nabaz-e-punjab.com

ਜੰਗਲਾਤ ਵਿਭਾਗ ਭ੍ਰਿਸ਼ਟਾਚਾਰ: ਮੁਹਾਲੀ ਅਦਾਲਤ ਵੱਲੋਂ ਗਿਲਜ਼ੀਆਂ ਦੇ ਭਤੀਜੇ ਦਾ 17 ਜੁਲਾਈ ਤੱਕ ਪੁਲੀਸ ਰਿਮਾਂਡ

ਪੈਸਿਆਂ ਦੇ ਲੈਣ-ਦੇਣ ਲਈ ਉੱਚ ਅਫ਼ਸਰਾਂ ਤੇ ਠੇਕੇਦਾਰਾਂ ਨਾਲ ਵਟਸਐਪ ’ਤੇ ਚੈਟ ਕਰਦਾ ਸੀ ਮੁਲਜ਼ਮ

ਦਲਜੀਤ ਦੀ ਪ੍ਰਾਈਵੇਟ ਮਰਸੀਡੀਜ਼ ਕਾਰ ਦੇ ਸ਼ੀਸੇ ’ਤੇ ਲੱਗਾ ਹੋਇਆ ਸੀ ਐਮਐਲਏ ਦਾ ਸਟਿੱਕਰ

ਵਿਜੀਲੈਂਸ ਨੇ ਘਰ ਦੀ ਤਲਾਸ਼ੀ ਦੌਰਾਨ ਲੈਪਟਾਪ, ਪੈੱਨ ਡਰਾਈਵ ਤੇ ਕੁੱਝ ਹੋਰ ਦਸਤਾਵੇਜ਼ ਕਬਜ਼ੇ ’ਚ ਲਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਪਿਛਲੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 17 ਜੁਲਾਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਲਜੀਤ ਨੂੰ ਸਾਬਕਾ ਮੰਤਰੀ ਗਿਲਜ਼ੀਆਂ ਖ਼ਿਲਾਫ਼ ਦਰਜ ਰਿਸ਼ਵਤਖ਼ੋਰੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵਿਜੀਲੈਂਸ ਦੀ ਜਾਂਚ ਟੀਮ ਵੱਲੋਂ ਦਲਜੀਤ ਗਿਲਜ਼ੀਆਂ ਦੇ ਘਰ ਦੀ ਸਰਚ ਕੀਤੀ ਗਈ। ਮੁਲਜ਼ਮ ਦੇ ਘਰ ’ਚੋਂ ਵਿਜੀਲੈਂਸ ਨੇ ਇੱਕ ਲੈਪਟਾਪ, ਪੈਨ ਡਰਾਈਵ ਅਤੇ ਕੁੱਝ ਅਹਿਮ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ ਹਨ। ਘਰ ਦੀ ਤਲਾਸ਼ੀ ਦੌਰਾਨ ਦਲਜੀਤ ਦੇ ਘਰ ਖੜੀ ਮਿਲੀ ਮਰਸੀਡੀਜ਼ ਕਾਰ ਦੇ ਅਗਲੇ ਸ਼ੀਸ਼ੇ ਉੱਤੇ ਐਮਐਲਏ ਦਾ ਸਟਿੱਕਰ ਲੱਗਾ ਹੋਇਆ ਸੀ। ਜਦੋਂਕਿ ਉਹ ਨਾ ਤਾਂ ਮੌਜੂਦਾ ਵਿਧਾਇਕ ਹੈ ਅਤੇ ਨਾ ਹੀ ਸਾਬਕਾ ਵਿਧਾਇਕ ਹੈ। ਮੁਲਜ਼ਮ ਦੀ ਕਾਰ ’ਤੇ ਵੀਆਈਪੀ ਸਟਿੱਕਰ ਲੱਗਿਆ ਹੋਣ ਕਾਰਨ ਉਹ ਪੰਜਾਬ ਸਿਵਲ ਸਕੱਤਰੇਤ ਅਤੇ ਪੰਜਾਬ ਵਿਧਾਨ ਸਭਾ ਵਿੱਚ ਬੜੀ ਆਸਾਨੀ ਨਾਲ ਆਉਂਦਾ ਜਾਂਦਾ ਸੀ ਅਤੇ ਨਵਾਬੀ ਠਾਠ ਨਾਲ ਰਹਿੰਦਾ ਸੀ।
ਵਿਜੀਲੈਂਸ ਅਨੁਸਾਰ ਦਲਜੀਤ, ਠੇਕੇਦਾਰਾਂ ਤੋਂ ਪੈਸਿਆਂ ਦੀ ਵਸੂਲੀ ਲਈ ਦਲਾਲੀ ਦਾ ਕੰਮ ਕਰਦਾ ਸੀ ਅਤੇ ਉੱਚ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਪੈਸਿਆਂ ਦੇ ਲੈਣ-ਦੇਣ ਲਈ ਹਮੇਸ਼ਾ ਵਸਟਐਪ ’ਤੇ ਚੈਟ ਕਰਦਾ ਸੀ। ਇਸ ਤੋਂ ਇਲਾਵਾ ਜੰਗਲਾਤ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡਾਂ ਦੀ ਖ਼ਰੀਦ, ਖੈਰ ਦੇ ਦਰਖ਼ਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨਾ, ਹਾਈਵੇਅ ਨੇੜੇ ਵਪਾਰਕ ਅਦਾਰਿਆਂ ਲਈ ਸੜਕਾਂ ਬਣਾਉਣ ਲਈ ਐਨਓਸੀ ਸਰਟੀਫਿਕੇਟ ਜਾਰੀ ਕਰਨ ਸਮੇਤ ਵਿਭਾਗੀ ਕੰਮਾਂ ਵਿੱਚ ਰਿਸ਼ਵਤਖ਼ੋਰੀ ਤੇ ਭ੍ਰਿਸ਼ਟਾਚਾਰ ਕਰਨ ਵਿੱਚ ਵੀ ਉਸਦੀ ਸ਼ਮੂਲੀਅਤ ਸੀ।
ਦਲਜੀਤ ’ਤੇ ਆਪਣੇ ਰਿਸ਼ਤੇਦਾਰ ਮੰਤਰੀ ਦੀ ਤਰਫ਼ੋਂ ਸਰਕਾਰੀ ਅਤੇ ਗੈਰ-ਸਰਕਾਰੀ ਮਾਮਲਿਆਂ ਵਿੱਚ ਸਿੱਧੇ ਤੌਰ ’ਤੇ ਦਖ਼ਲ ਦੇਣ ਦਾ ਦੋਸ਼ ਹੈ। ਉਹ ਆਪਣੇ ਨਿੱਜੀ ਹਿੱਤਾਂ ਲਈ ਵੀ ਅਫ਼ਸਰਾਂ ਨੂੰ ਸਿੱਧੇ ਤੌਰ ’ਤੇ ਹਦਾਇਤਾਂ ਜਾਰੀ ਕਰਦਾ ਸੀ। ਵਿਜੀਲੈਂਸ ਅਨੁਸਾਰ ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਵੀ ਦਲਜੀਤ ਗਿਲਜ਼ੀਆਂ ਹੋਰਨਾਂ ਕਥਿਤ ਸ਼ੱਕੀ ਵਿਅਕਤੀਆਂ/ਮੁਲਜ਼ਮਾਂ/ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਹ ਉਨ੍ਹਾਂ ਨੂੰ ਹਦਾਇਤਾਂ ਦੇ ਰਿਹਾ ਸੀ। ਜਿਸ ਨਾਲ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਰਹੀ ਸੀ। ਜਾਂਚ ਦੌਰਾਨ ਦਲਜੀਤ ਦੀ ਸ਼ਮੂਲੀਅਤ ਹੋਣ ਦੇ ਸਬੂਤ ਹੱਥ ਲੱਗਣ ਤੋਂ ਬਾਅਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
(ਬਾਕਸ ਆਈਟਮ)
ਸੰਗਤ ਸਿੰਘ ਗਿਲਜ਼ੀਆਂ ਨੇ ਸਤੰਬਰ 2021 ਵਿੱਚ ਜੰਗਲਾਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੰਗਲਾਤ ਵਿਭਾਗ ਵਿੱਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਅਤੇ ਗਬਨ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਦੀ ਬਜਾਏ ਖ਼ੁਦ ਵੀ ਮਲਾਈ ਖਾਣ ਲੱਗ ਪਿਆ। ਵਿਜੀਲੈਂਸ ਨੇ ਉਪਰੋਕਤ ਕਥਿਤ ਦੋਸ਼ਾਂ ਦੀ ਜਾਂਚ ਦੌਰਾਨ ਜ਼ੁਬਾਨੀ ਸਬੂਤਾਂ ਸਮੇਤ ਦਸਤਾਵੇਜ਼ੀ ਅਤੇ ਤਕਨੀਕੀ ਸਬੂਤ ਹਾਸਲ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਨੇ ਵਿਜੀਲੈਂਸ ਕੋਲ ਕਬੂਲ ਕੀਤਾ ਸੀ ਕਿ ਉਸ ਨੇ ਮੁਹਾਲੀ ਨੇੜਲੇ ਪਿੰਡ ਨਾਡਾ ਵਿੱਚ ਖੈਰ ਦੇ ਦਰਖ਼ਤ ਕੱਟਣ ਦਾ ਪਰਮਿਟ ਜਾਰੀ ਕਰਨ ਬਦਲੇ ਗਿਲਜ਼ੀਆਂ ਦੇ ਪੀਏ ਕੁਲਵਿੰਦਰ ਸਿੰਘ ਰਾਹੀਂ 5 ਲੱਖ ਦੀ ਰਿਸ਼ਵਤ ਸਾਬਕਾ ਮੰਤਰੀ ਗਿਲਜ਼ੀਆਂ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਉਸ ਨੇ ਵਿਭਾਗ ਦੇ ਰੇਂਜ ਅਫ਼ਸਰ, ਬਲਾਕ ਅਫ਼ਸਰ ਅਤੇ ਗਾਰਡਾਂ ਨੂੰ ਵੀ ਰਿਸ਼ਵਤ ਦਿੱਤੀ ਸੀ।
(ਬਾਕਸ ਆਈਟਮ)
ਵਿਜੀਲੈਂਸ ਵੱਲੋਂ ਜੰਗਲਾਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੁਣ ਤੱਕ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਉਸ ਦੇ ਓਐਸਡੀ ਚਹਮਕੌਰ ਸਿੰਘ, ਮੀਡੀਆ ਸਲਾਹਕਾਰ ਕਮਲਜੀਤ ਸਿੰਘ ਖੰਨਾ, ਡੀਐਫ਼ਓ ਗੁਰਅਮਨਪ੍ਰੀਤ ਸਿੰਘ ਬੈਂਸ, ਠੇਕੇਦਾਰ ਹਰਮੋਹਿੰਦਰ ਸਿੰਘ, ਵਣ ਮੰਡਲ ਅਫ਼ਸਰ ਅਮਿਤ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਮੇਂ ਉਕਤ ਸਾਰੇ ਮੁਲਜ਼ਮ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ ਜਦੋਂਕਿ ਸੰਗਤ ਸਿੰਘ ਗਿਲਜ਼ੀਆਂ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਬੀਤੇ ਦਿਨੀਂ ਮੁਹਾਲੀ ਅਦਾਲਤ ਵੱਲੋਂ ਗਿਲਜ਼ੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦੇਣ ਤੋਂ ਬਾਅਦ ਵਿਜੀਲੈਂਸ ਨੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਹੈ ਅਤੇ ਦਲਜੀਤ ਤੋਂ ਗਿਲਜ਼ੀਆਂ ਦੇ ਟਿਕਾਣੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …