Nabaz-e-punjab.com

ਖਾੜਕੂ ਗਤੀਵਿਧੀਆਂ: ਮੁਹਾਲੀ ਅਦਾਲਤ ਨੇ ਨੌਜਵਾਨ ਨੂੰ ਜੇਲ੍ਹ ਭੇਜਿਆ

ਸਪੈਸ਼ਲ ਅਪਰੇਸ਼ਨ ਸੈੱਲ ਦੀ ਜਾਂਚ ਟੀਮ ਨੂੰ ਨਹੀਂ ਮਿਲਿਆ ਪਿਸਤੌਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ:
ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਸਮਾਜ ਵਿਰੋਧੀ ਅਤੇ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਤਹਿਤ ਗ੍ਰਿਫ਼ਤਾਰ ਕੀਤੇ ਲਖਵੀਰ ਸਿੰਘ ਵਾਸੀ ਹੁਸ਼ਿਆਰਪੁਰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਦੁਬਾਰਾ ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਲਖਵੀਰ ਸਿੰਘ 14 ਦਿਨਾਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਵਿੱਚ ਨਾਮਜ਼ਦ ਸੁਰਿੰਦਰ ਕੌਰ ਵਾਸੀ ਫਰੀਦਕੋਟ ਨੂੰ ਬੀਤੇ ਦਿਨੀਂ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਕੇਸ ਦੀ ਅਗਲੀ ਸੁਣਵਾਈ 28 ਨਵੰਬਰ ਨੂੰ ਹੋਵੇਗੀ।
ਮੁਲਜ਼ਮਾਂ ’ਤੇ ਖਾੜਕੂ ਕਾਰਕੁਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਕਰਵਾਉਣ ਦਾ ਦੋਸ਼ ਹੈ। ਉਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੁਰਿੰਦਰ ਕੌਰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਦੀ ਨਰਸ ਹੈ ਜਦੋਂਕਿ ਲਖਵੀਰ ਦੁਬਈ ਵਿੱਚ ਟਰੱਕ ਡਰਾਈਵਰ ਹੈ। ਪਿਛਲੇ ਦਿਨੀਂ ਉਸ ਨੂੰ ਏਅਰਪੋਰਟ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਨਰਸ ਨੂੰ ਲੁਧਿਆਣਾ ’ਚੋਂ ਕਾਬੂ ਕੀਤਾ ਗਿਆ ਸੀ।
ਉਧਰ, ਸਪੈਸ਼ਲ ਅਪਰੇਸ਼ਨ ਸੈੱਲ ਦੀ ਜਾਂਚ ਟੀਮ ਨੂੰ ਮੁਲਜ਼ਮ ਦੇ ਘਰੋਂ ਕੋਈ ਪਿਸਤੌਲ ਜਾਂ ਕੋਈ ਹੋਰ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ। ਪੇਸ਼ੀ ਦੌਰਾਨ ਖ਼ੁਦ ਪੁਲੀਸ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੀ ਅਰਜ਼ੀ ਦਾਇਰ ਕੀਤੀ ਗਈ। ਜਿਸ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਕੋਲੋਂ ਲੋੜੀਂਦੀ ਪੁੱਛਗਿੱਛ ਕਰ ਲਈ ਗਈ ਹੈ। ਲਿਹਾਜ਼ਾ ਮੁਲਜ਼ਮ ਨੂੰ ਜੇਲ੍ਹ ਭੇਜਿਆ ਜਾਵੇ। ਇਸ ਤੋਂ ਪਹਿਲਾਂ ਪੁਲੀਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਲਖਵੀਰ ਨੇ ਸਿੱਖ ਰੈਜ਼ੀਮੈਂਟ ਨਾਂ ਦਾ ਸੋਸ਼ਲ ਮੀਡੀਆ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਵਿੱਚ ਪਾਕਿਸਤਾਨ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਕਈ ਹੋਰਨਾਂ ਮੁਲਕਾਂ ਦੇ ਲੋਕ ਵੀ ਸ਼ਾਮਲ ਹਨ। ਯੂਪੀ ਦੇ ਰਾਜ ਸਿੰਘ ਨਾਲ ਤਾਰ ਜੁੜੇ ਹੋਣ ਬਾਰੇ ਦੱਸਦਿਆਂ ਪੁਲੀਸ ਦਾ ਕਹਿਣਾ ਸੀ ਕਿ ਉਸ ਨੇ ਲਖਵੀਰ ਨੂੰ ਹੈਂਡ ਗਰਨੇਡ ਮੁਹੱਈਆ ਕਰਵਾਉਣਾ ਸੀ। ਪ੍ਰੰਤੂ ਪੁਲੀਸ ਰਿਮਾਂਡ ਦੌਰਾਨ ਪੁਲੀਸ ਹਥਿਆਰ ਜਾਂ ਕੋਈ ਹੋਰ ਚੀਜ਼ ਬਰਾਮਦ ਨਹੀਂ ਕਰ ਸਕੀ।
ਉਧਰ, ਬਚਾਅ ਪੱਖ ਦੇ ਵਕੀਲ ਚੰਦਰ ਸ਼ੇਖਰ ਬਾਵਾ ਨੇ ਮੁੜ ਦੁਹਰਾਇਆ ਕਿ ਪੁਲੀਸ ਉਸ ਦੇ ਮੁਵਕਿਲ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 9 ਦਿਨਾਂ ਤੋਂ ਲਖਵੀਰ ਪੁਲੀਸ ਦੀ ਹਿਰਾਸਤ ਵਿੱਚ ਸੀ ਪ੍ਰੰਤੂ ਹੁਣ ਤੱਕ ਪੁਲੀਸ ਕੁਝ ਵੀ ਬਰਾਮਦ ਨਹੀਂ ਕਰ ਸਕੀ। ਉਨ੍ਹਾਂ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿੱਖ ਰੈਜ਼ੀਮੈਂਟ ਗਰੁੱਪ ਦੀ ਗੱਲ ਹੈ, ਅਜਿਹੇ ਗਰੁੱਪ ਸੋਸ਼ਲ ਮੀਡੀਆ ’ਤੇ ਬਹੁਤ ਮਿਲ ਜਾਣਗੇ। ਜੇਕਰ ਕੋਈ ਸੋਸ਼ਲ ਮੀਡੀਆ ਗਰੁੱਪ ’ਤੇ ਕੁਮੈਂਟਸ ਕਰਦਾ ਹੈ ਤਾਂ ਉਸ ਨੂੰ ਆਧਾਰ ਬਣਾ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਹੈ। ਆਜ਼ਾਦ ਭਾਰਤ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਪੁਰਾ ਹੱਕ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…