nabaz-e-punjab.com

ਡਕੈਤੀ ਮਾਮਲਾ: ਮੁਹਾਲੀ ਅਦਾਲਤ ਵੱਲੋਂ ਬੱਬੂ ਕੰਗ ਤੇ ਸਾਥੀ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਚਾਰ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਸੀ ਲੁੱਟ ਦੀ 26 ਲੱਖ ਦੀ ਰਾਸ਼ੀ

1 ਸਵਿੱਫ਼ਟ ਕਾਰ, ਦੋ ਮੋਬਾਈਲ ਤੇ 1 ਖਿਡੌਣਾ ਪਿਸਤੌਲ ਵੀ ਕੀਤੀ ਸੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਮੁਹਾਲੀ ਅਦਾਲਤ ਨੇ ਪਿੰਡ ਪੀਰ-ਮੁਛੱਲਾ ਡਕੈਤੀ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵਾਸੀ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਅਤੇ ਮੁਲਜ਼ਮ ਵਿਸ਼ੂ ਸ਼ਰਮਾ ਵਾਸੀ ਰਾਮਾ ਮੰਡੀ ਦੀ ਪੇਸ਼ਗੀ ਜ਼ਮਾਨਤ ਦੀਆਂ ਅਰਜ਼ੀਆਂ ਮੁੱਢੋਂ ਰੱਦ ਕਰ ਦਿੱਤੀਆਂ ਹਨ। ਇਸ ਮਾਮਲੇ ਵਿੱਚ ਬੱਬੂ ਕੰਗ ਦੇ ਚਚੇਰੇ ਭਰਾ ਹਰਮਨ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮ ਬੱਬੂ ਕੰਗ ਅਤੇ ਵਿਸ਼ੂ ਸ਼ਰਮਾ ਨੇ ਬੀਤੇ ਦਿਨੀਂ ਆਪਣੇ ਵਕੀਲ ਰਾਹੀਂ ਮੁਹਾਲੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਜਿਨ੍ਹਾਂ ’ਤੇ ਅੱਜ ਸੁਣਵਾਈ ਹੋਈ। ਮੱੁਦਈ ਧਿਰ ਵੱਲੋਂ ਸੀਨੀਅਰ ਵਕੀਲ ਐਚਐਸ ਧਨੋਆ ਅਤੇ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਪੇਸ਼ ਹੋਏ।
ਪੀੜਤ ਪਰਿਵਾਰ ਦੇ ਵਕੀਲ ਐਚਐਸ ਧਨੋਆ ਅਤੇ ਉਪ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ 2 ਮਈ 2019 ਨੂੰ ਪਿੰਡ ਪੀਰਮੁਛੱਲਾ ਵਿੱਚ ਵਿਕਟੋਰੀਆ ਹਾਈਟਸ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਨੇ ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਪਿਸਤੌਲ ਤਾਣ ਲਈ ਅਤੇ ਅੌਰਤ ਸਮੇਤ ਬੱਚਿਆਂ ਨੂੰ ਉਨ੍ਹਾਂ ਦੇ ਮੂੰਹ ’ਤੇ ਟੇਪ ਲਗਾ ਕੇ ਇਕ ਕਮਰੇ ਵਿੱਚ ਬੰਦ ਕਰ ਕੇ ਅਲਮਾਰੀ ਅਤੇ ਬਾਕਸ ’ਚੋਂ ਨਕਦੀ, ਸੋਨਾ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਜੀਨੂੰ ਵਰਮਾ ਪਤਨੀ ਰਾਕੇਸ਼ ਵਰਮਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਢਕੌਲੀ ਥਾਣੇ ਵਿੱਚ ਧਾਰਾ 382\34 ਕੇਸ ਦਰਜ ਕੀਤਾ ਗਿਆ ਸੀ। ਬੱਬੂ ਕੰਗ ਦੇ ਖ਼ਿਲਾਫ਼ ਡੱਬਵਾਲੀ ਸਦਰ ਥਾਣਾ ਵਿੱਚ ਵੀ ਕਤਲ ਦਾ ਕੇਸ ਦਰਜ ਹੈ। ਜਦੋਂਕਿ ਉਸ ਦੇ ਚਚੇਰੇ ਭਰਾ ਹਰਮਨ ਦੇ ਖ਼ਿਲਾਫ਼ ਸ਼ਰਾਬ ਤਸਕਰੀ ਅਤੇ ਐਨਡੀਪੀਐਸ ਐਕਟ ਪਹਿਲਾਂ ਵੀ ਦੋ ਵੱਖਰੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਅਦਾਲਤ ਨੇ ਬੀਤੀ 7 ਮਾਰਚ ਨੂੰ ਮੁਲਜ਼ਮ ਬੱਬੂ ਕੰਗ ਅਤੇ ਵਿਸ਼ੂ ਸ਼ਰਮਾ ਦੇ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਅਦਾਲਤ ਵਿੱਚ ਚੱਲ ਰਹੀ ਹੈ। ਲਿਹਾਜ਼ਾ ਮੁਲਜ਼ਮਾਂ ਨੂੰ ਕਿਸੇ ਵੀ ਸੂਰਤ ਵਿੱਚ ਜ਼ਮਾਨਤ ਨਾ ਦਿੱਤੀ ਜਾਵੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਸ਼ੁੱਕਰਵਾਰ ਸ਼ਾਮ ਨੂੰ ਦੋਵੇਂ ਮੁਲਜ਼ਮਾਂ ਦੀਆਂ ਪੇਸ਼ਗੀ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ 2 ਜੁਲਾਈ 2019 ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਦੇ ਤਤਕਾਲੀ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਮੁਲਜ਼ਮ ਹਰਮਨ ਸਿੰਘ ਵਾਸੀ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ) ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਦੇ ਚਚੇਰੇ ਭਰਾ ਜਗਮੀਤ ਸਿੰਘ ਉਰਫ਼ ਬੱਬੂ ਕੰਗ ਨੇ ਸਾਜ਼ਿਸ਼ ਰਚੀ ਸੀ। ਜਿਸ ਦੀ ਪੀੜਤ ਅੌਰਤ ਦੇ ਪਤੀ ਰਾਕੇਸ਼ ਵਰਮਾ ਨਾਲ ਕਿਸੇ ਦੋਸਤ ਰਾਹੀਂ ਜਾਣ-ਪਛਾਣ ਸੀ। ਇਨ੍ਹਾਂ ਦਾ ਕਾਫੀ ਉਠਣਾ-ਬੈਠਣਾ ਸੀ। ਬੱਬੂ ਕੰਗ ਨੂੰ ਇਸ ਗੱਲ ਦਾ ਪਤਾ ਸੀ ਕਿ ਪੀੜਤ ਦੇ ਘਰ ਨਗਦੀ ਅਤੇ ਸੋਨਾ ਪਿਆ ਹੁੰਦਾ ਹੈ। ਉਸ ਨੇ ਆਪਣੇ ਚਾਚੇ ਦੇ ਲੜਕੇ ਹਰਮਨ ਸਿੰਘ, ਸੁਖਦੇਵ ਸਿੰਘ ਉਰਫ਼ ਤੇਜੀ ਅਤੇ ਗੁਰਸੇਵਕ ਸਿੰਘ ਉਰਫ਼ ਸੇਵਾ ਵਾਸੀ ਪਿੰਡ ਚੰਨੂੰ, ਸੁਖਪ੍ਰੀਤ ਸਿੰਘ ਉਰਫ਼ ਸੁੱਖੂ ਵਾਸੀ ਪਿੰਡ ਫਤਿਹਪੁਰ ਮਨੀਆਂ, ਵਿਸ਼ੂ ਸ਼ਰਮਾ ਵਾਸੀ ਰਾਮਾ ਮੰਡੀ ਨਾਲ ਮਿਲ ਕੇ ਉਕਤ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਡਕੈਤੀ ਦੀ ਵਾਰਦਾਤ ਲਈ ਵਰਤੀ ਗਈ ਏਸੈਂਟ ਕਾਰ ’ਤੇ ਜਾਅਲੀ ਨੰਬਰ ਲਗਾਇਆ ਗਿਆ ਸੀ। ਇਹ ਨੰਬਰ ਕੈਂਟਰ ਦਾ ਹੈ ਜੋ 25 ਮਈ 2017 ਨੂੰ ਐਨਡੀਪੀਐਸ ਐਕਟ ਤਹਿਤ ਜ਼ਿਲ੍ਹਾ ਬਠਿੰਡਾ ਪੁਲੀਸ ਵੱਲੋਂ ਕਬਜ਼ੇ ਵਿੱਚ ਲਿਆ ਹੋਇਆ ਹੈ ਅਤੇ ਇਸ ਸਮੇਂ ਥਾਣਾ ਸੰਗਤ ਵਿੱਚ ਖੜਾ ਹੈ। ਏਸੈਂਟ ਕਾਰ ਬੱਬੂ ਕੰਗ ਦੇ ਦੋਸਤ ਪਾਰਥ ਬਖ਼ਸ਼ੀ ਉਰਫ਼ ਟਾਈਸਨ ਵਾਸੀ ਪੀਰਮੁਛੱਲਾ ਦੀ ਹੈ। ਮੁਲਜ਼ਮਾਂ ਕੋਲੋਂ ਬਰਾਮਦ ਸਵਿੱਫ਼ਟ ਕਾਰ ਡਕੈਤੀ ਦੇ ਪੈਸਿਆਂ ’ਚੋਂ ਖਰੀਦੀ ਸੀ। ਇਸ ਮਾਮਲੇ ਵਿੱਚ ਪਹਿਲਾਂ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਲੁੱਟ ਦੇ 26 ਲੱਖ ਅਤੇ ਖਿਡੌਣਾ ਪਿਸਤੌਲ ਬਰਾਮਦ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…