nabaz-e-punjab.com

ਪਾਦਰੀ ਕੇਸ: ਮੁਹਾਲੀ ਅਦਾਲਤ ਵੱਲੋਂ ਦੋਵੇਂ ਥਾਣੇਦਾਰਾਂ ਦੇ ਪੁਲੀਸ ਰਿਮਾਂਡ ’ਚ 5 ਦਿਨ ਦਾ ਹੋਰ ਵਾਧਾ, ਬਾਕੀ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਜਲੰਧਰ ਦੇ ਪਾਦਰੀ ਦੀ 6.66 ਕਰੋੜ ਰੁਪਏ ਦੀ ਰਾਸ਼ੀ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੋਵੇਂ ਥਾਣੇਦਾਰਾਂ ਏਐਸਆਈ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਅਤੇ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਚਾਚਾ ਸਹੁਰਾ ਹੌਲਦਾਰ ਅਮਰੀਕ ਸਿੰਘ ਸਮੇਤ ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ ਅਤੇ ਦਵਿੰਦਰ ਸਿੰਘ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਥਾਣੇਦਾਰਾਂ ਨੂੰ ਮੁੜ ਤੋਂ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਬਾਕੀ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ।
ਇਸ ਸਬੰਧੀ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਉਕਤ ਥਾਣੇਦਾਰਾਂ ਸਮੇਤ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਦੇ ਖ਼ਿਲਾਫ਼ ਧਾਰਾ 406, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਅਦ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 392 ਜੋੜ ਕੇ ਡਕੈਤੀ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਹੁਣ ਮਾਮਲੇ ਵਿੱਚ ਏਐਸਆਈ ਦਿਲਬਾਗ ਸਿੰਘ ਸਮੇਤ ਸੰਗਰੂਰ ਅਤੇ ਪਟਿਆਲਾ ਤੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਥਾਣੇਦਾਰ ਦਿਲਬਾਗ ਸਿੰਘ ਅਤੇ ਮੁਖ਼ਬਰ ਸੁਰਿੰਦਰ ਸਿੰਘ ਪਹਿਲਾਂ ਹੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ।
ਅੱਜ ਅਦਾਲਤ ਵਿੱਚ ਪੇਸ਼ ਹੋਏ ਸਰਕਾਰੀ ਵਕੀਲ ਅਤੇ ਜਾਂਚ ਅਧਿਕਾਰੀ ਨੇ ਮੁਲਜ਼ਮਾਂ ਥਾਣੇਦਾਰਾਂ ਅਤੇ ਬਾਕੀ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਕੋਲੋਂ ਪਾਦਰੀ ਮਾਮਲੇ ਵਿੱਚ ਹੋਰ ਪੁੱਛਗਿੱਛ ਕਰਨੀ ਅਤੇ ਪਾਦਰੀ ਦ ਖੁਰਦ ਬੁਰਦ ਕੀਤੀ ਰਾਸ਼ੀ ਬਰਾਮਦ ਕੀਤੀ ਜਾਣੀ ਬਾਕੀ ਹੈ। ਮੁਲਜ਼ਮਾਂ ਕੋਲੋਂ ਇਹ ਵੀ ਪਤਾ ਹੈ ਕਿ ਇਸ ਮਾਮਲੇ ਵਿੱਚ ਹੋਰ ਕੌਣ ਕੌਣ ਸ਼ਾਮਲ ਹਨ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਏਐਸਆਈ ਜੋਗਿੰਦਰ ਸਿੰਘ ਵੱਲੋਂ ਆਪਣੇ ਘਰ ਦੇ ਨੇੜੇ ਖਾਲੀ ਪਲਾਟ ਵਿੱਚ ਦੱਬੇ 1.10 ਕਰੋੜ ਰੁਪਏ ਅਤੇ ਸਾਥੀ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਪੁਰਾਣੇ ਘਰ ਜੋ ਉਸ ਨੇ ਕਿਰਾਏ ’ਤੇ ਦਿੱਤਾ ਹੋਇਆ ਹੈ, ’ਚੋਂ 1 ਕਰੋੜ ਬਰਾਮਦ ਕੀਤੇ ਗਏ ਹਨ ਅਤੇ ਹੁਣ ਤੱਕ ਕਰੀਬ 4.5 ਕਰੋੜ ਰਾਸ਼ੀ ਬਰਾਮਦ ਕੀਤੇ ਜਾ ਚੁੱਕੇ ਹਨ।
ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਸਟੇਟ ਕਰਾਈਮ ਵਿੰਗ ਦੀ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਦੋਵੇਂ ਥਾਣੇਦਾਰ ਅਤੇ ਬਾਕੀ ਮੁਲਜ਼ਮ ਪਿਛਲੇ 5 ਦਿਨਾਂ ਤੋਂ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਜਾਂਚ ਟੀਮ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਲਿਹਾਜ਼ਾ ਹੁਣ ਹੋਰ ਪੁਲੀਸ ਰਿਮਾਂਡ ਦੀ ਕੋਈ ਲੋੜ ਨਹੀਂ ਹੈ। ਵਕੀਲਾਂ ਨੇ ਕਿਹਾ ਕਿ ਦੋਵੇਂ ਥਾਣੇਦਾਰ ਪਟਿਆਲਾ ਵਿੱਚ ਤਾਇਨਾਤ ਸਨ, ਉਹ ਕਿਵੇਂ ਜਲੰਧਰ ਵਿੱਚ ਜਾ ਕੇ ਪਾਦਰੀ ਦੇ ਘਰ ਛਾਪੇਮਾਰੀ ਕਰ ਸਕਦੇ ਹਨ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਵੇਂ ਥਾਣੇਦਾਰਾਂ ਏਐਸਆਈ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਨੂੰ ਦੁਬਾਰਾ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਚਾਚਾ ਸਹੁਰਾ ਹੌਲਦਾਰ ਅਮਰੀਕ ਸਿੰਘ ਸਮੇਤ ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ ਅਤੇ ਦਵਿੰਦਰ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…