Nabaz-e-punjab.com

ਮੁਹਾਲੀ ਜ਼ਿਲ੍ਹੇ ਵਿੱਚ ਕੋਵਿਡ-19 ਦੇ ਨਮੂਨੇ ਲੈਣ ਦੀ ਦਰ ਵਧਾ ਕੇ ਦੁੱਗਣੀ ਕੀਤੀ: ਡੀਸੀ ਗਿਰੀਸ਼ ਦਿਆਲਨ

ਵਾਕ-ਇਨ-ਟੈਸਟਿੰਗ ਲਈ ਫਲੂ ਕਾਰਨਰਾਂ ਦੀ ਸਮਰਥਾ ਵਧਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਕਰੋਨਾ ਮਹਾਮਾਰੀ ਵਿਰੁੱਧ ਵਿੱਢੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਦੇ ਨਮੂਨੇ ਲੈਣ ਦੀ ਦਰ ਦੁੱਗਣੀ ਕਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ ਹੈ। ਉਨ੍ਹਾਂ ਵੇਰਵਿਆਂ ਦਿੰਦਿਆਂ ਦੱਸਿਆ ਕਿ ਕਰੋਨਾਵਾਇਰਸ ਲਈ ਪਹਿਲਾਂ ਪ੍ਰਤੀ ਦਿਨ ਲਗਭਗ 350 ਨਮੂਨੇ ਲਏ ਜਾ ਰਹੇ ਸਨ। ਜਿਸ ਵਿੱਚ ਵਾਧਾ ਕਰਦਿਆਂ ਹੁਣ ਰੋਜ਼ਾਨਾ ਤਕਰੀਬਨ 850 ਤੋਂ 1100 ਨਮੂਨੇ ਲਏ ਜਾ ਰਹੇ ਹਨ। ਇਸ ਦਾ ਉਦੇਸ਼ ਮਰੀਜ਼ਾਂ ਵਿੱਚ ਕਰੋਨਾ ਦਾ ਜਲਦੀ ਪਤਾ ਲਗਾਉਣਾ ਹੈ ਤਾਂ ਜੋ ਪੀੜਤਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਇਸ ਵਾਇਰਸ ਨੂੰ ਅੱਗੇ ਹੋਰਨਾਂ ਤੱਕ ਫੈਲਣ ਤੋਂ ਰੋਕਿਆ ਜਾ ਸਕੇ।
ਸ੍ਰੀ ਦਿਆਲਨ ਨੇ ਕਿਹਾ ਕਿ ਨਮੂਨੇ ਲੈਣ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ-ਨਾਲ ਟੈਸਟਿੰਗ ਨੂੰ ਵੀ ਵਧਾ ਕੇ ਦੱੁਗਣਾ ਕਰ ਦਿੱਤਾ ਗਿਆ ਹੈ। ਪਹਿਲਾਂ ਅੌਸਤਨ 400 ਟੈੱਸਟ ਪ੍ਰਤੀ ਦਿਨ ਦੇ ਮੁਕਾਬਲੇ ਹੁਣ ਅੌਸਤਨ ਤਕਰੀਬਨ 850 ਟੈੱਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਜ਼ਿਲ੍ਹੇ ਵਿੱਚ ਕੁੱਲ 946 ਨਮੂਨੇ ਲਏ ਗਏ ਜਿਨ੍ਹਾਂ ਵਿੱਚ 669 ਆਰਟੀਪੀਸੀਆਰ ਟੈੱਸਟ, 19 ਟਰੂਨਾਟ ਅਤੇ 258 ਐਂਟੀਜੇਨ ਟੈੱਸਟ ਸ਼ਾਮਲ ਹਨ। ਇਸੇ ਤਰ੍ਹਾਂ 5 ਸਤੰਬਰ ਨੂੰ ਸਿਹਤ ਟੀਮਾਂ ਵੱਲੋਂ 855 ਨਮੂਨੇ ਲਏ ਗਏ। ਜਿਨ੍ਹਾਂ ਵਿੱਚ 554 ਆਰਟੀਪੀਸੀਆਰ ਟੈੱਸਟ, 23 ਟਰੂਨਾਟ ਅਤੇ 278 ਐਂਟੀਜਨ ਟੈੱਸਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਹਿ-ਰੋਗ ਵਾਲੇ ਲੋਕਾਂ ਦੀ ਉੱਚ-ਜ਼ੋਖ਼ਮ ਵਾਲੀ ਆਬਾਦੀ ਨੂੰ ਕਵਰ ਕਰਨ ਲਈ ਸੈਂਪਲਿੰਗ ਟੀਮਾਂ ਦੀ ਗਿਣਤੀ ਹੁਣ 20 ਤੋਂ ਵਧਾ ਕੇ 26 ਕਰ ਦਿੱਤੀ ਗਈ ਹੈ।
ਸ੍ਰੀ ਦਿਆਲਨ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਕਸਦ ਕੇਸ ਫੈਟਾਲਿਟੀ ਰੇਟ (ਸੀਐਫ਼ਆਰ) ਨੂੰ ਨਿਯੰਤਰਣ ਵਿੱਚ ਰੱਖਣਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਣ ਦੇ ਬਾਵਜੂਦ ਜ਼ਿਲ੍ਹੇ ਵਿੱਚ ਮੌਜੂਦਾ ਸੀਐਫ਼ਆਰ ਦਰ 1.92 ਫ਼ੀਸਦ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿਚ ਲੋਕ ਸਿਹਤਯਾਬ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵਾਕ-ਇਨ ਟੈਸਟਿੰਗ ਅਤੇ ਘਰੇਲੂ ਇਕਾਂਤਵਾਸ ਕਰਨ ਦਾ ਨਵੇਕਲਾ ਢੰਗ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਵਾਇਰਸ ਬਾਰੇ ਸ਼ੱਕ ਹੋਣ ‘ਤੇ ਕੋਈ ਵੀ ਵਿਅਕਤੀ ਜ਼ਿਲ੍ਹੇ ਦੇ 9 ਫਲੂ ਕਾਰਨਰਾਂ ’ਚੋਂ ਕਿਸੇ ‘ਚ ਵੀ ਜਾ ਸਕਦਾ ਹੈ ਅਤੇ ਜੇ ਉਹ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਘਰੇਲੂ ਇਕਾਂਤਵਾਸ ਲਈ ਸਵੈ-ਘੋਸ਼ਣਾ ਫਾਰਮ ਜਮ੍ਹਾਂ ਕਰ ਸਕਦਾ ਹੈ। ਉਨ੍ਹਾਂ ਕਿਹਾ ਅਜਿਹੇ ਮਾਮਲਿਆਂ ਵਿੱਚ, ਆਪਣੀ ਘੋਸ਼ਣਾ ਦੇ ਅਧਾਰ ’ਤੇ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ ਅਤੇ ਸਿਹਤ ਟੀਮਾਂ ਰੋਜ਼ਾਨਾ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਦੱਸਿਆ ਕਿ ਰੋਟੇਸ਼ਨ ਦੇ ਅਧਾਰ ‘ਤੇ ਕੰਮ ਕਰਨ ਵਾਲੀਆਂ ਵਾਧੂ ਟੀਮਾਂ ਨਾਲ ਫਲੂ ਕਾਰਨਰਾਂ ਦੀ ਸਮਰਥਾ ਹੋਰ ਵਧਾਈ ਗਈ ਹੈ।
ਡੀਸੀ ਨੇ ਕਿਹਾ ਕਿ ਸਰਕਾਰੀ ਨੀਤੀ ਅਨੁਸਾਰ ਕੋਵਿਡ-19 ਮਰੀਜ਼ਾਂ ਦੇ ਘਰਾਂ ਦੇ ਬਾਹਰ ਕੋਈ ਵੀ ਇਕਾਂਤਵਾਸ ਸਟਿੱਕਰ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਈ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਲੋੜੀਂਦੇ ਬੈੱਡ ਉਪਲਬਧ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਸ਼ਕਲ ਸਮੇਂ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਅਫ਼ਵਾਹਾਂ ਤੋਂ ਬਚਣ ਅਤੇ ਸੁਰੱਖਿਆ ਸਾਵਧਾਨੀਆਂ ਜਿਵੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਹੱਥ ਧੋਣਾ ਆਦਿ ਦੀ ਪਾਲਣਾ ਕਰਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …