nabaz-e-punjab.com

ਮੁਹਾਲੀ ਅਦਾਲਤ ਵੱਲੋਂ ਠੇਕੇਦਾਰ ਗੁਰਮੇਸ਼ ਸਿੰਘ ਗਿੱਲ ਦੀ ਜ਼ਮਾਨਤ ਦੀ ਅਰਜ਼ੀ ਰੱਦ

ਵਿਜੀਲੈਂਸ ਮੁਤਾਬਕ ਮੁਲਜ਼ਮ ਗਿੱਲ ਹੈ ਸਾਬਕਾ ਐਸਈ ਸੁਰਿੰਦਰਪਾਲ ਸਿੰਘ ਦਾ ਬੇਹੱਦ ਕਰੀਬੀ ਸਾਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 20 ਜੁਲਾਈ:
ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਵਿਸ਼ੇਸ਼ ਅਦਾਲਤ ਨੇ ਏਕ ਓਂਕਾਰ ਬਿਲਡਰਜ਼ ਐਂਡ ਕਾਨਟਰੈਕਟਰਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕ ਗੁਰਮੇਸ਼ ਸਿੰਘ ਗਿੱਲ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ। ਇਹ ਚਰਚਿਤ ਠੇਕੇਦਾਰ ਗਮਾਡਾ ਦੇ ਨਿਗਰਾਨ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਦਾ ਬੇਹੱਦ ਕਰੀਬੀ ਹੈ ਜਿਸ ਨੂੰ ਉਹ ਆਪਣੀ ਤਾਇਨਾਤੀ ਦੌਰਾਨ ਵੱਡੇ-ਵੱਡੇ ਠੇਕੇ ਅਲਾਟ ਕਰਕੇ ਨਿੱਜੀ ਲਾਭ ਪਹੁੰਚਾਉਂਦਾ ਰਿਹਾ ਹੈ।
ਅੱਜ ਸ਼ਾਮੀ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਪਹਿਲਾਂ ਹੀ ਐਸ.ਈ. ਸੁਰਿੰਦਰਪਾਲ ਸਿੰਘ ਅਤੇ ਗੁਰਮੇਸ਼ ਸਿੰਘ ਗਿੱਲ ਵਗੈਰਾ ਖਿਲਾਫ ਮੁਕੱਦਮਾ ਨੰਬਰ 6 ਮਿਤੀ 8-6-2017 ਨੂੰ ਆਈਪੀਸੀ ਦੀ ਧਾਰਾ 420,506,120 (ਬੀ) ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਅਤੇ 13 (2) ਤਹਿਤ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1, ਥਾਣਾ ਐਸ.ਏ.ਐਸ. ਨਗਰ ਵਿੱਚ ਮੁਕੱਦਮਾ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਸੁਰਿੰਦਰਪਾਲ ਸਿੰਘ, ਜੋ ਇਸ ਸਮੇਂ ਜੇਲ੍ਹ ਵਿਚ ਬੰਦ ਹੈ, ਦੇ ਇਸ ਚਰਚਿਤ ਠੇਕੇਦਾਰ ਨਾਲ ਬਹੁਤ ਨੇੜਲੇ ਸਬੰਧ ਸਨ ਕਿਉਂਕਿ ਜਦੋਂ ਸੁਰਿੰਦਰਪਾਲ ਸਿੰਘ ਲੁਧਿਆਣਾ ਵਿਖੇ ਮੰਡੀ ਬੋਰਡ ਵਿਚ ਤਾਇਨਾਤ ਸੀ ਤਾਂ ਉਸ ਵੇਲੇ ਗੁਰਮੇਸ਼ ਸਿੰਘ ਗਿੱਲ ਉਸ ਦੇ ਮਾਤਹਿਤ ਜੇ.ਈ. ਵਜੋਂ ਕੰਮ ਕਰਦਾ ਸੀ।
ਗੁਰਮੇਸ਼ ਸਿੰਘ ਨੇ ਸ਼ੁਰੂ ਵਿਚ ਮੈਸਰਜ਼ ਰੁਪਿੰਦਰ ਸਿੰਘ ਕਾਂਟਰੈਕਟਰਜ਼ ਨਾਮ ਦੀ ਨਿਰਮਾਣ ਕੰਪਨੀ ਬਣਾਈ ਸੀ ਪਰ ਆਪਣੀ ਸੇਵਾ ਮੁਕਤੀ ਪਿੱਛੋਂ ਉਸ ਨੇ ਇਸ ਫਰਮ ਨੂੰ ਏਕ ਓਂਕਾਰ ਬਿਲਡਰਜ਼ ਵਿਚ ਰਲਾ ਲਿਆ। ਸੁਰਿੰਦਰਪਾਲ ਜਿਥੇ ਵੀ ਤਾਇਨਾਤ ਰਿਹਾ ਉਹ ਆਪਣੀ ਇਸ ਚਹੇਤੀ ਕੰਪਨੀ ਨੂੰ ਠੇਕੇ ਅਲਾਟ ਕਰਦਾ ਰਿਹਾ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੁਰਿੰਦਰਪਾਲ ਨੇ ਇਸ ਫਰਮ ਨੂੰ ਵੱਖ-ਵੱਖ ਸਮੇਂ ’ਤੇ 230 ਕਰੋੜ ਰੁਪਏ ਦੇ ਵੱਖ-ਵੱਖ ਕੰਮ ਅਲਾਟ ਕੀਤੇ ਜਿਸ ਦੇ ਇਵਜ਼ ਵਿਚ ਗੁਰਮੇਸ਼ ਸਿੰਘ ਨੇ ਦੋਸ਼ੀ ਨਿਗਰਾਨ ਇੰਜੀਨੀਅਰ ਨੂੰ ਵਿੱਤੀ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਵਿਚ ਮੱਦਦ ਕੀਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਸੁਰਿੰਦਰਪਾਲ ਨੇ ਗੁਰਮੇਸ਼ ਸਿੰਘ ਗਿੱਲ ਦੀ ਇਸ ਛੋਟੀ ਜਿਹੀ ਫਰਮ ਨੂੰ ਦਰਜਾ ਇਕ ਨਿਰਮਾਣ ਕੰਪਨੀ ਵਜੋਂ ਸੂਚੀਦਰਜ ਕਰਵਾਇਆ ਅਤੇ ਹਜਾਰਾਂ ਕਰੋੜਾਂ ਦੇ ਟੈਂਡਰ ਅਲਾਟ ਕੀਤੇ ਜਦੋਂ ਕਿ ਇਸ ਕੰਪਨੀ ਦੀ ਟੈਂਡਰ ਲਿਮਟ ਸਿਰਫ 5 ਕਰੋੜ ਰੁਪਏ ਹੀ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਬਤੌਰ ਪ੍ਰਮੋਟਰ-ਡਾਇਰੈਕਟਰ ਲੁਧਿਆਣਾ ਨਿਵਾਸੀ ਗਰਮੇਸ਼ ਸਿੰਘ ਗਿੱਲ ਨੇ ਵੱਖ-ਵੱਖ ਜਗ੍ਹਾ ’ਤੇ ਏਕ ਓਂਕਾਰ ਕੰਪਨੀ ਜ਼ਰੀਏ ਕਰੋੜਾਂ ਰੁਪਏ ਦੀ ਜ਼ਮੀਨ ਖਰੀਦੀ ਅਤੇ ਆਪਣੀ ਇਸ ਕੰਪਨੀ ਰਾਹੀਂ ਪੈਸਾ ਸੁਰਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਵਾਂ ਹੇਠ ਖੋਲੀਆਂ ਫਰਮਾਂ ਦੇ ਖਾਤਿਆਂ ਵਿਚ ਤਬਦੀਲ ਕਰਦਾ ਰਿਹਾ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…