Share on Facebook Share on Twitter Share on Google+ Share on Pinterest Share on Linkedin ਆਰਐਸਐਸ ਨੇਤਾ ਗੋਸਾਈਂ ਕਤਲ ਕਾਂਡ: ਮੁਹਾਲੀ ਅਦਾਲਤ ਨੇ 3 ਮੁਲਜ਼ਮਾਂ ਨੂੰ ਜੇਲ੍ਹ ਭੇਜਿਆ 1 ਮੁਲਜ਼ਮ ਧਰਮਿੰਦਰ ਉਰਫ਼ ਗੁਗਨੀ ਦਾ ਦੋ ਦਿਨ ਲਈ ਹੋਰ ਪੁਲੀਸ ਰਿਮਾਂਡ ਵਧਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ: ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਲੁਧਿਆਣਾ ਵਿੱਚ ਆਰਐਸਐਸ ਨੇਤਾ ਰਵਿੰਦਰ ਗੋਸਾਈਂ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਧਰਮਿੰਦਰ ਉਰਫ਼ ਗੁਗਨੀ, ਹਰਦੀਪ ਸਿੰਘ ਉਰਫ਼ ਸ਼ੇਰਾ ਉਰਫ਼ ਪਹਿਲਵਾਨ ਵਾਸੀ ਪਿੰਡ ਮਾਜਰੀ ਕਿਸ਼ਨੇਵਾਲੀ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਅਤੇ ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਵਾਸੀ ਚੂਹੜਵਾਲ (ਲੁਧਿਆਣਾ) ਅਤੇ ਪਹਾੜ ਸਿੰਘ ਵਾਸੀ ਮੇਰਠ ਨੂੰ ਬੁੱਧਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ’ਚੋਂ ਤਿੰਨ ਮੁਲਜ਼ਮਾਂ ਹਰਦੀਪ ਸਿੰਘ ਉਰਫ਼ ਸ਼ੇਰਾ, ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਅਤੇ ਪਹਾੜ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਜਦੋਂ ਕਿ ਧਰਮਿੰਦਰ ਸਿੰਘ ਉਰਫ਼ ਗੁਗਨੀ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਹੋਰ ਵਾਧਾ ਕਰਦਿਆਂ ਮੁਲਜ਼ਮ ਨੂੰ ਐਨਆਈਏ ਟੀਮ ਨੂੰ ਸੌਂਪ ਦਿੱਤਾ। ਐਨਆਈਏ ਟੀਮ ਨੇ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਤੋਂ ਆਰਐਸਐਸ ਨੇਤਾ ਹੱਤਿਆ ਕਾਂਡ ਸਮੇਤ ਹੋਰ ਹੱਤਿਆਵਾਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਪਤਾ ਕਰਨਾ ਹੈ ਅਤੇ ਇਹ ਵੀ ਪਤਾ ਕਰਨਾ ਹੈ ਕਿ ਉਹ ਕਿਸ ਗਰੋਹ ਨਾਲ ਜੁੜੇ ਹੋਏ ਹਨ ਅਤੇ ਗਰੋਹ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹੋਰ ਕਿੰਨਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਮੁਲਜ਼ਮਾਂ ਤੋਂ ਉਨ੍ਹਾਂ ਦੇ ਬੈਂਕ ਖਾਤੇ ਅਤੇ ਲਾਕਰਾਂ ਦੀ ਜਾਂਚ ਕਰਨੀ ਹੈ। ਅਦਾਲਤ ਨੇ ਐਨਆਈਏ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਇੱਕ ਮੁਲਜ਼ਮ ਗੁਗਨੀ ਦੇ ਪੁਲੀਸ ਰਿਮਾਂਡ ਵਿੱਚ 2 ਦਿਨ ਦਾ ਹੋਰ ਵਾਧਾ ਕਰ ਦਿੱਤਾ। ਦੱਸਿਆ ਗਿਆ ਹੈ ਕਿ ਸ਼ੇਰਾ ਅਤੇ ਕੈਨੇਡੀਅਨ ਨੇ ਗੁਗਨੀ ਨਾਲ ਮਿਲ ਕੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਹਿੰਦੂ ਆਗੂ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ’ਤੇ ਸੂਬੇ ਦੇ ਹੋਰਨਾਂ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਕਰਨ ਦਾ ਵੀ ਦੋਸ਼ ਹੈ। ਮੁਲਜ਼ਮਾਂ ਨੇ ਗੋਲੀਆਂ ਮਾਰ ਕੇ ਆਰਐਸਐਸ ਨੇਤਾ ਦੀ ਹੱਤਿਆ ਕੀਤੀ ਸੀ। ਐਨਆਈਏ ਨੇ ਗੋਸਾਈਂ ਕਤਲ ਸਬੰਧੀ ਮੁਲਜ਼ਮਾਂ ਦੇ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਗਿਆ ਹੈ। (ਬਾਕਸ ਆਈਟਮ) ਉਧਰ, ਖੰਨਾ ਪੁਲੀਸ ਨੇ ਅੱਜ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਖੰਨਾ ਵਿੱਚ ਹੋਏ ਦੁਰਗਾਦਾਸ ਕਤਲ ਕੇਸ ਵਿੱਚ ਦੋ ਮੁਲਜ਼ਮਾਂ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦੇ ਰਾਹਦਾਰੀ ਵਾਰੰਟ ਦੇਣ ਦੀ ਮੰਗ ਕੀਤੀ। ਅਦਾਲਤ ਨੇ ਖੰਨਾ ਪੁਲੀਸ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਹੱਤਿਆ ਮਾਮਲੇ ਵਿੱਚ ਪੁੱਛਗਿੱਛ ਲਈ ਖੰਨਾ ਪੁਲੀਸ ਦੇ ਸਪੁਰਦ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਤਰ੍ਹਾਂ ਖੰਨਾ ਪੁਲੀਸ ਦੋਵੇਂ ਮੁਲਜ਼ਮਾਂ ਨੂੰ ਰਾਹਦਾਰੀ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ। (ਬਾਕਸ ਆਈਟਮ) ਉਧਰ, ਅਦਾਲਤ ਵਿੱਚ ਪੇਸ਼ੀ ਦੌਰਾਨ ਮੁਲਜ਼ਮ ਪਹਾੜ ਸਿੰਘ ਵਾਸੀ ਮੇਰਠ ਦੇ ਵੱਡੇ ਭਰਾ ਤੂਫ਼ਾਨ ਸਿੰਘ ਨੇ ਕਿਹਾ ਕਿ ਉਸ ਦਾ ਭਰਾ ਬਿਲਕੁਲ ਬੇਕਸੂਰ ਹੈ। ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਐਨਆਈਏ ਦੀ ਟੀਮ ਨੇ ਉਸ ਦੇ ਛੋਟੇ ਭਰਾ ਨੂੰ ਐਤਵਾਰ ਸ਼ਾਮੀ ਮੇਰਠ ਦੇ ਪਿੰਡ ਖਰਦਖੌਦਾ ਲਾਲਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਪੜ ਕੇ ਪਤਾ ਲੱਗਿਆ ਕਿ ਪਹਾੜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਨਆਈਏ ਦੀ ਜਾਂਚ ਮੁਤਾਬਕ ਪਹਾੜ ਸਿੰਘ ’ਤੇ ਮੁਲਜ਼ਮ ਹਰਦੀਪ ਸਿੰਘ ਸ਼ੇਰਾ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ