Share on Facebook Share on Twitter Share on Google+ Share on Pinterest Share on Linkedin ਮੁਹਾਲੀ ਅਦਾਲਤ ਵੱਲੋਂ ਡੀਐਸਪੀ ਅਤੁਲ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਡੀਐਸਪੀ ਦੀ ਪਤਨੀ ਵੀ ਹੋਈ ਅਦਾਲਤ ’ਚ ਪੇਸ਼, ਕਿਹਾ ਮਾਮੂਲੀ ਘਰੇਲੂ ਝਗੜਾ ਹੋਇਆ ਸੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ: ਮੁਹਾਲੀ ਵਿੱਚ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਡੀਐਸਪੀ ਅਤੁਲ ਸੋਨੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਅਦਾਲਤ ਨੇ ਡੀਐਸਪੀ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਸੁਣਵਾਈ ਦੌਰਾਨ ਡੀਐਸਪੀ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਵੀ ਅਦਾਲਤ ਵਿੱਚ ਪੇਸ਼ ਹੋਈ ਅਤੇ ਅਦਾਲਤ ਨੂੰ ਦੱਸਿਆ ਕਿ ਏਡੀ ਵੱਡੀ ਗੱਲ ਨਹੀਂ ਸੀ, ਉਨ੍ਹਾਂ ਵਿੱਚ ਸਿਰਫ਼ ਘਰੇਲੂ ਮਾਮੂਲੀ ਝਗੜਾ ਹੋਇਆ ਸੀ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਡੀਐਸਪੀ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਵਕੀਲ ਨੇ ਕਿਹਾ ਕਿ ਜਦੋਂ ਪੀੜਤ ਪਤਨੀ ਖ਼ੁਦ ਹਲਫ਼ਨਾਮਾ ਦੇ ਕੇ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਡੀਐਸਪੀ ਨੇ ਉਸ ’ਤੇ ਫਾਇਰਿੰਗ ਨਹੀਂ ਕੀਤੀ ਸੀ। ਸਿਰਫ਼ ਮਾਮੂਲੀ ਝਗੜਾ ਹੋਇਆ ਸੀ। ਇਸ ਦੇ ਬਾਵਜੂਦ ਪੁਲੀਸ ਐਫ਼ਆਈਆਰ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਉਧਰ, ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਹੋਈ ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਡੀਐਸਪੀ ਸੋਨੀ ਖ਼ਿਲਾਫ਼ ਸੰਗੀਨ ਜੁਰਮ ਹੈ ਅਤੇ ਉਨ੍ਹਾਂ ਦੇ ਘਰੋਂ ਮਿਲਿਆ ਪਿਸਤੌਲ ਵੀ ਨਾਜਾਇਜ਼ ਅਸਲਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੀਐਸਪੀ ਸੋਨੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਉਧਰ, ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਡੀਐਸਪੀ ਅਤੁਲ ਸੋਨੀ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਅਤੇ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਚੱਲ ਰਹੇ ਹਨ। ਪੁਲੀਸ ਅਧਿਕਾਰੀ ਦੀ ਪਤਨੀ ਨੂੰ ਵੀ ਥਾਣੇ ਪਹੁੰਚ ਕੇ ਬਿਆਨ ਦਰਜ ਕਰਵਾਉਣ ਲਈ ਸੰਮਨ ਭੇਜਿਆ ਗਿਆ ਸੀ ਲੇਕਿਨ ਹੁਣ ਤੱਕ ਉਹ ਵੀ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਨਹੀਂ ਆਏ ਹਨ। ਇਸ ਸਬੰਧੀ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਐਸਪੀ ਸੋਨੀ ਦੇ ਖ਼ਿਲਾਫ਼ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਸਾਰੀਆਂ ਧਾਰਾਵਾਂ ਥਾਣੇ ਵਿੱਚ ਜ਼ਮਾਨਤਯੋਗ ਨਹੀਂ ਹਨ। ਡੀਐਸਪੀ ਦੇ ਘਰੋਂ ਬਰਾਮਦ ਹੋਏ ਕਥਿਤ ਨਾਜਾਇਜ਼ ਅਸਲੇ ਬਾਰੇ ਵੀ ਪੁੱਛਗਿੱਛ ਕਰਨੀ ਹੈ। ਥਾਣਾ ਮੁਖੀ ਸ਼ਿਵਦੀਪ ਸਿੰਘ ਬਰਾੜ ਦਾ ਕਹਿਣਾ ਹੈ ਡੀਐਸਪੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਹੈ। ਡੀਐਸਪੀ ਦੇ ਦੋਸਤਾਂ ਸਮੇਤ ਉਸ ਦੇ ਫੇਸਬੁੱਕ ਅਕਾਉਂਟ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇਸ ਬਹੁ ਚਰਚਿਤ ਮਾਮਲੇ ਬਾਰੇ ਮੁੱਖ ਮੰਤਰੀ ਅਤੇ ਡੀਜੀਪੀ ਸਮੇਤ ਡੀਐਸਪੀ ਦੀ ਪੀਏਪੀ ਬਟਾਲੀਅਨ ਨੂੰ ਇਤਲਾਹ ਭੇਜੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ