ਮੁਹਾਲੀ ਨੂੰ ਗੰਦਗੀ ਦਾ ਗ੍ਰਹਿਣ, ‘ਆਪ’ ਕੌਂਸਲਰਾਂ ਤੇ ਪਿੰਡ ਵਾਸੀਆਂ ਨੇ ਮੇਅਰ ਦਾ ਪੁਤਲਾ ਸਾੜਿਆ

ਨਬਜ਼-ਏ-ਪੰਜਾਬ, ਮੁਹਾਲੀ, 7 ਅਕਤੂਬਰ:
ਵੀਆਈਪੀ ਸ਼ਹਿਰ ਮੁਹਾਲੀ ਨੂੰ ਗੰਦਗੀ ਦਾ ਗ੍ਰਹਿਣ ਲੱਗਦਾ ਜਾ ਰਿਹਾ ਹੈ। ਸ਼ਹਿਰ ਵਿੱਚ ਵੱਖਵੱਖ ਥਾਵਾਂ ’ਤੇ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਕਈ ਥਾਵਾਂ ’ਤੇ ਕੂੜਾ ਡੰਪਿੰਗ ਪੁਆਇੰਟਾਂ ਤੋਂ ਵੀ ਬਾਹਰ ਦੂਰ ਤੱਕ ਖਿੱਲਰਿਆ ਪਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਕੌਂਸਲਰਾਂ ਅਤੇ ਪਿੰਡ ਮਟੌਰ ਦੇ ਵਸਨੀਕਾਂ ਨੇ ਮੁਹਾਲੀ ਨਗਰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੁੱਟ ਕੇ ਕਾਂਗਰਸ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਮੇਅਰ ਦਾ ਪੁਤਲਾ ਸਾੜਦੇ ਹੋਏ ਅਣਦੇਖੀ ਦੇ ਦੋਸ਼ ਲਗਾਏ।
ਇਸ ਮੌਕੇ ‘ਆਪ’ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਪ੍ਰੀਤ ਕੌਰ ਬੈਦਵਾਨ, ਕਰਮਜੀਤ ਕੌਰ, ਪਿੰਡ ਵਾਸੀ ਦਰਸ਼ਨ ਸਿੰਘ, ਜਸਪਾਲ ਸਿੰਘ ਬਿੱਲਾ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਮਟੌਰ ਦੇ ਐਂਟਰੀ ਪੁਆਇੰਟ ਅਤੇ ਕਮਿਊਨਿਟੀ ਸੈਂਟਰ ਦੇ ਸਾਹਮਣੇ ਵਾਲੀ ਥਾਂ ਡੰਪਿੰਗ ਗਰਾਉਂਡ ਵਿੱਚ ਤਬਦੀਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੇਅਰ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਸੁਹਿਰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਦੇ ਵੱਸ ਦੀ ਗੱਲ ਨਹੀਂ ਹੈ ਤਾਂ ਉਨ੍ਹਾਂ ਨੂੰ ਕੁਰਸੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਮਟੌਰ ਦੇ ਵਸਨੀਕ ਦਰਸ਼ਨ ਸਿੰਘ ਨੇ ਪਿੰਡ ਵਾਸੀ ਨਰਕ ਭੋਗਣ ਲਈ ਮਜਬੂਰ ਹਨ। ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਜੇਕਰ ਨਗਰ ਨਿਗਮ ਨੇ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਨਿਗਮ ਅਤੇ ਮੇਅਰ ਦੇ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
‘ਆਪ’ ਕੌਂਸਲਰਾਂ ਨੇ ਹਾਊਸ ਵਿੱਚ ਅਜਿਹੇ ਮੁੱਦੇ ਚੁੱਕੇ ਜਾਂਦੇ ਰਹੇ ਹਨ ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਸੜਕ ਕਿਨਾਰੇ ਟੈੱਟ ਲਗਾ ਕੇ ਇੱਥੇ ਹੋਰ ਕੂੜਾ ਨਾ ਸੁੱਟਣ ਸਬੰਧੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਆਉਂਦੇ ਦਿਨਾਂ ਵਿੱਚ ਮੇਅਰ ਅਤੇ ਕਮਿਸ਼ਨਰ ਦੇ ਘਰ ਮੂਹਰੇ ਕੂੜਾ ਸੁੱਟ ਕੇ ਰੋਸ ਵਿਖਾਵਾ ਕਰਨਗੇ ਅਤੇ ਲੋੜ ਪੈਣ ’ਤੇ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਤਰਲੋਚਨ ਸਿੰਘ ਮਟੌਰ ਅਤੇ ਗੁਰਜੀਤ ਮਾਮਾ ਅਤੇ ਹੋਰ ਪਤਵੰਤੇ ਮੌਜੂਦ ਸਨ।

ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਸਾਰਾ ਕੁੱਝ ਸਿਆਸੀ ਸਟੰਟ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਚਾਲ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ। ਸੈਕਟਰ-71 ਤੋਂ ‘ਆਪ’ ਵਿਧਾਇਕ ਦਾ ਬੇਟਾ ਸਰਬਜੀਤ ਸਿੰਘ ਕੌਂਸਲਰ ਹੈ ਅਤੇ ਪਿੰਡ ਮਟੌਰ ਦੇ ਦੋਵੇਂ ਕੌਂਸਲਰ ਵੀ ‘ਆਪ’ ਦੇ ਹਨ। ਇਹ ਲੋਕ ਹੁਣ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਮੇਅਰ ਨੇ ਕਿਹਾ ਕਿ ਪਿੰਡ ਮਟੌਰ ਦੇ ਵਸਨੀਕ ਖ਼ੁਦ ਹੀ ਗੰਦਗੀ ਫੈਲਾ ਰਹੇ ਹਨ ਅਤੇ ਹੁਣ ਰੌਲਾ ਵੀ ਸਭ ਤੋਂ ਵੱਧ ਉਹੀ ਪਾ ਰਹੇ ਹਨ। ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰ ਹੈ। ਨਿਯਮਾਂ ਉਲਟ ਪਿੰਡ ਵਾਸੀਆਂ ਨੇ 1500 ਪਸ਼ੂ ਰੱਖੇ ਹੋਏ ਹਨ। ਗੋਹਾ ਅਤੇ ਹੋਰ ਗੰਦਗੀ ਸੀਵਰੇਜ ਵਿੱਚ ਸੁੱਟਿਆ ਜਾ ਰਿਹਾ ਹੈ। ਜਦੋਂ ਕਰਮਚਾਰੀ ਪਸ਼ੂਆਂ ਨੂੰ ਫੜਨ ਜਾਂਦੇ ਹਨ ਤਾਂ ਪਿੰਡ ਵਾਸੀ ਡਾਂਗਾ ਲੈ ਕੇ ਪਿੱਛੇ ਪੈ ਜਾਂਦੇ ਹਨ। ਅਜਿਹੇ ਕਈ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੁੱਟਣ ਦੀ ਬਜਾਏ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…