nabaz-e-punjab.com

ਮੁਹਾਲੀ ਅਦਾਲਤ ਨੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ:
ਵਿਜੀਲੈਂਸ ਬਿਊਰੋ ਪੰਜਾਬ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਜਾਂਚ ਅਧਿਕਾਰੀ ਡੀਐਸਪੀ ਵਰਿੰਦਰ ਗਿੱਲ ਨਾਲ ਕਥਿਤ ਧੱਕਾਮੁੱਕੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਇੱਕ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ, ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਸਬੰਧੀ ਖ਼ੁਦ ਜਾਂਚ ਅਧਿਕਾਰੀ ਬਣਨ ਅਤੇ ਆਪਣੇ ਅਧਿਕਾਰਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੀ ਚੱਲ ਰਹੀ ਜਾਂਚ ਸਬੰਧੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿੱਚ ਤਲਬ ਕੀਤਾ ਗਿਆ ਸੀ।
ਜਾਂਚ ਅਧਿਕਾਰੀਆਂ ਨੇ ਏਆਈਜੀ ਮਾਲਵਿੰਦਰ ਸਿੱਧੂ ਨੂੰ ਆਪਣਾ ਮੋਬਾਈਲ ਬਾਹਰ ਰੱਖਣ ਲਈ ਕਿਹਾ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਆਪਣੀ ਪੁੱਛਗਿੱਛ ਰਿਕਾਰਡ ਕਰਨਾ ਚਾਹੁੰਦਾ ਹੈ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰਾਂ ਨੇ ਕਿਹਾ ਕਿ ਜਦੋਂ ਕਿਸੇ ਵੀ ਵਿਅਕਤੀ ਜਾਂ ਅਫ਼ਸਰ ਕੋਲੋਂ ਕਿਸੇ ਮਾਮਲੇ ਦੀ ਜਾਂਚ ਸਬੰਧੀ ਪੁੱਛ-ਪੜਤਾਲ ਹੁੰਦੀ ਹੈ ਤਾਂ ਨਾ ਤਾਂ ਉਹ ਆਪਣਾ ਮੋਬਾਈਲ ਫੋਨ ਲੈ ਕੇ ਜਾ ਸਕਦੇ ਹਨ ਅਤੇ ਨਾ ਹੀ ਪੁੱਛਗਿੱਛ ਦੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਜਦੋਂ ਉਸ ਨੂੰ ਜਾਇਦਾਦ ਸਬੰਧੀ ਵੇਰਵੇ ਦੇਣ ਲਈ ਫਾਰਮ ਸੌਂਪਿਆ ਗਿਆ ਤਾਂ ਵਿਜੀਲੈਂਸ ਅਨੁਸਾਰ ਉਹ ਜਾਂਚ ਅਧਿਕਾਰੀ ਨਾਲ ਖਹਿਬੜ ਪਿਆ। ਜਾਂਚ ਅਧਿਕਾਰੀ ਨੇ ਏਆਈਜੀ ਸਿੱਧੂ ’ਤੇ ਪ੍ਰੋਫਾਰਮਾ ਫਾੜਨ ਦਾ ਵੀ ਦੋਸ਼ ਲਾਇਆ ਹੈ। ਤਲਾਸ਼ੀ ਦੌਰਾਨ ਏਆਈਜੀ ਕੋਲੋਂ ਜਾਂਚ ਦੀ ਕਾਰਵਾਈ ਨੂੰ ਰਿਕਾਰਡ ਕਰਨ ਦਾ ਵੀ ਦੋਸ਼ ਲੱਗਿਆ ਹੈ। ਪੁਲੀਸ ਇਨ੍ਹਾਂ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਏਆਈਜੀ ਸਿੱਧੂ ’ਤੇ ਡੀਐਸਪੀ ਵਰਿੰਦਰ ਗਿੱਲ ਨਾਲ ਕਥਿਤ ਤੌਰ ’ਤੇ ਝਗੜਾ ਅਤੇ ਧੱਕਾਮੁੱਕੀ ਕਰਨ ਦੇ ਵੀ ਦੋਸ਼ ਲੱਗੇ ਹਨ। ਬੁੱਧਵਾਰ ਦੇਰ ਰਾਤ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਏਆਈਜੀ ਦੀ ਪਤਨੀ ਅਤੇ ਬੇਟੇ ਨੇ ਵਿਜੀਲੈਂਸ ਦਫ਼ਤਰ ਬਾਹਰ ਖੂਬ ਹੰਗਾਮਾ ਕੀਤਾ ਅਤੇ ਵਿਜੀਲੈਂਸ ’ਤੇ ਉਸ ਦੇ ਪਤੀ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਗਾਉਂਦਿਆਂ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਪ੍ਰੰਤੂ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਇਸ ਸਬੰਧੀ ਏਆਈਜੀ ਸਿੱਧੂ ਦੇ ਖ਼ਿਲਾਫ਼ ਮੁਹਾਲੀ ਦੇ ਸੈਂਟਰਲ ਥਾਣਾ ਫੇਜ਼-8 ਵਿੱਚ ਡੀਐਸਪੀ ਨਾਲ ਝਗੜਾ ਕਰਨ ਦੇ ਦੋਸ਼ ਵਿੱਚ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…