
‘ਨਸ਼ੇੜੀਆਂ ਨੂੰ ਓਟ ਕਲੀਨਿਕਾਂ’ ਦੀ ਓਟ: ਮੁਹਾਲੀ ਜ਼ਿਲ੍ਹੇ ਵਿੱਚ ਨਸ਼ਾ-ਛੁਡਾਊ ਪ੍ਰੋਗਰਾਮ ਨੂੰ ਭਰਵਾਂ ਹੁਲਾਰਾ
ਕਰਫ਼ਿਊ ਦੌਰਾਨ 3 ਹਜ਼ਾਰ ਤੋਂ ਵੱਧ ਨਵੇਂ ਨਸ਼ਾ-ਪੀੜਤਾਂ ਨੇ ਕਰਵਾਈ ਰਜਿਸਟਰੇਸ਼ਨ: ਡਿਪਟੀ ਮੈਡੀਕਲ ਕਮਿਸ਼ਨਰ
ਡਾਕਟਰ ਦੀ ਸਲਾਹ ਨਾਲ ਹੁਣ 21 ਦਿਨਾਂ ਦੀ ਇਕੱਠੀ ਦਵਾਈ ਘਰ ਲਿਜਾ ਸਕਦੇ ਹਨ ਨਸ਼ੇ ਦੇ ਆਦੀ ਮਰੀਜ਼
ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
‘ਕਰੋਨਾਵਾਇਰਸ’ ਦੀ ਮਹਾਮਾਰੀ ਦੇ ਚੱਲਦਿਆਂ ਲੱਗੇ ਕਰਫਿਊ ਦਾ ਇਕ ਹਾਂ-ਪੱਖੀ ਪੱਖ ਇਹ ਰਿਹਾ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੇ ‘ਨਸ਼ਾ ਛੁਡਾਊ ਪ੍ਰੋਗਰਾਮ’ ਨੂੰ ਚੰਗਾ ਹੁਲਾਰਾ ਮਿਲਿਆ ਹੈ। ਬੀਤੀ 23 ਮਾਰਚ ਤੋਂ ਲੈ ਕੇ 1 ਮਈ ਤੱਕ ਜ਼ਿਲ੍ਹੇ ਭਰ ਵਿੱਚ 3036 ਨਵੇਂ ਨਸ਼ਾ-ਪੀੜਤਾਂ ਦਾ ਪੰਜੀਕਰਨ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਵੱਡੀ ਗਿਣਤੀ ਪੀੜਤ ਮਰੀਜ਼ਾਂ ਨੇ ਓਟ ਕਲੀਨਿਕਾਂ ਅਤੇ ਨਸ਼ਾ-ਛੁਡਾਊ ਕੇਂਦਰਾਂ ਵਿੱਚ ਪਹੁੰਚ ਕੀਤੀ ਹੈ ਤਾਂ ਕਿ ਉਹ ਨਸ਼ਿਆਂ ਤੋਂ ਨਿਜਾਤ ਪਾ ਸਕਣ। ਇਸ ਰੁਝਾਨ ਨੂੰ ਦੇਖਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਓਟ (ਆਊਟਪੇਸ਼ੰਟ ਓਪੀਆਡ ਅਸਿਸਟਡ ਟਰੀਟਮੈਂਟ) ਕਲੀਨਿਕਾਂ ਅਤੇ ਨਸ਼ਾ-ਛੁਡਾਊ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਅਤੇ ਨਵੀਆਂ ਰਜਿਸਟਰੇਸ਼ਨਾਂ ਲਈ ਵੱਖਰਾ ਕਾਉਂਟਰ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਨਾ ਲੱਗ ਸਕਣ।
ਡਾ. ਦਲਜੀਤ ਸਿੰਘ ਨੇ ਦੱਸਿਆ ਸਿਹਤ ਵਿਭਾਗ ਨੇ ਨਸ਼ਾ-ਪੀੜਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਕਿ ਨਵੇਂ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਦੇ ਕੇ ਨਸ਼ਾ-ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ-ਛੁਡਾਊ ਕੇਂਦਰਾਂ ਵਿੱਚ ਦਵਾਈ ਦੇਣ ਸਮੇਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਕਰੋਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਬੁਖ਼ਾਰ, ਸੁੱਕੀ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਚ ਜਾਣ ਜਾਂ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ-ਛੁਡਾਊ ਪ੍ਰੋਗਰਾਮ ਦਾ ਮੁੱਖ ਮੰਤਵ ਗਲਤ ਰਾਹ ਪਏ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਦੀ ਲੀਹ ’ਤੇ ਪਾਉਣਾ ਅਤੇ ਅਤੇ ਇਲਾਜ ਮੁਹੱਈਆ ਕਰਵਾ ਕੇ ਸਿਹਤਮੰਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਲਾਜ ਸੇਵਾਵਾਂ ਨਾ ਮਿਲਣ ਦੀ ਸੂਰਤ ਵਿੱਚ ਮਰੀਜ਼ ਦੇ ਇਲਾਜ ਛੱਡ ਜਾਣ ਦੀ ਸੰਭਾਵਨਾ ਹੁੰਦੀ ਹੈ ਜੋ ਮਰੀਜ਼ ਲਈ ਘਾਤਕ ਵੀ ਹੋ ਸਕਦਾ ਹੈ, ਇਸ ਲਈ ਹੁਣ ਘਰ ਲਿਜਾਣ ਲਈ (ਟੇਕ ਹੋਮ ਡੋਜ਼) ਦਵਾਈ ਦੀ ਮਿਆਦ 21 ਦਿਨ ਤੱਕ ਕਰ ਦਿੱਤੀ ਗਈ ਹੈ ਪਰ ਇਹ ਦਵਾਈ ਕੇਵਲ ਸਾਇਕੈਟਰਿਸਟ ਜਾਂ ਮਨੋਰੋਗ ਮਾਹਰ ਦੀ ਸਲਾਹ ’ਤੇ ਹੀ ਮਰੀਜ਼ ਨੂੰ ਦਿੱਤੀ ਜਾ ਰਹੀ ਹੈ। ਇਸ ਵੇਲੇ ਜ਼ਿਲ੍ਹੇ ਵਿੱਚ ਤਿੰਨ ਮਨੋਰੋਗ ਮਾਹਰ ਡਾ. ਪੂਜਾ ਗਰਗ, ਡਾ. ਗੁਰਮੁੱਖ ਸਿੰਘ ਅਤੇ ਡਾ. ਨਿਤਿਨ ਸੇਠੀ ਸੇਵਾਵਾਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਮਨੋਰੋਗ ਮਾਹਰ ਡਾਕਟਰ ਅਤੇ ਕੌਂਸਲਰ ਕੋਵਿਡ-19 ਦੇ ਮਰੀਜ਼ਾਂ, ਇਕਾਂਤਵਾਸ ਕੀਤੇ ਗਏ ਮਰੀਜ਼ਾਂ ਅਤੇ ਪਰਵਾਸੀ ਮਜ਼ਦੂਰਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦੀ ਲਗਾਤਾਰ ਕੌਂਸਲਿੰਗ ਕਰ ਰਹੇ ਹਨ।
(ਬਾਕਸ ਆਈਟਮ)
ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਸੱਤ ਓਟ ਕਲੀਨਿਕ ਖਰੜ, ਡੇਰਾਬੱਸੀ, ਬਨੂੜ, ਕੁਰਾਲੀ, ਢਕੋਲੀ ਅਤੇ ਲਾਲੜੂ ਦੇ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਹਨ। ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀ ਇਨ੍ਹਾਂ ਕੇਂਦਰਾਂ ਵਿੱਚ ਆ ਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ। ਇਸ ਮਗਰੋਂ ਉਸ ਦੀ ਨਸ਼ੇ ਦੀ ਬਿਮਾਰੀ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ।