
ਮੁਹਾਲੀ ਅਦਾਲਤ ਨੇ ਧਰਮਸੋਤ ਤੇ ਦੋਵੇਂ ਦਲਾਲਾਂ ਨੂੰ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਵਿਜੀਲੈਂਸ ਵੱਲੋਂ ਸ਼ਾਮ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਓਐਸਡੀ ਚਮਕੌਰ ਸਿੰਘ ਅਤੇ ਪੱਤਰਕਾਰ ਕਮਲਜੀਤ ਸਿੰਘ ਖੰਨਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮਾਂ ਨੂੰ 10 ਜੂਨ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਨੂੰ ਕਿਹਾ ਹੈ।
ਵਿਜੀਲੈਂਸ ਨੇ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸਾਬਕਾ ਮੰਤਰੀ ਧਰਮਸੋਤ ਆਪਣੇ ਓਐਸਡੀ ਅਤੇ ਪੱਤਰਕਾਰ ਕਮਲਜੀਤ ਸਿੰਘ ਰਾਹੀਂ ਰਿਸ਼ਵਤ ਦੀ ਉਗਰਾਹੀ ਕਰਦਾ ਸੀ। ਇਸ ਗੋਰਖ-ਧੰਦੇ ਵਿੱਚ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਲ ਹਨ। ਵਿਜੀਲੈਂਸ ਅਨੁਸਾਰ ਓਐਸਡੀ ਅਤੇ ਪੱਤਰਕਾਰ ਰਾਹੀਂ ਧਰਮਸੋਤ ਜ਼ਿਲ੍ਹਾ ਜੰਗਲਾਤ ਅਫ਼ਸਰ ਦੀ ਬਦਲੀ ਲਈ 10 ਤੋਂ 20 ਲੱਖ ਰੁਪਏ, ਰੇਂਜ ਅਫ਼ਸਰ ਦੀ ਬਦਲੀ ਲਈ 5 ਤੋਂ 8 ਲੱਖ, ਬਲਾਕ ਅਫ਼ਸਰ ਤੇ ਵਣ ਗਾਰਡ ਲਈ 2 ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੀ। ਇਸ ਤੋਂ ਇਲਾਵਾ ਧਰਮਸੋਤ ਨੇ ਜੰਗਲਾਤ ਮੰਤਰੀ ਵਜੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਪੱਤਰਕਾਰ ਰਾਹੀਂ ਖੈਰ ਦੇ ਰੁੱਖਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ ਦੇ ਬਦਲੇ ਇੱਕ ਕਰੋੜ ਰੁਪਏ ਲਏ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਿਤ ਚੌਹਾਨ ਰੂਪਨਗਰ ਵਿਖੇ ਡੀਐਫ਼ਓ ਦੇ ਕਾਰਜਕਾਲ ਦੌਰਾਨ ਸ਼ਾਮਲਾਤ ਜ਼ਮੀਨਾਂ ਵਿੱਚ ਖੜੇ ਦਰੱਖਤਾਂ ਦੀ ਗਿਣਤੀ ਘੱਟ ਦਿਖਾਉਂਦੇ ਸਨ ਅਤੇ ਬਾਕੀ ਦਰਖਤਾਂ ਦੀ ਕਟਾਈ ਦੀ ਰਕਮ ਠੇਕੇਦਾਰਾਂ ਨਾਲ ਸਾਂਝੀ ਕਰਦੇ ਸਨ, ਜਿਸ ਨਾਲ ਪੰਚਾਇਤੀ ਫੰਡਾਂ ਨੂੰ ਵੱਡੇ ਪੱਧਰ ’ਤੇ ਖੋਰਾ ਲੱਗਿਆ ਹੈ। ਇਹੀ ਨਹੀਂ ਉਹ ਮੰਤਰੀ ਦੇ ਹੱਥ ਠੋਕੇ ਬਣੇ ਪੱਤਰਕਾਰ ਨੂੰ ਵੀ ਨਾਜਾਇਜ਼ ਮਾਈਨਿੰਗ ਕਰਵਾਉਣ ਲਈ ਖੁੱਲ੍ਹ ਦਿੰਦਾ ਸੀ। ਇਸ ਤੋਂ ਇਲਾਵਾ ਧਰਮਸੋਤ ਆਪਣੇ ਇਨ੍ਹਾਂ ਦੋਵੇਂ ਦਲਾਲਾਂ ਰਾਹੀਂ ਜੰਗਲਾਤ ਜ਼ਮੀਨਾਂ ’ਚੋਂ ਲਾਂਘੇ ਬਦਲੇ ਐੱਨਓਸੀ ਜਾਰੀ ਕਰਨ ਲਈ ਕਲੋਨਾਈਜਰਾਂ, ਨਵੇਂ ਬਣੇ ਫਿਲਿੰਗ ਸਟੇਸ਼ਨਾਂ, ਨਵੇਂ ਪ੍ਰਾਜੈਕਟਾਂ ਦੇ ਮਾਲਕਾਂ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਰਿਸ਼ਵਤ ਲੈਂਦਾ ਸੀ।
ਵਿਜੀਲੈਂਸ ਅਨੁਸਾਰ ਠੇਕੇਦਾਰ ਨੇ ਦੂਜੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਮੁਹਾਲੀ ਨੇੜਲੇ ਪਿੰਡ ਨਾਡਾ ਵਿੱਚ ਖੈਰ ਦੇ ਦਰਖ਼ਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਵਾਉਣ ਲਈ ਪੀਏ ਕੁਲਵਿੰਦਰ ਸਿੰਘ ਰਾਹੀਂ 5 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਉਸ ਨੇ ਰੇਂਜ ਅਫ਼ਸਰ, ਬਲਾਕ ਅਫ਼ਸਰ ਅਤੇ ਵਣ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ। ਗਿਲਜੀਆਂ ਨੇ ਆਪਣੇ ਕਾਰਜਕਾਲ ਦੌਰਾਨ ਠੇਕੇਦਾਰ ਹਰਮੋਹਿੰਦਰ ਦੀ ਪੰਜਾਬ ਦੇ ਡੀਐਫਓਜ ਨਾਲ ਮੀਟਿੰਗ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਪੌਦਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡਾਂ ਦੀ ਖਰੀਦ ਸਿਰਫ਼ ਸਚਿਨ ਕੁਮਾਰ ਤੋਂ ਹੀ ਕੀਤੀ ਜਾਵੇਗੀ। ਇੱਕ ਟ੍ਰੀ-ਗਾਰਡ ਦੀ ਕੀਮਤ 2800 ਸੀ, ਜਿਸ ’ਚੋਂ ਗਿਲਜੀਆਂ ਦਾ ਹਿੱਸਾ ਰਿਸ਼ਵਤ ਵਜੋਂ 800 ਪ੍ਰਤੀ ਰੁੱਖ ਸੀ। ਉਸ ਸਮੇਂ ਕੁੱਲ 80 ਹਜ਼ਾਰ ਟਰੀ-ਗਾਰਡ ਖਰੀਦੇ ਗਏ ਸਨ ਅਤੇ ਗਿਲਜੀਆਂ ਨੇ 6,40,00,000 ਰੁਪਏ ਰਿਸ਼ਵਤ ਵਜੋਂ ਇਕੱਠੇ ਕੀਤੇ ਸਨ।
ਵਿਜੀਲੈਂਸ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁਹਾਲੀ ਦੇ ਜੰਗਲਾਤ ਅਧਿਕਾਰੀ ਰਿਸ਼ਵਤ ਬਦਲੇ ਜ਼ਿਲ੍ਹੇ ਦੀਆਂ ਪਹਾੜੀਆਂ ਦੇ ਕੁਦਰਤੀ ਰਸਤੇ ਨੂੰ ਪੱਧਰ ਕਰਵਾ ਦਿੰਦੇ ਸਨ। ਕੁਝ ਸਮਾਂ ਪਹਿਲਾਂ ਮੁਹਾਲੀ ਦੇ ਪਿੰਡ ਨਾਡਾ ਵਿੱਚ ਵਣ ਗਾਰਡ ਦਿਲਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੱਕੀ ਸੜਕ ਬਣਾਉਣ ਲਈ ਪਹਾੜੀ ਖੇਤਰ ਨੂੰ ਪੱਧਰ ਕੀਤਾ ਗਿਆ ਸੀ। ਗਿਲਜੀਆਂ ਦੇ ਕਾਰਜਕਾਲ ਦੌਰਾਨ ਅਮਿਤ ਚੌਹਾਨ ਨੂੰ ਡੀਐਫ਼ਓ ਰੂਪਨਗਰ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਬੇਲਾ ਨੇੜਲੇ ਪਿੰਡ ਜ਼ਿੰਦਾ ਵਿੱਚ 486 ਏਕੜ ਜ਼ਮੀਨ ’ਚੋਂ ਇੱਕ ਮਹੀਨੇ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਗਈ। ਪਿੰਡ ਵਿੱਚ ਕਰੀਬ 50 ਫੁੱਟ ਡੂੰਘੇ ਟੋਏ ਪੁੱਟ ਦਿੱਤੇ ਗਏ। ਸਰਪੰਚਾਂ ਦੀ ਮਿਲੀਭੁਗਤ ਨਾਲ 40/50 ਕਰੋੜ ਰੁਪਏ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਸੀ।
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਕਈ ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਸ਼ਾਮ ਨੂੰ ਮੁਹਾਲੀ ਵਿਜੀਲੈਂਸ ਥਾਣੇ ਦੇ ਬਾਹਰ ਪਹੁੰਚੇ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਵਿਜੀਲੈਂਸ ਦੀ ਜਾਂਚ ਨੇ ਉਨ੍ਹਾਂ ਨੂੰ ਧਰਮਸੋਤ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਖ਼ਬਰ ਲਿਖੇ ਜਾਣ ਤੱਕ ਬਾਜਵਾ, ਵੜਿੰਗ ਅਤੇ ਹੋਰ ਆਗੂ ਵਿਜੀਲੈਂਸ ਦਫ਼ਤਰ ਵਿੱਚ ਪਹੁੰਚ ਸਨ ਅਤੇ ਧਰਮਸੋਤ ਨੂੰ ਮਿਲਣ ਲਈ ਯਤਨ ਕੀਤੇ ਜਾ ਰਹੇ ਹਨ।