nabaz-e-punjab.com

ਮੁਹਾਲੀ ਅਦਾਲਤ ਵੱਲੋਂ ਭਾਜਪਾ ਆਗੂ ਤੇਜਿੰਦਰਪਾਲ ਬੱਗਾ ਨੂੰ ਵੱਡਾ ਝਟਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਮੁਹਾਲੀ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਹਨ। ਬੀਤੇ ਦਿਨੀਂ ਮੁਹਾਲੀ ਪੁਲੀਸ ਨੇ ਬੱਗਾ ਨੂੰ ਦਿੱਲੀ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਬਾਅਦ ਵਿੱਚ ਪੰਜਾਬ ਪੁਲੀਸ ਦੇ ਕਾਫ਼ਲੇ ਨੂੰ ਰਸਤੇ ਵਿੱਚ ਕੁਰੂਕਸ਼ੇਤਰ ਨੇੜੇ ਰੋਕ ਕੇ ਕਾਫ਼ੀ ਜੱਦੋਜਹਿਦ ਮਗਰੋਂ ਦਿੱਲੀ ਪੁਲੀਸ ਬੱਗਾ ਨੂੰ ਛੁਡਾ ਕੇ ਵਾਪਸ ਆਪਣੇ ਨਾਲ ਲੈ ਗਈ ਸੀ।
ਅੱਜ ਸਰਕਾਰੀ ਵਕੀਲ ਰਾਹੀਂ ਸਥਾਨਕ ਪੁਲੀਸ ਨੇ ਮੁਹਾਲੀ ਦੀ ਇਕ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ। ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨੂੰ ਜਾਇਜ਼ ਮੰਨਦਿਆਂ 23 ਮਈ ਲਈ ਬੱਗਾ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਤੇਜਿੰਦਰਪਾਲ ਬੱਗਾ ਖ਼ਿਲਾਫ਼ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਸੈੱਲ ਥਾਣੇ ਵਿੱਚ ਬੀਤੀ 1 ਅਪਰੈਲ ਨੂੰ ਧਾਰਾ 153-ਏ, 505 (2), 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੱਗਾ ’ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਅਤੇ ਸਮਾਜ ਨੂੰ ਧਰਮ ਅਤੇ ਜਾਤ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਕਥਿਤ ਦੋਸ਼ ਹੈ।
ਇਸੇ ਐਫ਼ਆਰਆਈ ਨੂੰ ਆਧਾਰ ਬਣਾ ਕੇ ਬੀਤੇ ਦਿਨੀਂ ਮੁਹਾਲੀ ਪੁਲੀਸ ਦੀ ਇਕ ਵਿਸ਼ੇਸ਼ ਟੀਮ ਨੇ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਬਾਅਦ ਵਿੱਚ ਦਿੱਲੀ ਪੁਲੀਸ ਦੇ ਇਸ਼ਾਰੇ ’ਤੇ ਹਰਿਆਣਾ ਪੁਲੀਸ ਨੇ ਪੰਜਾਬ ਪੁਲੀਸ ਦੇ ਕਾਫ਼ਲੇ ਨੂੰ ਰਸਤੇ ਵਿੱਚ ਕੁਰੂਕਸ਼ੇਤਰ ਨੇੜੇ ਰੋਕ ਲਿਆ। ਇੱਥੇ ਦਿੱਲੀ, ਹਰਿਆਣਾ ਅਤੇ ਮੁਹਾਲੀ ਪੁਲੀਸ ਦੇ ਅਧਿਕਾਰੀਆਂ ਵਿੱਚ ਕਰੀਬ ਘੰਟਾ ਜੱਦੋਜਹਿਦ ਤੋਂ ਬਾਅਦ ਦਿੱਲੀ ਪੁਲੀਸ ਬੱਗਾ ਨੂੰ ਛੁਡਾ ਕੇ ਵਾਪਸ ਆਪਣੇ ਨਾਲ ਲੈ ਗਈ। ਜਿਸ ਕਾਰਨ ਪੰਜਾਬ ਪੁਲੀਸ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਵਿਰੋਧੀਆਂ ਨੇ ਪੰਜਾਬ ਦੀ ਆਪ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਦਾ ਹੱਥ ਠੋਕਾ ਬਣ ਕੇ ਕੰਮ ਕਰਨ ਦਾ ਦੋਸ਼ ਲਾਇਆ।
ਮੁਹਾਲੀ ਪੁਲੀਸ ਨੇ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ ਬੱਗਾ ਦੀ ਗ੍ਰਿਫ਼ਤਾਰੀ ਕਾਨੂੰਨ ਤਹਿਤ ਕੀਤੀ ਗਈ ਸੀ। ਭਾਜਪਾ ਆਗੂ ਖ਼ਿਲਾਫ਼ ਇੱਥੇ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਉਸ ਨੂੰ 5 ਨੋਟਿਸ ਭੇਜੇ ਜਾ ਚੁੱਕੇ ਹਨ ਪਰ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਾਲਾ ਵਟਦੇ ਆ ਰਹੇ ਸੀ। ਜਿਸ ਕਾਰਨ ਲੰਘੀ ਰਾਤ ਮੁਹਾਲੀ ਪੁਲੀਸ ਦੀ ਟੀਮ ਨੂੰ ਦਿੱਲੀ ਭੇਜਿਆ ਗਿਆ ਸੀ।

Load More Related Articles

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…