Nabaz-e-punjab.com

ਮੁਹਾਲੀ ਅਦਾਲਤ ਵੱਲੋਂ ਗਾਇਕ ਐਲੀ ਮਾਂਗਟ ਤੇ ਸਾਥੀ ਵਾਲੀਆ ਦੀ ਜ਼ਮਾਨਤ ਮਨਜ਼ੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ:
ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਜਿੰਦਰ ਕੌਰ ਨੇ ਸੋਹਾਣਾ ਪੁਲੀਸ ਵੱਲੋਂ ਪੰਜਾਬੀ ਗੀਤ ਨੂੰ ਲੈ ਕੇ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਇਕ ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ਼ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਨੂੰ ਵੱਡੀ ਰਾਹਤ ਦਿੰਦਿਆਂ ਮੁਲਜ਼ਮਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਮਨਜ਼ੂਰ ਕਰ ਲਈਆਂ ਹਨ। ਬੀਤੀ 14 ਸਤੰਬਰ ਨੂੰ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਅਮਿਤ ਬਖ਼ਸ਼ੀ ਨੇ ਮੁਲਜ਼ਮ ਗਾਇਕ ਅਤੇ ਸਾਥੀ ਵਾਲੀਆ ਨੂੰ 14 ਦਿਨ ਦੀ ਨਿਆਇਕ ਹਿਰਾਸਤ ਅਧੀਨ 27 ਸਤੰਬਰ ਤੱਕ ਰੂਪਨਗਰ ਜੇਲ੍ਹ ਭੇਜ ਦਿੱਤਾ ਸੀ। ਇਸ ਸਮੇਂ ਦੋਵੇਂ ਜਣੇ ਜੇਲ੍ਹ ਵਿੱਚ ਹਨ।
ਜਾਣਕਾਰੀ ਅਨੁਸਾਰ ਗਾਇਕ ਐਲੀ ਮਾਂਗਟ ਅਤੇ ਹਰਦੀਪ ਸਿੰਘ ਵਾਲੀਆ ਨੇ ਆਪਣੇ ਵਕੀਲਾਂ ਜੀਪੀਐਸ ਘੁੰਮਣ ਅਤੇ ਜੀਐਸ ਘੁੰਮਣ ਰਾਹੀਂ ਮੁਹਾਲੀ ਅਦਾਲਤ ਵਿੱਚ ਵੱਖੋ ਵੱਖਰੀਆਂ ਅਰਜ਼ੀਆਂ ਦਾਇਰ ਕਰਕੇ ਜ਼ਮਾਨਤ ਦੇਣ ਦੀ ਗੁਹਾਰ ਲਗਾਈ ਗਈ ਸੀ। ਮੁਲਜ਼ਮਾਂ ਨੂੰ ਜ਼ਮਾਨਤ ਦੇਣ ਲਈ ਅੱਜ ਅਦਾਲਤ ਵਿੱਚ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਲਗਭਗ ਘੰਟਾ ਭਖਵੀਂ ਬਹਿਸ ਹੋਈ। ਬਚਾਅ ਪੱਖ ਦੇ ਵਕੀਲਾਂ ਨੇ ਸੋਹਾਣਾ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਗਾਇਕ ਐਲੀ ਮਾਂਗਟ ਤੇ ਸਾਥੀ ਵਿਰੁੱਧ ਕਿਸੇ ਤਰ੍ਹਾਂ ਨਾਲ ਧਾਰਾ 295ਏ ਦਾ ਜੁਰਮ ਨਹੀਂ ਬਣਦਾ ਹੈ ਅਤੇ ਬਾਕੀ ਸਾਰੀਆਂ ਧਰਾਵਾਂ ਜ਼ਮਾਨਤਯੋਗ ਹਨ। ਵਕੀਲਾਂ ਨੇ ਕਿਹਾ ਕਿ ਪੁਲੀਸ ਨੇ ਜਿਹੜੀ ਵੀਡੀਓ ਨੂੰ ਆਧਾਰ ਬਣਾ ਕੇ ਧਾਰਾ 295ਏ ਲਗਾਈ ਗਈ ਹੈ। ਪੁਲੀਸ ਨੇ ਉਸ ਦੀ ਸਚਾਈ ਜਾਣਨ ਲਈ ਜਾਂਚ ਹੀ ਨਹੀਂ ਕੀਤੀ ਹੈ ਅਤੇ ਨਾ ਹੀ ਪੁਲੀਸ ਫੋਰੈਂਸਿਕ ਰਿਪੋਰਟ ਹੀ ਪੇਸ਼ ਕਰ ਸਕੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗਾਇਕ ਐਲੀ ਮਾਂਗਟ ਅਤੇ ਹਰਦੀਪ ਵਾਲੀਆ ਦੀ ਜ਼ਮਾਨਤ ਦੀਆਂ ਅਰਜ਼ੀਆਂ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ।
(ਬਾਕਸ ਆਈਟਮ)
ਅਦਾਲਤੀ ਕਾਰਵਾਈ ਤੋਂ ਬਾਅਦ ਗਾਇਕ ਐਲੀ ਮਾਂਗਟ ਦੇ ਵਕੀਲਾਂ ਜੀਪੀਐਸ ਘੁੰਮਣ ਅਤੇ ਜੀਐਸ ਘੁੰਮਣ ਨੇ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਸੋਹਾਣਾ ਥਾਣੇ ਵਿੱਚ ਗਾਇਕ ਐਲੀ ਮਾਂਗਟ ਨਾਲ ਤਸ਼ੱਦਦ ਦੌਰਾਨ ਮਾੜਾ ਸਲੂਕ ਕੀਤੇ ਜਾਣ ਸਬੰਧੀ ਉਹ ਪੰਜਾਬ ਦੇ ਡੀਜੀਪੀ ਅਤੇ ਏਡੀਜੀਪੀ (ਕਰਾਈਮ) ਨੂੰ ਮਿਲਣਗੇ ਅਤੇ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਬੂਹਾ ਖੜਕਾਉਣਗੇ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਾਇਕ ਤੇ ਸਾਥੀ ਖ਼ਿਲਾਫ਼ ਦਰਜ ਝੂਠੇ ਕੇਸ ਨੂੰ ਖ਼ਤਮ ਕਰਨ ਲਈ ਵੀ ਮੰਗ ਕੀਤੀ ਜਾਵੇਗੀ। ਇਸ ਸਬੰਧੀ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…