ਮੁਹਾਲੀ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਸ਼ਹਿਰ ਦੀ ਮਾੜੀ ਸਫ਼ਾਈ ਵਿਵਸਥਾ ਤੋਂ ਖਫ਼ਾ

ਡਿਪਟੀ ਮੇਅਰ ਨੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਲਿਆ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ, ਕਮਿਸ਼ਨਰ ਨੂੰ ਕੀਤੇ ਕਈ ਸਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਸ਼ਹਿਰ ਦੀ ਸਫ਼ਾਈ ਵਿਵਸਥਾ ਤੋਂ ਸੰਤੁਸ਼ਟ ਨਹੀਂ ਹਨ। ਸ੍ਰੀ ਸੇਠੀ ਨੇ ਅੱਜ ਆਪਣੀ ਵਾਰਡ ਸਮੇਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਕਾਫੀ ਥਾਵਾਂ ’ਤੇ ਗੰਦਗੀ ਅਤੇ ਕੂੜਾ ਕਰਕਟ ਪਿਆ ਦੇਖਿਆ ਗਿਆ। ਉਨ੍ਹਾਂ ਨੇ ਸਫ਼ਾਈ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਏਰੀਆ ਮੈਨੇਜਰ ਸੁਖਜਿੰਦਰ ਸਿੰਘ, ਵਾਰਡ ਨੰਬਰ-14 ਦੇ ਸੁਪਰਵਾਈਜਰ ਰਾਕੇਸ਼ ਕੁਮਾਰ ਅਤੇ ਕੰਪਨੀ ਅਧਿਕਾਰੀ ਅਨਿਲ ਕੁਮਾਰ ਨੂੰ ਨਾਲ ਲੈ ਕੇ ਵਾਰਡ ਨੰਬਰ-14, ਫੇਜ਼-3ਬੀ1, ਫੇਜ਼-3ਬੀ2, ਫੇਜ਼-7 ਅਤੇ ਹੋਰਨਾਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਕੰਪਨੀ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਕਰਵਾਈ ਜਾ ਰਹੀ ਸਫ਼ਾਈ ਦਾ ਜਾਇਜ਼ਾ ਲਿਆ।
ਇਸ ਮੌਕੇ ਸ੍ਰੀ ਸੇਠੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਸਫ਼ਾਈ ਦਾ ਕਾਫੀ ਮਾੜਾ ਹਾਲ ਹੈ। ਥਾਂ ਥਾਂ ਕੁੂੜੇ ਦੇ ਢੇਰ ਪਏ ਹਨ। ਅਚਨਚੇਤ ਚੈਕਿੰਗ ਦੌਰਾਨ ਇਸ ਤਰ੍ਹਾਂ ਜਾਪਿਆ ਜਿਵੇਂ ਕਈ ਦਿਨਾਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਕੋਈ ਸਫ਼ਾਈ ਹੀ ਨਾ ਕੀਤੀ ਗਈ ਹੋਵੇ। ਹਰ ਪਾਸੇ ਹੀ ਗੰਦਗੀ ਦੀ ਭਰਮਾਰ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਸਫ਼ਾਈ ਕੰਪਨੀ ਨੂੰ ਚਾਰ ਦਿਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਨ੍ਹਾਂ ਇਲਾਕਿਆਂ ਦਾ ਕੰਪਨੀ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ ਜਾਵੇਗਾ। ਇਸ ਦੇ ਬਾਵਜੂਦ ਉਕਤ ਇਲਾਕਿਆਂ ਵਿੱਚ ਸਫ਼ਾਈ ਦਾ ਕਾਫੀ ਮੰਦਾ ਹਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰੇ ਦੀ ਜਾਣਕਾਰੀ ਕੰਪਨੀ ਨੂੰ ਦੇਣ ਤੋਂ ਬਿਨਾਂ ਹੀ ਦੌਰਾ ਕੀਤਾ ਜਾਂਦਾ ਤਾਂ ਹੋ ਸਕਦਾ ਹੋਰ ਵੀ ਬੁਰਾ ਹਾਲ ਹੋਣਾ ਸੀ।
ਡਿਪਟੀ ਮੇਅਰ ਨੇ ਨਿਗਮ ਦੇ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਅਧਿਕਾਰੀ ਇਸ ਤਰ੍ਹਾਂ ਸਫ਼ਾਈ ਦੇਖਣ ਦੇ ਬਾਵਜੂਦ ਕੋਈ ਕਾਰਵਾਈ ਕਰਨ ਦੀ ਥਾਂ ਠੇਕੇਦਾਰ ਵਿਰੁੱਧ ਕਾਵਰਾਈ ਕਿਉਂ ਨਹੀਂ ਕਰਦੇ। ਸੈਨੇਟਰੀ ਇੰਸਪੈਕਟਰ ਨੇ ਜਾਇਜ਼ਾ ਰਿਪੋਰਟ ਕਿਉਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਇੰਝ ਜਾਪਦਾ ਹੈ ਕਿ ਜਿਵੇਂ ਲੰਮੇ ਸਮੇਂ ਤੋਂ ਕੋਈ ਸਫਾਈ ਹੀ ਨਾ ਕੀਤੀ ਗਈ ਹੋਵੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…