nabaz-e-punjab.com

ਮੁਹਾਲੀ ਅਦਾਲਤ ਵਿੱਚ ਕੈਦੀ ਨੇ ਬਾਥਰੂਮ ਵਿੱਚ ਪਤਨੀ ਨਾਲ ਰਚਾਈ ਪ੍ਰੇਮ ਲੀਲਾ?

ਪੁਲੀਸ ਦੀ ਪਹਿਰੇਦਾਰੀ ਵਿੱਚ ਮਿਲੀਭੁਗਤ ਨਾਲ ਹੋਇਆ ਲੇਡੀ ਬਾਥਰੂਮ ਵਿੱਚ ਡਰਾਮਾ

ਅਦਾਲਤ ਦੀ ਮਹਿਲਾ ਮੁਲਾਜ਼ਮ ਵੱਲੋਂ ਕੁੰਡੀ ਖੁਲ੍ਹਵਾਉਣ ’ਤੇ ਲੇਡੀ ਬਾਥਰੂਮ ’ਚੋਂ ਨਿਕਲੇ ਪਤੀ ਪਤਨੀ

ਜ਼ਿਲ੍ਹਾ ਪੁਲੀਸ ਮੁਖੀ ਨੇ ਡੀਐਸਪੀ (ਐਚ) ਨੂੰ ਸੌਂਪੀ ਮਾਮਲੇ ਦੀ ਜਾਂਚ, ਜਾਂਚ ਅਧਿਕਾਰੀ ਨੇ ਕਿਹਾ ਮਾਮਲਾ ਧਿਆਨ ’ਚ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਇੱਥੋਂ ਦੇ ਸੈਕਟਰ-76 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਲੇਡੀਜ਼ ਬਾਥਰੂਮ ਵਿੱਚ ਪੇਸ਼ੀ ਭੁਗਤਣ ਆਏ ਇੱਕ ਕੈਦੀ ਵੱਲੋਂ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਪ੍ਰੇਮ ਲੀਲਾ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰਾ ਕੁਝ ਪੁਲੀਸ ਦੀ ਪਹਿਰੇਦਾਰੀ ਵਿੱਚ ਗਾਰਦ ਦੀ ਮਿਲੀਭੁਗਤ ਨਾਲ ਹੋਇਆ। ਇਸ ਘਟਨਾ ਤੋਂ ਬਾਅਦ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ੀ ’ਤੇ ਲਿਆਉਣ ਅਤੇ ਬਖ਼ਸ਼ੀਖਾਨੇ ਵਿੱਚ ਬੰਦ ਕਰਨ ਤੋਂ ਲੈ ਕੇ ਵਾਪਸ ਜੇਲ੍ਹ ਲਿਜਾਉਣ ਤੱਕ ਚੌਕਸੀ ਵਧਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਅਪਰਾਧਿਕ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੂੰ ਬੀਤੇ ਦਿਨੀਂ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ। ਜੇਲ੍ਹ ਵਾਹਨ ’ਚੋਂ ਉਤਾਰ ਕੇ ਕੈਦੀ ਨੂੰ ਅਦਾਲਤ ਦੇ ਅੰਦਰ ਬਣੇ ਬਖਸ਼ੀਖਾਨੇ ਵਿੱਚ ਰੱਖਿਆ ਗਿਆ ਸੀ। ਉੱਥੇ ਹੋਰ ਵੀ ਕੈਦੀ ਪੇਸ਼ੀ ਭੁਗਤਣ ਲਈ ਆਏ ਹੋਏ ਸੀ। ਇਸ ਦੌਰਾਨ ਕੈਦੀ ਦੀ ਪਤਨੀ ਨੇ ਪੁਲੀਸ ਦੀ ਇਜਾਜ਼ਤ ਨਾਲ ਆਪਣੇ ਪਤੀ ਨਾਲ ਮੁਲਾਕਾਤ ਕੀਤੀ। ਉੱਥੇ ਉਨ੍ਹਾਂ ਨੇ ਆਪਸ ਵਿੱਚ ਕੁੱਟ ਗਿੱਟ ਮਿੱਟ ਕਰਨ ਮਗਰੋਂ ਕੈਦੀ ਦੀ ਪਤਨੀ ਬਾਥਰੂਮ ਵਿੱਚ ਚਲੀ ਗਈ। ਥੋੜ੍ਹੀ ਦੇਰ ਬਾਅਦ ਹੀ ਕੈਦੀ ਨੇ ਵੀ ਬਾਥਰੂਮ ਜਾਣ ਦੀ ਇੱਛਾ ਪ੍ਰਗਟ ਕੀਤੀ। ਇਸ ਤਰ੍ਹਾਂ ਇੱਕ ਪੁਲੀਸ ਮੁਲਾਜ਼ਮ ਕੈਦੀ ਨੂੰ ਬਖਸ਼ੀਖਾਨੇ ’ਚੋਂ ਬਾਹਰ ਕੱਢ ਕੇ ਬਾਥਰੂਮ ਤੱਕ ਲੈ ਕੇ ਗਿਆ। ਹਾਲਾਂਕਿ ਸਿਪਾਹੀ ਖ਼ੁਦ ਬਾਥਰੂਮ ਦੇ ਬਾਹਰ ਖੜਾ ਸੀ ਲੇਕਿਨ ਕੈਦੀ ਪੁਰਸ਼ ਬਾਥਰੂਮ ਜਾਣ ਦੀ ਬਜਾਏ ਮਹਿਲਾ ਬਾਥਰੂਮ ਵਿੱਚ ਚਲਾ ਗਿਆ। ਜਿੱਥੇ ਉਸ ਦੀ ਪਤਨੀ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਦੱਸਿਆ ਗਿਆ ਹੈ ਕਿ ਪਤੀ ਪਤਨੀ ਬਾਥਰੂਮ ਵਿੱਚ ਕਥਿਤ ਤੌਰ ’ਤੇ ਪ੍ਰੇਮ ਲੀਲਾ ਰਚਾ ਰਹੇ ਸੀ।
ਇਸ ਗੱਲ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਅਦਾਲਤ ਦੀ ਇੱਕ ਮਹਿਲਾ ਮੁਲਾਜ਼ਮ ਵੀ ਬਾਥਰੂਮ ਲਈ ਉੱਥੇ ਪਹੁੰਚ ਗਈ। ਉਸ ਨੇ ਦੇਖਿਆ ਕਿ ਲੇਡੀ ਬਾਥਰੂਮ ਦੀ ਅੰਦਰੋਂ ਕੁੰਡੀ ਬੰਦ ਸੀ। ਮਹਿਲਾ ਮੁਲਾਜ਼ਮ ਨੇ ਬੂਹਾ ਖੜਕਾ ਕੇ ਜਿਵੇਂ ਹੀ ਕੁੰਡੀ ਖੁੱਲ੍ਹਵਾਈ ਤਾਂ ਬਾਥਰੂਮ ’ਚੋਂ ਪਹਿਲਾਂ ਕੈਦੀ ਦੀ ਪਤਨੀ ਬਾਹਰ ਆਈ ਅਤੇ ਜਦੋਂ ਉਹ (ਅਦਾਲਤ ਦੀ ਮਹਿਲਾ ਮੁਲਾਜ਼ਮ) ਬਾਥਰੂਮ ਦੇ ਅੰਦਰ ਜਾਣ ਲੱਗੀ ਤਾਂ ਅੰਦਰ ਕੈਦੀ ਨੂੰ ਦੇਖ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮਹਿਲਾ ਮੁਲਾਜ਼ਮ ਨੇ ਇਹ ਸਾਰੀ ਗੱਲ ਜੱਜ ਨੂੰ ਦੱਸੀ। ਇਸ ਤੋਂ ਬਾਅਦ ਸਮੁੱਚੇ ਅਦਾਲਤ ਕੰਪਲੈਕਸ ਵਿੱਚ ਕੈਦੀ ਅਤੇ ਉਸ ਦੀ ਪਤਨੀ ਦਾ ਲੇਡੀ ਬਾਥਰੂਮ ਵਿੱਚ ਇਕੱਠੇ ਹੋਣ ਦਾ ਰੌਲਾ ਪੈ ਗਿਆ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤਨ ਆਏ ਕੈਦੀ ਨੂੰ ਪੁਲੀਸ ਮੁਲਾਜ਼ਮ ਵੱਲੋਂ ਉਸ ਦੀ ਪਤਨੀ ਨਾਲ ਮਿਲਾਉਣ ਬਾਰੇ ਰਿਪੋਰਟ ਮਿਲੀ ਹੈ। ਉਨ੍ਹਾਂ ਦੱਸਿਆ ਕਿ ਡੀਐਸਪੀ (ਐਚ) ਅਮਰੋਜ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ ਅਤੇ ਪੜਤਾਲੀਆਂ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਫ਼ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ, ਦੂਜੇ ਪਾਸੇ ਜਾਂਚ ਅਧਿਕਾਰੀ ਡੀਐਸਪੀ ਅਮਰੋਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਨੌ ਕੁਮੈਟਸ ਕਹਿ ਕੇ ਫੋਨ ਕੱਟ ਦਿੱਤਾ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…