
ਗੋਲੀਬਾਰੀ: ਮੁਹਾਲੀ ਅਦਾਲਤ ਵੱਲੋਂ ਕਾਂਗਰਸੀ ਆਗੂ ਦੇ ਪੁੱਤ ਦੇ ਪੁਲੀਸ ਰਿਮਾਂਡ ’ਚ ਵਾਧਾ
ਮੁਲਜ਼ਮ ਦਮਨੀ ਦੀ ਮੰਗੇਤਰ ਨੂੰ ਗਲਤ ਮੈਸਿਜ ਭੇਜਦਾ ਸੀ ਜਿਗਰੀ ਦੋਸਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਇੱਥੋਂ ਦੇ ਨਜ਼ਦੀਕੀ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ (22) ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਦੀਪ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਦਮਨੀ ਵਾਸੀ ਪਿੰਡ ਮਨੌਲੀ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਮਨੀ ਨੂੰ ਫਿਰ ਤੋਂ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਨੂੰ ਸੋਮਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੁਲਜ਼ਮ ਨੌਜਵਾਨ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ, ਪ੍ਰੰਤੂ ਮੁਲਜ਼ਮ ਦੀ ਹਾਲੇ ਕਰੋਨਾ ਟੈੱਸਟ ਦੀ ਰਿਪੋਰਟ ਨਹੀਂ ਮਿਲੀ ਹੈ। ਦਮਨੀ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਨੌਜਵਾਨਾਂ ਵਿੱਚ ਝਗੜੇ ਦੀ ਰੰਜਸ਼ ਵਜ੍ਹਾ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਜ਼ਖ਼ਮੀ ਨੌਜਵਾਨ ਜਗਦੀਪ ਸਿੰਘ ਆਪਣੇ ਦੋਸਤ ਦਮਨੀ ਦੀ ਮੰਗੇਤਰ ਨੂੰ ਗਲਤ ਮੈਸਿਜ ਭੇਜਦਾ ਸੀ। ਇਹ ਸਿਲਸਿਲਾ ਕਾਫ਼ੀ ਸਮੇਂ ਤੋਂ ਜਾਰੀ ਸੀ। ਇਸ ਸਬੰਧੀ ਦਮਨੀ ਨੇ ਜਗਦੀਪ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਮੈਜਿਸ ਭੇਜਣ ਦਾ ਸਿਲਸਿਲਾ ਜਾਰੀ ਰਿਹਾ। ਜਿਸ ਕਾਰਨ ਦਮਨੀ ਨੇ ਗੁੱਸੇ ਵਿੱਚ ਆ ਕੇ ਪਿਛਲੇ ਦਿਨੀਂ ਆਪਣੇ ਜਿਗਰੀ ਦੋਸਤ ਨੂੰ ਦੇਰ ਰਾਤ ਘਰੋਂ ਬਾਹਰ ਸੱਦ ਕੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਉਸ ਦੀ ਪਿੱਠ ਅਤੇ ਛਾਤੀ ਵਿੱਚ ਦੋ ਗੋਲੀਆਂ ਦਾਗ ਦਿੱਤੀਆਂ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੀੜਤ ਨੌਜਵਾਨ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਹੈ। ਡਾਕਟਰਾਂ ਨੇ ਉਸ ਦੀ ਪਿੱਠ ਅਤੇ ਛਾਤੀ ਵਿੱਚ ਲੱਗੀਆਂ ਦੋਵੇਂ ਗੋਲੀਆਂ ਬਾਹਰ ਕੱਢ ਦਿੱਤੀਆਂ ਹਨ ਅਤੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਂਚ ਅਧਿਕਾਰੀ ਅਤੇ ਸਬ ਇੰਸਪੈਕਟਰ ਬਰਮਾ ਸਿੰਘ ਨੇ ਮੁਲਜ਼ਮ ਨੌਜਵਾਨ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ 12 ਬੋਰ ਦੀ ਦੋਲਾਨੀ ਬਰਾਮਦ ਕਰ ਲਈ ਹੈ ਪ੍ਰੰਤੂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਰੇਂਜ ਰੋਬਰ ਕਾਰ ਹਾਲੇ ਬਰਾਮਦ ਕਰਨੀ ਬਾਕੀ ਹੈ। ਦੂਜੇ ਪਾਸੇ ਬਚਾਅ ਪੱਖ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲੀਸ ਮੁਲਾਜ਼ਮ ਨੌਜਵਾਨ ਤੋਂ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਦਮਨੀ ਨੂੰ 22 ਜੂਨ ਤੱਕ ਮੁੜ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।