
ਮੁਹਾਲੀ ਅਦਾਲਤ ਵੱਲੋਂ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ
ਪੀੜਤ ਅੌਰਤ ਨੂੰ 7 ਸਾਲ ਬਾਅਦ ਮਿਲਿਆ ਇਨਸਾਫ਼, ਪਾਦਰੀ ਨੇ ਛੋਟੇ ਬੱਚਿਆਂ ਦੇ ਭਵਿੱਖ ਦਾ ਵਾਸਤਾ ਪਾਇਆ
ਸਬੂਤਾਂ ਦੀ ਘਾਟ ਕਾਰਨ ਪੰਜ ਮੁਲਜ਼ਮ ਬਰੀ, ਪੀੜਤ ਪਰਿਵਾਰ ਹਾਈਕੋਰਟ ਵਿੱਚ ਦਾਇਰ ਕਰੇਗਾ ਪਟੀਸ਼ਨ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਕਰੀਬ ਸੱਤ ਸਾਲ ਪੁਰਾਣੇ ਜਬਰ-ਜ਼ਿਨਾਹ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਦੇ ਇੱਕ ਮਸ਼ਹੂਰ ਪਾਸਟਰ (ਪਾਦਰੀ) ਬਜਿੰਦਰ ਸਿੰਘ ਨੂੰ ਉਮਰ ਕੈਦ (ਤਾ-ਉਮਰ) ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਦੇ ਖ਼ਿਲਾਫ਼ ਜ਼ੀਰਕਪੁਰ ਦੀ ਇੱਕ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਸਬੰਧੀ ਪਾਦਰੀ ਦੇ ਖ਼ਿਲਾਫ਼ 20 ਅਪਰੈਲ 2018 ਨੂੰ ਜ਼ੀਰਕਪੁਰ ਥਾਣੇ ਵਿੱਚ ਧਾਰਾ 376, 354, 323, 506 ਅਤੇ 120-ਬੀ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਸੀ। ਬੀਤੀ 28 ਮਾਰਚ ਨੂੰ ਪਾਦਰੀ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਅੱਜ ਪਹਿਲੀ ਅਪਰੈਲ ਨੂੰ ਸਜ਼ਾ ਸੁਣਾਉਣ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ।
ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਪੰਜ ਸਹਿ ਮੁਲਜ਼ਮਾਂ ਅਕਬਰ ਭੱਟੀ, ਰਾਜੇਸ਼ ਚੌਧਰੀ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕੀਤਾ ਗਿਆ ਹੈ, ਜਦੋਂਕਿ ਇੱਕ ਮੁਲਜ਼ਮ ਸੁੱਚਾ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਪਾਦਰੀ ਬਜਿੰਦਰ ਸਿੰਘ ਨੇ ਅੱਜ ਦੋਵੇਂ ਹੱਥ ਜੋੜ ਕੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ। ਪਾਦਰੀ ਨੇ ਕਿਹਾ ਕਿ ਉਸ ਦੇ ਛੋਟੇ ਛੋਟੇ ਬੱਚੇ ਹਨ ਅਤੇ ਪਤਨੀ ਵੀ ਬੀਮਾਰ ਰਹਿੰਦੀ ਹੈ ਅਤੇ ‘ਮੇਰੀ ਲੱਤ ਵਿੱਚ ਵੀ ਰਾਡ ਪਈ ਹੋਈ ਹੈ। ਪਾਦਰੀ ਨੇ ਖ਼ੁਦ ਨੂੰ ਸੋਸ਼ਲ ਵਰਕਰ ਅਤੇ ਧਾਰਮਿਕ ਪ੍ਰਚਾਰਕ ਦੱਸਦਿਆਂ ਉਸ ਨੂੰ ਮੁਆਫ਼ ਕਰਨ ਦੀ ਗੁਹਾਰ ਲਗਾਈ ਪ੍ਰੰਤੂ ਅਦਾਲਤ ਦਾ ਕਹਿਣਾ ਸੀ ਕਿ ਇਹ ਬਹੁਤ ਸੰਗੀਨ ਅਤੇ ਘਿਣਾਉਣਾ ਅਪਰਾਧ ਹੈ। ਇਸ ਲਈ ਦੋਸ਼ੀ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਦੋਸ਼ੀ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ (ਤਾ-ਉਮਰ) ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਪਾਦਰੀ ਆਪਣੇ ਆਖ਼ਰੀ ਸਾਹਾਂ ਤੱਕ ਜੇਲ੍ਹ ਵਿੱਚ ਹੀ ਰਹੇਗਾ।
ਜਾਣਕਾਰੀ ਅਨੁਸਾਰ ਜਬਰ-ਜਨਾਹ ਦਾ ਪਰਚਾ ਦਰਜ ਹੋਣ ਤੋਂ ਬਾਅਦ ਪਾਦਰੀ ਬਜਿੰਦਰ ਲੰਡਨ ਭੱਜਣ ਦੀ ਤਾਕ ਵਿੱਚ ਸੀ ਪ੍ਰੰਤੂ ਪੁਲੀਸ ਨੇ ਉਸ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਕਾਰਨ ਉਸ ਨੂੰ ਕਾਫ਼ੀ ਸਮਾਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਰਹਿਣਾ ਪਿਆ ਪ੍ਰੰਤੂ ਬਾਅਦ ਵਿੱਚ ਉਹ ਜ਼ਮਾਨਤ ’ਤੇ ਰਿਹਾਅ ਹੋ ਕੇ ਜੇਲ੍ਹ ’ਚੋਂ ਬਾਹਰ ਆ ਗਿਆ ਸੀ। ਇਸ ਮਗਰੋਂ ਉਹ ਪੇਸ਼ੀਆਂ ਤੋਂ ਗੈਰਹਾਜ਼ਰ ਰਹਿਣ ਲੱਗ ਪਿਆ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਮੁਹਾਲੀ ਅਦਾਲਤ ਨੇ ਕੁੱਝ ਦਿਨ ਪਹਿਲਾਂ ਹੀ ਪਾਦਰੀ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਮੁਹਾਲੀ ਪੁਲੀਸ ਵੱਲੋਂ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਅਤੇ ਪੂਰਾ ਏਰੀਆ ਪੁਲੀਸ ਛਾਉਣੀ ਵਿੱਚ ਤਬਦੀਲ ਸੀ, ਇੱਥੋਂ ਤੱਕ ਕਿ ਬੇਸਮੈਂਟ ਪਾਰਕਿੰਗ ਵਿੱਚ ਵੀ ਪੁਲੀਸ ਫੋਰਸ ਤਾਇਨਾਤ ਸੀ ਕਿਉਂਕਿ ਪਿਛਲੀ ਪੇਸ਼ੀ ’ਤੇ ਪਾਦਰੀ ਦੇ ਸਮਰਥਕ ਵੱਡੀ ਗਿਣਤੀ ਵਿੱਚ ਜਮ੍ਹਾ ਹੋ ਗਏ ਸੀ। ਅੱਜ ਪੁਲੀਸ ਨੇ ਪਾਦਰੀ ਦੇ ਕਿਸੇ ਵੀ ਸਮਰਥਕ ਨੂੰ ਅਦਾਲਤ ਕੰਪਲੈਕਸ ਦੇ ਨੇੜੇ ਨਹੀਂ ਢੱੁਕਣ ਦਿੱਤਾ।
ਪੀੜਤ ਅੌਰਤ ਨੇ ਜ਼ੀਰਕਪੁਰ ਥਾਣੇ ਵਿੱਚ ਦਰਜ ਕਰਵਾਈ ਐਫ਼ਆਈਆਈ ਵਿੱਚ ਕਿਹਾ ਸੀ ਕਿ ਉਹ ਇੱਕ ਢਾਬੇ ’ਤੇ ਪਾਦਰੀ ਬਜਿੰਦਰ ਦੇ ਸੰਪਰਕ ਵਿੱਚ ਆਈ ਸੀ। ਇਸ ਮਗਰੋਂ ਉਹ ਬਜਿੰਦਰ ਵੱਲੋਂ ਪਿੰਡ ਛੱਤ ਦੇ ਇੱਕ ਪੈਲੇਸ ਵਿੱਚ ਕਰਵਾਈ ਜਾਂਦੀ ਪ੍ਰਾਰਥਨਾ ਵਿੱਚ ਸ਼ਾਮਲ ਹੋਣ ਲੱਗ ਪਈ। ਸਤੰਬਰ 2017 ਦੀ ਸ਼ਾਮ ਨੂੰ ਪਾਦਰੀ ਬਜਿੰਦਰ ਸਿੰਘ ਨੇ ਉਸ ਨੂੰ ਫੋਨ ਕਰਕੇ ਆਪਣੇ ਪਾਸਪੋਰਟ ਨਾਲ ਲੈ ਕੇ ਜ਼ੀਰਕਪੁਰ ਵਿੱਚ ਢਾਬੇ ਕੋਲ ਸੱਦਿਆ ਗਿਆ। ਪਾਦਰੀ ਉਸ ਨੂੰ ਗੱਡੀ ਵਿੱਚ ਬਿਠਾ ਕੇ ਮੁਹਾਲੀ ਦੇ ਸੈਕਟਰ-63 ਸਥਿਤ ਆਪਣੇ ਫਲੈਟ ਵਿੱਚ ਲੈ ਗਿਆ, ਜਿੱਥੇ ਬਜਿੰਦਰ ਨੇ ਉਸ ਨੂੰ ਆਪਣੇ ਨਾਲ ਯੂਕੇ ਲਿਜਾਉਣ ਦਾ ਝਾਂਸਾ ਦੇ ਕੇ ਉਸ ਦੀ ਸਹਿਮਤੀ ਤੋਂ ਬਿਨਾਂ ਸਰੀਰਕ ਸਬੰਧ ਬਣਾ ਲਏ ਅਤੇ ਉਸ ਨੂੰ ਬੇਹੋਸ਼ ਕਰਕੇ ਕਥਿਤ ਅਸ਼ਲੀਲ ਵੀਡੀਓ ਬਣਾਈ ਗਈ। ਬਾਅਦ ਵਿੱਚ ਪਾਦਰੀ ਉਸ ਨੂੰ ਕਹਿਣ ਲੱਗ ਪਿਆ ਕਿ ਵਿਦੇਸ਼ ਜਾਣ ਲਈ ਲੱਖਾਂ ਰੁਪਏ ਖ਼ਰਚ ਹੁੰਦੇ ਹਨ। ਜਦੋਂ ਉਸ ਨੇ ਪਾਦਰੀ ’ਤੇ ਵਿਦੇਸ਼ ਭੇਜਣ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਦਰੀ ਉਸ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਜ਼ਬਰਦਸਤੀ ਸਰੀਰਕ ਸਬੰਧ ਕਾਇਮ ਕਰਦਾ ਰਿਹਾ।
ਪੀੜਤ ਅੌਰਤ ਅਤੇ ਉਸ ਦੇ ਪਤੀ ਨੇ ਆਪਣੇ ਵਕੀਲ ਅਨਿਲ ਸਾਗਰ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਲਤ ਦੇ ਤਾਜ਼ਾ ਫ਼ੈਸਲੇ ਨਾਲ ਆਮ ਲੋਕਾਂ ਦਾ ਨਿਆਂਪਾਲਿਕਾ ਵਿੱਚ ਭਰੋਸਾ ਵਧਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਾਦਰੀ ਦੇ ਵੱਡੇ ਸਿਆਸਤਦਾਨਾਂ ਅਤੇ ਅਫ਼ਸਰਾਂ ਨਾਲ ਚੰਗੇ ਸਬੰਧ ਹਨ ਅਤੇ ਉਨ੍ਹਾਂ ਨੂੰ ਕੇਸ ਵਾਪਸ ਲਈ ਪਹਿਲਾਂ ਡਰਾਇਆ ਧਮਕਾਇਆ ਗਿਆ। ਫਿਰ ਪੰਜ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ। ਪੀੜਤ ਪਰਿਵਾਰ ਅਤੇ ਵਕੀਲ ਅਨਿਲ ਸਾਗਰ ਨੇ ਕਿਹਾ ਕਿ ਪਾਦਰੀ ਬਜਿੰਦਰ ਦੇ ਜਿਹੜੇ ਪੰਜ ਸਹਿਯੋਗੀ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ। ਕਿਉਂਕਿ ਉਹ ਵੀ ਬਰਾਬਰ ਦੇ ਭਾਗੀਦਾਰ ਹਨ।
ਕਾਬਿਲੇਗੌਰ ਹੈ ਕਿ ਪਾਦਰੀ ਬਜਿੰਦਰ ਵਿਰੁੱਧ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਅੌਰਤ ਨੇ ਕਪੂਰਥਲਾ ਥਾਣੇ ਵਿੱਚ ਵੀ ਕੇਸ ਦਰਜ ਕਰਵਾਇਆ ਹੈ ਅਤੇ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਪਾਦਰੀ ਵਿਰੁੱਧ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇੰਜ ਹੀ ਇੱਕ ਹੋਰ ਅੌਰਤ ਦੇ ਬਿਆਨਾਂ ’ਤੇ ਮਾਜਰੀ ਥਾਣੇ ਵਿੱਚ ਪਾਦਰੀ ਬਜਿੰਦਰ ਖ਼ਿਲਾਫ਼ ਧਾਰਾ 74, 126(2), 115(2) ਅਤੇ 351(2) ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਕਤ ਅੌਰਤ ਦਾ ਦੋਸ਼ ਹੈ ਕਿ ਉਹ ਪਾਦਰੀ ਦੀ ਸ਼ਰਧਾਲੂ ਸੀ। ਪਾਦਰੀ ਨੇ ਉਸ ਨਾਲ ਕਥਿਤ ਦੁਰਵਿਵਹਾਰ ਕਰਦਿਆਂ ਉਸ ਨੂੰ ਥੱਪੜ ਮਾਰੇ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪਾਦਰੀ ਨੇ ਡਰਾ ਧਮਕਾ ਕੇ ਉਸ ਕੋਲੋਂ ਖਾਲੀ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਵਾਏ ਗਏ ਅਤੇ ਉਸ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਆਪਣੇ ਕੋਲ ਰੱਖ ਲਿਆ ਸੀ। ਇਹ ਦੋਵੇਂ ਮਾਮਲੇ ਵੀ ਫਿਲਹਾਲ ਵਿਚਾਰ ਅਧੀਨ ਹਨ ਅਤੇ ਆਉਂਦੇ ਦਿਨਾਂ ਵਿੱਚ ਹੋਰ ਪੀੜਤ ਅੌਰਤਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਧਰ, ਮੁਹਾਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਦਰੀ ਬਜਿੰਦਰ ਸਿੰਘ ਰਹਿਮ ਦੀ ਅਪੀਲ ਲਈ ਹੁਣ ਹਾਈ ਕੋਰਟ ਦਾ ਬੂਹਾ ਖੜਕਾਏਗਾ। ਪਾਦਰੀ ਦੇ ਵਕੀਲ ਐਚਐਸ ਧਨੋਆ ਨੇ ਕਿਹਾ ਕਿ ਅਦਾਲਤ ਦੇ ਤਾਜ਼ਾ ਫ਼ੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਵਕੀਲਾਂ ਦਾ ਪੈਨਲ ਬੈਠ ਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਚੋਲ ਕਰੇਗਾ ਅਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬੇਬੁਨਿਆਦ ਤੱਥਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਕਿਉਂਕਿ ਜਿਸ ਦਿਨ ਦੇ ਹਾਦਸੇ ਦੱਸੇ ਜਾ ਰਹੇ ਹੈ, ਉਨ੍ਹਾਂ ਦਿਨਾਂ ਵਿੱਚ ਉਹ ਇੱਥੇ ਮੌਜੂਦ ਨਹੀਂ ਸੀ। ਧਨੋਆ ਨੇ ਦੱਸਿਆ ਕਿ ਪਾਦਰੀ ਨੂੰ ਧਾਰਾ 354 ਅਤੇ 420ਬੀ ਵਿੱਚ ਬਰੀ ਕੀਤਾ ਗਿਆ ਹੈ। ਸਿਰਫ਼ ਧਾਰਾ 376 ਵਿੱਚ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ ਜਦੋਂਕਿ ਧਾਰਾ 323 ਅਤੇ 506 ਵਿੱਚ ਇੱਕ-ਇੱਕ ਸਾਲ ਦੀ ਸਜ਼ਾ ਕੀਤੀ ਹੈ।