Share on Facebook Share on Twitter Share on Google+ Share on Pinterest Share on Linkedin ਮੁਹਾਲੀ ਅਦਾਲਤ ਵੱਲੋਂ ਕਲੇਮ ਦੀ ਅਦਾਇਗੀ ਨਾ ਕਰਨ ’ਤੇ ਬੀਮਾ ਕੰਪਨੀ ਦੇ ਦਫ਼ਤਰ ਦੀ ਕੁਰਕੀ ਦੇ ਹੁਕਮ ਜਾਰੀ ਨੈਸ਼ਨਲ ਇੰਸ਼ੋਰੈਂਸ ਕੰਪਨੀ ਹਾਈ ਕੋਰਟ ਪੁੱਜੀ, ਮੋਟਰ ਸਾਈਕਲ ਚਾਲਕ ਦਾ ਡਰਾਈਵਿੰਗ ਲਾਇਸੈਂਸ ਜਾਅਲੀ ਸੀ: ਡੀਐਮ ਬੀਮਾ ਕੰਪਨੀ ਦੇ ਡਵੀਜ਼ਨਲ ਮੈਨੇਜਰ ਨੇ ਅਦਾਲਤ ਵਿੱਚ ਪੇਸ਼ ਹੋ ਕੇ ਤਾਜ਼ਾ ਹੁਕਮਾਂ ’ਤੇ ਮੁੜ ਗੌਰ ਕਰਨ ਲਈ ਅਰਜ਼ੀ ਦਿੱਤੀ ਮੁਹਾਲੀ ਅਦਾਲਤ ਨੇ ਫਾਈਲ ਮੰਗਵਾਈ, ਬੀਮਾ ਕੰਪਨੀ ਦੇ ਨੁਮਾਇੰਦਿਆਂ ਨੂੰ 19 ਅਕਤੂਬਰ ਨੂੰ ਮੁੜ ਸੱਦਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ: ਮੁਹਾਲੀ ਅਦਾਲਤ ਨੇ ਕਰੀਬ ਦੋ ਸਾਲ ਪੁਰਾਣੇ ਸੜਕ ਹਾਦਸੇ ਵਿੱਚ ਫੌਤ ਹੋਏ ਮ੍ਰਿਤਕ ਮੁਹੰਮਦ ਸ਼ੌਕੀਨ ਅਹਿਮਦ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਬਣਦੇ ਐਕਸੀਡੈਂਟ ਕਲੇਮ ਦੀ ਅਦਾਇਗੀ ਨਾ ਕਰਨ ਦੇ ਦੋਸ਼ ਵਿੱਚ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਫੇਜ਼-5 ਸਥਿਤ ਦਫ਼ਤਰੀ ਇਮਾਰਤ ਦੀ ਕੁਰਕੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕੰਪਨੀ ਦੇ ਦਫ਼ਤਰ ਦੇ 10 ਏਸੀ, 15 ਅਲਮਾਰੀਆਂ, 10 ਟੇਬਲ, 20 ਕੁਰਸੀਆਂ, 10 ਕੰਪਿਊਟਰ, 10 ਲੈਪਟਾਪ ਅਤੇ 10 ਪੱਖੇ ਜ਼ਬਤ ਕਰਨ ਦੀ ਹਦਾਇਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮੁਹੰਮਦ ਸ਼ੌਕੀਨ ਅਹਿਮਦ ਦੇ ਪਿਤਾ ਇਸਰਾਰ ਅਹਿਮਦ ਅਤੇ ਪਤਨੀ ਸ਼ੱਬੋ ਨੇ ਦੱਸਿਆ ਕਿ 14 ਜਨਵਰੀ 2017 ਨੂੰ ਮੋਟਰ ਸਾਈਕਲ ’ਤੇ ਬੱਦੀ ਤੋਂ ਵਾਪਸ ਆ ਰਹੇ ਮੁਹੰਮਦ ਸ਼ੌਕੀਨ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਮੋਟਰ ਸਾਈਕਲ ਦੇ ਪਿੱਛੇ ਬੈਠੇ ਸਨ ਅਤੇ ਸੜਕ ’ਤੇ ਅਚਾਨਕ ਕਿਸੇ ਜਾਨਵਰ ਦੇ ਆਉਣ ਨਾਲ ਮੋਟਰ ਸਾਈਕਲ ਦਾ ਸੰਤੁਲਨ ਖਰਾਬ ਹੋਣ ਕਾਰਨ ਇਹ ਹਾਦਸਾ ਵਾਪਰਿਆ ਸੀ। ਇਸ ਸਬੰਧੀ ਪਰਿਵਾਰ ਵੱਲੋਂ ਨੈਸ਼ਨਲ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਕੰਪਨੀ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਹੱਥ-ਪੱਲਾ ਨਾ ਫੜਾਉਣ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਪ੍ਰਾਪਤੀ ਲਈ ਅਦਾਲਤ ਦਾ ਬੂਹਾ ਖੜਕਾਇਆ ਸੀ। ਪੀੜਤ ਪਰਿਵਾਰ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਇੰਸੋਰੈਂਸ ਕੰਪਨੀ ਨੂੰ ਹੁਕਮ ਜਾਰੀ ਕੀਤੇ ਸਨ ਕਿ ਮ੍ਰਿਤਕ ਦੇ ਪਰਿਵਾਰ ਨੂੰ 16 ਲੱਖ 83 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਦਿੱਤਾ ਜਾਵੇ ਲੇਕਿਨ ਕੰਪਨੀ ਨੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਪੀੜਤ ਪਰਿਵਾਰ ਵੱਲੋਂ ਦੁਬਾਰਾ ਅਦਾਲਤ ਵਿੱਚ ਫ਼ਰਿਆਦ ਕੀਤੀ ਗਈ। ਜਿਸ ’ਤੇ ਜੱਜ ਨੇ ਹੁਕਮ ਜਾਰੀ ਕੀਤੇ ਕਿ ਕੰਪਨੀ ਤੋਂ ਬਣਦਾ ਮੁਆਵਜ਼ਾ ਵਿਆਜ ਸਮੇਤ 19 ਲੱਖ 12 ਹਜ਼ਾਰ 175 ਰੁਪਏ ਦੀ ਵਸੂਲੀ ਲਈ ਕੰਪਨੀ ਦੇ ਦਫ਼ਤਰ ਦੀ ਕੁਰਕੀ ਕਰਕੇ ਸਮਾਨ ਕਬਜ਼ੇ ਵਿੱਚ ਲਿਆ ਜਾਵੇ। ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ। ਇਸ ਦੌਰਾਨ ਅਦਾਲਤ ਵੱਲੋਂ ਨਿਯੁਕਤ ਬੇਲਿਫ ਅਸ਼ੋਕ ਕੁਮਾਰ ਅਤੇ ਪੀੜਤ ਪਰਿਵਾਰ ਅੱਜ ਬੀਮਾ ਕੰਪਨੀ ਦੇ ਦਫ਼ਤਰ ਦੀ ਕੁਰਕੀ ਲਈ ਪਹੁੰਚੇ ਪ੍ਰੰਤੂ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਅਦਾਲਤ ਦੇ ਬੇਲਿਫ਼ ਨੇ ਦੱਸਿਆ ਕਿ ਹੁਣ ਉਹ ਪੁਲੀਸ ਫੋਰਸ ਦੇ ਨਾਲ ਬੀਮਾ ਕੰਪਨੀ ਦੇ ਦਫ਼ਤਰ ਦੀ ਕੁਰਕੀ ਦੀ ਕਾਰਵਾਈ ਮੁਕੰਮਲ ਕਰਨਗੇ। (ਬਾਕਸ ਆਈਟਮ) ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਡਵੀਜ਼ਨਲ ਮੈਨੇਜਰ ਵਿਸ਼ਾਲ ਸਚਦੇਵਾ ਨੇ ਕੰਪਨੀ ਦਾ ਪੱਖ ਰੱਖਦਿਆਂ ਕਿਹਾ ਕਿ ਹਾਦਸਾਗ੍ਰਸਤ ਮੋਟਰ ਸਾਈਕਲ ਨੂੰ ਚਲਾਉਣ ਵਾਲੇ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਜਾਅਲੀ ਸੀ। ਉਨ੍ਹਾਂ ਕਿਹਾ ਕਿ ਲਾਇਸੈਂਸ ਜਾਅਲੀ ਹੋਣ ਕਾਰਨ ਪੀੜਤ ਪਰਿਵਾਰ ਐਕਸੀਡੈਂਟ ਕਲੇਮ ਲੈਣ ਦਾ ਹੱਕਦਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਮਾ ਕੰਪਨੀ ਵੱਲੋਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਪਟੀਸ਼ਨ ’ਤੇ 18 ਨਵੰਬਰ ਨੂੰ ਸੁਣਵਾਈ ਹੋਣੀ ਹੈ। ਲੇਕਿਨ ਇਸ ਤੋਂ ਪਹਿਲਾਂ ਪੀੜਤ ਪਰਿਵਾਰ ਨੇ ਮੁਹਾਲੀ ਅਦਾਲਤ ਵਿੱਚ ਦੁਬਾਰਾ ਅਰਜ਼ੀ ਦਾਇਰ ਕਰ ਦਿੱਤੀ ਅਤੇ ਹੇਠਲੀ ਅਦਾਲਤ ਨੂੰ ਹਾਈ ਕੋਰਟ ਵਿੱਚ ਕੇਸ ਵਿਚਾਰ ਅਧੀਨ ਹੋਣ ਬਾਰੇ ਜਾਣਕਾਰੀ ਛੁਪਾਈ ਗਈ। ਸ੍ਰੀ ਸਚਦੇਵਾ ਨੇ ਦੱਸਿਆ ਕਿ ਅੱਜ ਉਹ ਨਿੱਜੀ ਤੌਰ ’ਤੇ ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ ਅਤੇ ਅਦਾਲਤ ਨੂੰ ਦਫ਼ਤਰ ਦੀ ਕੁਰਕੀ ਕਰਨ ਦਾ ਤਾਜ਼ਾ ਫੈਸਲਾ ਵਾਪਸ ਲੈਣ ਦੀ ਗੁਹਾਰ ਲਗਾਉਂਦਿਆਂ ਹਾਈ ਕੋਰਟ ਵਿੱਚ ਪੈਂਡਿੰਗ ਕੇਸ ਬਾਰੇ ਦੱਸਿਆ ਗਿਆ। ਉਨ੍ਹਾਂ ਹੇਠਲੀ ਅਦਾਲਤ ਤੋਂ ਮੰਗ ਕੀਤੀ ਕਿ ਹਾਈ ਕੋਰਟ ਦਾ ਫੈਸਲਾ ਆਉਣ ਤੱਕ ਕੁਰਕੀ ਦੇ ਹੁਕਮਾਂ ’ਤੇ ਰੋਕ ਲਗਾਈ ਜਾਵੇ। ਕੰਪਨੀ ਦਾ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਸਬੰਧਤ ਫਾਈਲ ਆਪਣੇ ਕੋਲ ਮੰਗਵਾਈ ਗਈ ਅਤੇ ਕੰਪਨੀ ਅਧਿਕਾਰੀਆਂ ਨੂੰ ਭਲਕੇ 19 ਅਕਤੂਬਰ ਨੂੰ ਮੁੜ ਸੱਦਿਆ ਹੈ। ਕੰਪਨੀ ਨੇ ਭਰੋਸਾ ਦਿੱਤਾ ਕਿ ਹਾਈ ਕੋਰਟ ਦੇ ਹੁਕਮ ਇੰਨਬਿੰਨ ਲਾਗੂ ਕੀਤੇ ਜਾਣਗੇ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਪੀੜਤ ਪਰਿਵਾਰ ਨੇ ਅੱਜ ਅਤੇ ਬੀਤੇ ਦਿਨੀਂ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਪਹੁੰਚ ਕੇ ਦਫ਼ਤਰੀ ਮਾਹੌਲ ਨੂੰ ਖ਼ਰਾਬ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ