ਕਾਂਗਰਸ ਵਿੱਚ ਛੇਤੀ ਘਰ ਵਾਪਸੀ ਕਰਨਗੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਬੇਦੀ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਡਿਪਟੀ ਮੇਅਰ ਕੁਲਜੀਤ ਬੇਦੀ ਨਾਲ ਕੀਤੀ ਮੀਟਿੰਗ, ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਵਿਚਾਰਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਜਲਦੀ ਹੀ ਕਾਂਗਰਸ ਵਿੱਚ ਘਰ ਵਾਪਸੀ ਕਰ ਰਹੇ ਹਨ। ਪਿਛਲੇ ਸਾਲ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਵੇਂ ਬੇਦੀ ਅਤੇ ਸਮਰਥਕਾਂ ਵੱਲੋਂ ਸ਼ਹਿਰੀ ਵਿਕਾਸ ਦੇ ਮੁੱਦੇ ’ਤੇ ਮੇਅਰ ਜੀਤੀ ਸਿੱਧੂ ਨੂੰ ਸਮਰਥਨ ਜਾਰੀ ਰੱਖਣ ਦਾ ਐਲਾਨ ਕੀਤਾ ਪ੍ਰੰਤੂ ਹਾਈ ਕਮਾਂਡ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਪਾਰਟੀ ਵਿਰੋਧੀ ਦੱਸਦਿਆਂ ਕੁਲਜੀਤ ਬੇਦੀ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਲੇਕਿਨ ਹੁਣ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਬੇਦੀ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਿੱਧੂ ਭਰਾਵਾਂ ਤੋਂ ਬਾਅਦ ਕੁਲਜੀਤ ਬੇਦੀ ਇਲਾਕੇ ਵਿੱਚ ਕਾਂਗਰਸ ਦੇ ਕੱਦਵਰ ਨੇਤਾ ਮੰਨੇ ਜਾਂਦੇ ਹਨ।
ਉਧਰ, ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੁਲਜੀਤ ਬੇਦੀ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ ਹੈ ਅਤੇ ਉਹ ਛੇਤੀ ਹੀ ਮੁੜ ਪਾਰਟੀ ਵਿੱਚ ਵਾਪਸੀ ਕਰ ਰਹੇ ਹਨ। ਡਿਪਟੀ ਮੇਅਰ ਕਾਂਗਰਸ ਦੇ ਕਈ ਹੋਰਨਾਂ ਸੀਨੀਅਰ ਆਗੂਆਂ ਦੇ ਸੰਪਰਕ ਵਿੱਚ ਹਨ। ਜਿਨ੍ਹਾਂ ਨੇ ਉਸ ਨੂੰ ਘਰ ਵਾਪਸੀ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੁਲਜੀਤ ਬੇਦੀ ਨਾਲ ਮੁਹਾਲੀ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਮੀਟਿੰਗ ਕੀਤੀ ਅਤੇ ਇਕੱਠਿਆਂ ਨੇ ਲੰਚ ਵੀ ਕੀਤਾ। ਇਸ ਮੌਕੇ ਦੋਵੇਂ ਆਗੂਆਂ ਨੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਲੰਬੀ ਚਰਚਾ ਕੀਤੀ। ਸ੍ਰੀ ਤਿਵਾੜੀ ਨੇ ਸਾਰੇ ਗਿਲਵੇ ਸ਼ਿਕਵੇ ਭੁਲਾ ਕੇ ਮੁੜ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਬੇਦੀ ਨੂੰ ਮਨਾ ਲਿਆ।
ਇਸ ਸਬੰਧੀ ਪੁੱਛੇ ਜਾਣ ’ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਾਂਗਰਸੀ ਹਨ ਅਤੇ ਕਾਂਗਰਸੀ ਸੋਚ ’ਤੇ ਚਲਦੇ ਰਹੇ ਹਨ। ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਗਏ ਅਤੇ ਨਾ ਹੀ ਕਦੇ ਪਾਰਟੀ ਖ਼ਿਲਾਫ਼ ਕੋਈ ਗਤੀਵਿਧੀ ਕੀਤੀ ਗਈ ਅਤੇ ਨਾ ਹੀ ਪਾਰਟੀ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕੰਮਾਂ ਸਬੰਧੀ ਉਨ੍ਹਾਂ ਵੱਲੋਂ ਮੇਅਰ ਜੀਤੀ ਸਿੱਧੂ ਦਾ ਸਮਰਥਨ ਕਰਨ ਬਾਰੇ ਕੀਤੇ ਫ਼ੈਸਲੇ ’ਤੇ ਆਪਣੇ ਨਜ਼ਰੀਏ ਪ੍ਰਤੀ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਜਲਦਬਾਜ਼ੀ ਵਿੱਚ ਕਾਰਵਾਈ ਕੀਤੀ ਗਈ। ਬੇਦੀ ਨੇ ਸਪੱਸ਼ਟ ਕੀਤਾ ਕਿ ਉਹ ਜਲਦੀ ਹੀ ਕਾਂਗਰਸ ਵਿੱਚ ਘਰ ਵਾਪਸੀ ਕਰ ਰਹੇ ਹਨ। ਇਸ ਸਬੰਧੀ ਜਲਦੀ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਜਾਵੇਗੀ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…