
ਅਮਰਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਆਂਸਲ ਬੇਰੀ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਅਤੇ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਉਰਫ਼ ਭੋਲਾ ਦੀ ਜ਼ਮਾਨਤ ਦੀ ਅਰਜ਼ੀ ਸਿਰੇ ਤੋਂ ਰੱਦ ਕਰ ਦਿੱਤੀ ਹੈ। ਪਿਛਲੀ ਤਰੀਕ ’ਤੇ ਭੋਲੇ ’ਤੇ ਆਪਣੀ ਜ਼ਮਾਨਤ ਲਈ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਇਸ ਸਬੰਧੀ ਅਦਾਲਤ ਨੇ ਪੰਜਾਬ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਇਰ ਕਰਨ ਲਈ ਆਖਿਆ ਸੀ। ਉਂਜ ਇਸ ਤੋਂ ਪਹਿਲਾਂ ਮੁਲਜ਼ਮ ਨੇ ਕਦੇ ਵੀ ਜ਼ਮਾਨਤ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਜਗਦੀਸ਼ ਭੋਲਾ ਨੂੰ ਹੁਕਮਰਾਨਾਂ ਤੋਂ ਕਥਿਤ ਤੌਰ ’ਤੇ ਜਾਨ ਨੂੰ ਖ਼ਤਰਾ ਹੈ। ਕਿਉਂਕਿ ਉਹ ਗ੍ਰਿਫ਼ਤਾਰੀ ਤੋਂ ਬਾਅਦ ਬਾਦਲ ਵਜ਼ਾਰਤ ਦੇ ਕਈ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਗੂਆਂ ਦਾ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਜਨਤਕ ਤੌਰ ’ਤੇ ਨਾਂਅ ਲੈ ਚੁੱਕਾ ਹੈ।
ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਤੇ ਸਾਥੀਆਂ ਨੂੰ ਇਕ ਸਾਂਝੇ ਅਪਰੇਸ਼ਨ ਤਹਿਤ 11 ਨਵੰਬਰ 2013 ਨੂੰ ਬਨੂੜ ਅਤੇ ਪਟਿਆਲਾ ਪੁਲੀਸ ਵੱਲੋਂ ਨਵੀਂ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 18 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤੂਆਂ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਸੀ। ਉਂਜ ਇਸ ਤੋਂ ਪਹਿਲਾਂ ਬਨੂੜ ਦੇ ਤਤਕਾਲੀ ਐਸ.ਐਚ.ਓ ਗੁਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੀਤੀ 15 ਮਈ 2013 ਨੂੰ ਗੁਪਤ ਸੂਚਨਾ ’ਤੇ ਬਨੂੜ ਖੇਤਰ ’ਚੋਂ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਭੋਲਾ ਆਪਣੀ ਸਕਾਰਪਿਊ ਗੱਡੀ ਛੱਡ ਕੇ ਪੁਲੀਸ ਨੂੰ ਝਕਾਨੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਦੋਂ ਸੀ.ਆਈ.ਏ. ਸਟਾਫ਼ ਰਾਜਪੁਰਾ ਦੇ ਤਤਕਾਲੀ ਇੰਚਾਰਜ ਮਹਿੰਦਰ ਸਿੰਘ ਦੀ ਮਦਦ ਨਾਲ ਪੁਲੀਸ ਨੇ ਭੋਲਾ ਦੀ ਸਕਾਰਪਿਊ ਗੱਡੀ ’ਚੋਂ 18 ਕਿੱਲੋਂ ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਹੋਰਨਾਂ ਵੱਖ-ਵੱਖ ਥਾਣਿਆਂ ਵਿੱਚ ਵੀ ਅਪਰਾਧਿਕ ਕੇਸ ਦਰਜ ਹਨ। ਇਹ ਸਾਰੇ ਮਾਮਲੇ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।