Nabaz-e-punjab.com

ਮੀਆਵਾਕੀ ਤਕਨੀਕ ਅਪਣਾਉਣ ਵਾਲਾ ਪੰਜਾਬ ਭਰ ’ਚੋਂ ਪਹਿਲਾ ਜ਼ਿਲ੍ਹਾ ਬਣਿਆ ਮੁਹਾਲੀ

ਜਾਪਾਨੀ ਤਕਨੀਕ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਬਣੇਗਾ ਸੰਘਣਾ ਜੰਗਲੀ ਖੇਤਰ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਮੁਹਾਲੀ ਵਿੱਚ ਲਾਏ ਜਾਣਗੇ 550 ਪੌਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਇਸ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਜਾਪਾਨ ਦੀ ਮੀਆਵਾਕੀ ਤਕਨੀਕ ਅਪਣਾਉਣ ਦਾ ਫੈਸਲਾ ਲਿਆ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਕੀ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਨੇੜੇ ਤੇੜੇ ਥੋੜ੍ਹੀ ਜਿਹੀ ਥਾਂ ਵਿੱਚ ਸੰਘਣਾ ਜੰਗਲੀ ਖੇਤਰ ਵਿਕਸਤ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਤਕਨੀਕ ਅਪਣਾਉਣ ਵਾਲਾ ਮੁਹਾਲੀ ਪੰਜਾਬ ਭਰ ’ਚੋਂ ਪਹਿਲਾ ਜ਼ਿਲ੍ਹਾ ਹੈ।
ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਈਕੋ ਸਿੱਖ ਸੰਸਥਾ ਨਾਲ ਮਿਲ ਕੇ ਇਹ ਉੱਦਮ ਚੁੱਕਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਲੇ ਦੁਆਲੇ ਖਾਲੀ ਪਈ ਥਾਂ ਵਿੱਚ 550 ਬੂਟੇ ਲਗਾ ਕੇ ਸੰਘਣਾ ਜੰਗਲ-ਨੁਮਾ ਖੇਤਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਜਾਪਾਨ ਦੀ ਤਕਨੀਕ ਹੈ, ਜਿਸ ਤਹਿਤ ਸਬੰਧਤ ਖੇਤਰ ਵਿੱਚ ਹੋਣ ਵਾਲੇ ਪੌਦੇ ਹੀ ਉੱਥੇ ਲਗਾਏ ਜਾਂਦੇ ਹਨ ਤਾਂ ਕਿ ਇਨ੍ਹਾਂ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।
ਜ਼ਿਲ੍ਹਾ ਜੰਗਲਾਤ ਅਫ਼ਸਰ (ਡੀਐਫ਼ਓ) ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਤਕਨੀਕ ਸ਼ਹਿਰੀ ਖੇਤਰ ਵਿੱਚ ਥੋੜ੍ਹੀ ਥਾਂ ਲਈ ਬੇਹੱਦ ਕਾਰਗਰ ਹੈ, ਜਿਸ ਨਾਲ ਜਿੱਥੇ ਜੈਵਿਕ ਵਿਭਿੰਨਤਾ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ, ਉੱਥੇ ਪੌਦਿਆਂ ਦੇ ਵਿਕਸਤ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਇਸ ਤਕਨੀਕ ਨਾਲ ਪੌਦਿਆਂ ਦੀਆਂ ਜੜ੍ਹਾਂ ਇਕ ਦੂਜੇ ਨਾਲ ਜੁੜ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕੀ ਨਾਲ ਉਗਾਏ ਪੌਦਿਆਂ ਵਿੱਚ ਪੰਛੀ ਵੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।
ਈਕੋ ਸਿੱਖ ਸੰਸਥਾ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਦੋ ਥਾਵਾਂ ’ਤੇ ਤਿੰਨ ਫੁੱਟ ਡੂੰਘੀ ਖੁਦਾਈ ਕੀਤੀ ਜਾਂਦੀ ਹੈ। ਇਸ ਨੂੰ ਬਾਅਦ ਵਿੱਚ ਤੁੜੀ, ਪਰਾਲੀ ਅਤੇ ਖਾਦ ਦਾ ਮਿਕਸਚਰ ਤਿਆਰ ਕਰ ਕੇ ਭਰਿਆ ਜਾਂਦਾ ਹੈ। ਉਪਰੰਤ ਉਸ ਥਾਂ ਵਿੱਚ ਪੌਦੇ ਲਾਏ ਜਾਂਦੇ ਹਨ। ਇਸ ਤਕਨੀਕ ਨਾਲ ਪੌਦਿਆਂ ਦੀਆਂ ਜੜ੍ਹਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਇੰਨੀ ਕਾਰਗਰ ਹੈ ਕਿ ਪੌਦਿਆਂ ਨੂੰ ਸਾਲ ਜਾਂ ਡੇਢ ਸਾਲ ਲਈ ਪਾਣੀ ਦੇਣ ਦੀ ਲੋੜ ਪੈਂਦੀ ਹੈ, ਇਸ ਤੋਂ ਬਾਅਦ ਪੌਦਿਆਂ ਨੂੰ ਪਾਣੀ ਦੀ ਲੋੜ ਹੇਠਾਂ ਬਣਾਏ ਮਿਕਸਚਰ ਵਿੱਚ ਖੜ੍ਹੇ ਪਾਣੀ ਨਾਲ ਹੀ ਪੂਰੀ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਢੱਕ, ਅਰਜੁਨ, ਕਿੱਕਰ, ਬਹੇੜਾ ਜ਼ਾਮਨ, ਦੇਸੀ ਅੰਬ, ਬਬੂਲ, ਨਿੰਮ, ਸਿੰਬਲ, ਮਹੂਆ ਤੇ ਸੁਹੰਜਣਾ ਵਰਗੇ 40 ਤਰ੍ਹਾਂ ਦੇ ਬੂਟੇ ਲਾਏ ਜਾਣਗੇ। ਜਿਨ੍ਹਾਂ ’ਚੋਂ ਕਈ ਪੌਦਿਆਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ।
(ਬਾਕਸ ਆਈਟਮ)
ਕੀ ਹੈ ਮੀਆਵਾਕੀ ਤਕਨੀਕ?
ਇਹ ਤਕਨੀਕ ਜਾਪਾਨੀ ਬਨਸਪਤੀ ਵਿਗਿਆਨੀ ਅਕਿਰਾ ਮੀਆਵਾਕੀ ਨੇ ਸ਼ੁਰੂ ਕੀਤੀ, ਜਿਨ੍ਹਾਂ ਦੇ ਨਾਂ ’ਤੇ ਹੀ ਇਸ ਤਕਨੀਕ ਦਾ ਨਾਂ ਪਿਆ ਹੈ। ਇਸ ਤਕਨੀਕ ਵਿੱਚ ਥੋੜ੍ਹੀ ਥੋੜ੍ਹੀ ਥਾਂ ਵਿੱਚ ਦੋ ਟਿੱਲੇ ਬਣਾ ਕੇ ਸੰਘਣੇ ਬੂਟੇ ਲਗਾ ਕੇ ਜੰਗਲੀ ਖੇਤਰ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਬੂਟੇ 10 ਗੁਣਾ ਤੇਜ਼ ਰਫ਼ਤਾਰ ਨਾਲ ਵਧਦੇ ਫੁਲਦੇ ਹਨ ਅਤੇ ਆਮ ਜੰਗਲ ਨਾਲੋਂ ਇਹ ਬੂਟੇ 30 ਗੁਣਾ ਵੱਧ ਸੰਘਣੇ ਹੁੰਦੇ ਹਨ। ਇਹ ਤਕਨੀਕ ਇੰਨੀ ਕਾਰਗਰ ਹੈ ਕਿ ਦੋ ਸਾਲਾਂ ਵਿੱਚ ਹੀ ਪੌਦਿਆਂ ਦਾ ਵਿਕਾਸ ਕਈ ਗੁਣਾ ਤੱਕ ਹੋ ਜਾਂਦਾ ਹੈ। ਇਹ ਤਕਨੀਕ ਪ੍ਰਤੀਕੂਲ ਵਾਤਾਵਰਣ ਵਿੱਚ ਵੀ ਲਾਭਦਾਇਕ ਰਹਿੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…