Share on Facebook Share on Twitter Share on Google+ Share on Pinterest Share on Linkedin ਮੁਹਾਲੀ ਅਦਾਲਤ ਵੱਲੋਂ ਸੁਰਿੰਦਰਪਾਲ ਪਹਿਲਵਾਨ, ਪਤਨੀ ਤੇ ਮਾਂ ਵਿਰੁੱਧ ਦੋਸ਼ ਤੈਅ ਮੁਲਜ਼ਮਾਂ ਨੇ ਆਮਦਨ ਨਾਲੋਂ 465 ਫੀਸਦੀ ਵੱਧ ਖ਼ਰਚਾ ਕੀਤਾ, ਨਾਮੀ ਤੇ ਬੇਨਾਮੀ ਜਾਇਦਾਦਾਂ ਬਣਾਉਣ ਦਾ ਵੀ ਲੱਗਿਆ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ: ਮੁਹਾਲੀ ਦੀ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗਮਾਡਾ ਦੇ ਸਾਬਕਾ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਅਤੇ ਉਸ ਦੀ ਪਤਨੀ ਸ੍ਰੀਮਤੀ ਮਨਦੀਪ ਕੌਰ ਅਤੇ ਮਾਂ ਸਵਰਨਜੀਤ ਕੌਰ ਦੇ ਖ਼ਿਲਾਫ਼ ਵੀ ਦੋਸ਼ ਤੈਅ ਕੀਤੇ ਹਨ। ਪੰਜਾਬ ਵਿਜੀਲੈਂਸ ਵੱਲੋਂ ਪਹਿਲਵਾਨ ਦੇ ਖ਼ਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਵੱਡੇ ਪੱਧਰ ’ਤੇ ਬੇਨਿਯਮੀਆਂ ਕਰਨ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਹੇਠ ਦੋ ਵੱਖੋ ਵੱਖਰੇ ਫੌਜਦਾਰੀ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ 8 ਨਵੰਬਰ 2017 ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਵੱਖਰਾ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਹੈ। ਬੀਤੇ ਦਿਨੀਂ ਦੋਸ਼ ਤੈਅ ਕਰਨ ਵੇਲੇ ਪਹਿਲਵਾਨ, ਉਸ ਦੀ ਪਤਨੀ ਅਤੇ ਮਾਂ ਅਦਾਲਤ ਵਿੱਚ ਹਾਜ਼ਰ ਸਨ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 30 ਅਗਸਤ ਦਾ ਦਿਨ ਨਿਰਧਾਰਿਤ ਕੀਤਾ ਹੈ। ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਸੁਰਿੰਦਰਪਾਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਾਲ 2005 ਤੋਂ 2017 ਤੱਕ ਦੀ ਆਮਦਨ ਅਤੇ ਖਰਚੇ ਦਾ ਮੁਕੰਮਲ ਚਾਰਟ ਤਿਆਰ ਕੀਤਾ ਗਿਆ। ਜਿਸ ਵਿੱਚ ਮੁਲਜ਼ਮ ਪਹਿਲਵਾਨ ਅਤੇ ਉਸ ਦੇ ਪਰਿਵਾਰ ਦੇ ਜੀਆ ਨੂੰ ਇਸ ਅਰਸੇ ਦੌਰਾਨ 5.24 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਹੀ ਨਹੀਂ ਇਸ ਪੀਰੀਅਡ ਦੌਰਾਨ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੋਰ ਖ਼ਰਚਿਆਂ ਸਮੇਤ ਚਲ ਅਤੇ ਅਚੱਲ ਜਾਇਦਾਦ ਖਰੀਦਣ ਲਈ 29.67 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ। ਜਿਸ ’ਚੋਂ 2.44 ਕਰੋੜ ਦੀ ਚਲ ਜਾਇਦਾਦ ਅਤੇ 26.68 ਕਰੋੜ ਦੀ ਅਚੱਲ ਜਾਇਦਾਦ ਬਣਾਈ ਗਈ ਹੈ। ਇਸ ਤੋਂ ਇਲਾਵਾ 53.46 ਲੱਖ ਰੁਪਏ ਘਰੇਲੂ ਅਤੇ ਹੋਰ ਖ਼ਰਚਿਆਂ ਵਿੱਚ ਵਰਤੇ ਜਾਣ ਬਾਰੇ ਖ਼ੁਲਾਸਾ ਹੋਇਆ ਹੈ। ਇਸ ਤਰ੍ਹਾਂ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਜਾਣੂ ਵਸੀਲਿਆਂ ਤੋਂ ਹਾਸਲ ਹੋਈ ਕੁੱਲ ਆਮਦਨ ਨਾਲੋਂ 24.43 ਕਰੋੜ ਰੁਪਏ ਦਾ ਵੱਧ ਖਰਚਾ ਪਾਇਆ ਗਿਆ। ਵਿਜੀਲੈਂਸ ਦੀ ਘੋਖ ਮੁਤਾਬਕ ਇਹ ਖਰਚਾ ਕੁੱਲ ਆਮਦਨ ਨਾਲੋਂ 465 ਫੀਸਦੀ ਵੱਧ ਬਣਦਾ ਹੈ। ਵਿਜੀਲੈਂਸ ਅਨੁਸਾਰ ਸੁਰਿੰਦਰਪਾਲ ਵੱਲੋਂ ਉਕਤ ਅਰਸੇ ਦੌਰਾਨ ਆਪਣੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਮ ’ਤੇ ਤਿੰਨ ਪ੍ਰਾਈਵੇਟ ਲਿਮਟਿਡ ਕੰਪਨੀਆਂ ਦਰਜ ਕਰਵਾਈਆਂ ਗਈਆਂ ਸਨ। ਜਿਨ੍ਹਾਂ ਵਿੱਚ ਅਸੈਸ ਐਗਰੋ ਸੀਡਜ਼ ਪ੍ਰਾਈਵੇਟ ਲਿਮਟਿਡ, ਐਵਾਰਡ ਐਗਰੋ ਟਰੇਡਰਜ਼ ਪ੍ਰਾਈਵੇਟ ਲਿਮਟਿਡ ਅਤੇ ਓਸਟਰ ਐਗਰੋ ਟਰੇਡਰਜ਼ ਪ੍ਰਾਈਵੇਟ ਲਿਮਟਿਡ ਕੰਪਨੀਆਂ ਵਿੱਚ 65.85 ਕਰੋੜ ਰੁਪਏ ਨਕਦ ਜਮਾ ਹੋਏ ਹਨ। ਇਸ ਰਾਸ਼ੀ ’ਚੋਂ ਉਨ੍ਹਾਂ ਵੱਲੋਂ ਕੁੱਲ ਕਰੀਬ 25.85 ਕਰੋੜ ਰੁਪਏ ਦੀ ਅਚੱਲ ਜਾਇਦਾਦਾਂ ਦੀ ਖਰੀਦ ਕੀਤੀ ਗਈ ਅਤੇ ਬਾਕੀ ਰਹਿੰਦੀ ਕੁੱਲ ਕਰੀਬ 40 ਕਰੋੜ ਰੁਪਏ ਦੀ ਰਕਮ ਖਾਤਿਆਂ ’ਚੋਂ ਕਢਵਾਈ ਗਈ। ਵਿਜੀਲੈਂਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਧਰ, ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਵੀ ਸਪੱਸ਼ਟ ਹੋਇਆ ਹੈ ਕਿ ਸੁਰਿੰਦਰਪਾਲ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਦਾ ਲੈਣ ਦੇਣ ਇੱਧਰ-ਉਧਰ ਕਰਕੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਟਰਾਂਸਫ਼ਰ ਕਰਕੇ ਆਪਣੇ ਪਰਿਵਾਰਕ ਮਂੈਬਰਾਂ ਦੇ ਨਾਮ ’ਤੇ ਮੌਜੂਦ ਕੰਪਨੀਆਂ ਵਿੱਚ ਨਿਵੇਸ਼ ਦਿਖਾ ਕੇ ਟਿਕਾਣੇ ਲਗਾਇਆ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ