Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ ਨੈਸ਼ਨਲ ਹਾੲਂੀਵੇਅ ਸਮੇਤ ਹੋਰ ਪ੍ਰਮੁੱਖ ਸੜਕਾਂ ’ਤੇ ਪ੍ਰਭਾਵਿਤ ਰਹੀ ਆਵਾਜਾਈ, ਲੋਕ ਪ੍ਰੇਸ਼ਾਨ ਸੀਪੀ-67 ਮਾਲ ਨੇੜੇ ਕਿਸਾਨਾਂ ਦੇ ਹੱਕ ਧਰਨ ਲਗਾਉਣ ਵਾਲੇ ਕੁੱਝ ਲੋਕ ਮੀਡੀਆ ਕਰਮੀਆਂ ਨਾਲ ਵੀ ਉਲਝੇ ਲੰਡੀ ਜੀਪ ਵਿੱਚ ਸਵਾਰ ਕੁੱਝ ਵਿਅਕਤੀਆਂ ਨੇ ਕਈ ਥਾਵਾਂ ’ਤੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ ਨਬਜ਼-ਏ-ਪੰਜਾਬ, ਮੁਹਾਲੀ, 30 ਦਸੰਬਰ: ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ ’ਤੇ ਅੱਜ ਪੰਜਾਬ ਬੰਦ ਨੂੰ ਆਮ ਨਾਗਰਿਕਾਂ, ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦਾ ਪੂਰਨ ਸਮਰਥਨ ਮਿਲਿਆ। ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਜ਼ਿਲ੍ਹਾ ਮੁਹਾਲੀ ਪੂਰਨ ਤੌਰ ’ਤੇ ਬੰਦ ਰਿਹਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਜ਼ਿਲ੍ਹੇ 15 ਤੋਂ 18 ਥਾਵਾਂ ’ਤੇ ਸੜਕਾਂ ’ਤੇ ਧਰਨੇ ਲਗਾ ਕੇ ਸਮੇਂ ਦੀਆਂ ਸਰਕਾਰਾਂ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਮੁਹਾਲੀ-ਖਰੜ ਨੈਸ਼ਨਲ ਹਾਈਵੇਅ ਸਮੇਤ ਹੋਰ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਂਜ ਸਾਰੀਆਂ ਥਾਵਾਂ ’ਤੇ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ। ਐਂਬੂਲੈਂਸਾਂ, ਬਰਾਤਾਂ, ਮੁਹਾਲੀ ਏਅਰਪੋਰਟ ’ਤੇ ਜਾਣ ਵਾਲਿਆਂ ਨੂੰ ਲੰਘਣ ਦਿੱਤਾ ਗਿਆ। ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਤੇ ਹਰਸਿਮਰਤ ਸਿੰਘ ਨੇ ਮੁਹਾਲੀ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੀ। ਮੁਹਾਲੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਧਰਨਾ ਪ੍ਰਦਰਸ਼ਨ ਸੈਕਟਰ-81 ਅਤੇ ਸੈਕਟਰ-82 ਦੀ ਸਾਂਝੀ ਹੱਦ ’ਤੇ ਦੇਖਣ ਨੂੰ ਮਿਲਿਆ। ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਵੇਰੇ ਸੱਤ ਵਜੇ ਤੋਂ ਸ਼ਾਮ 4 ਵਜੇ ਸਾਂਝਾ ਧਰਨਾ ਦਿੱਤਾ ਅਤੇ ਸ਼ਾਮ ਤੱਕ ਕਿਸਾਨ ਸਰਕਾਰਾਂ ਨੂੰ ਕੋਸਦੇ ਰਹੇ। ਇੱਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਪੁਆਧ, ਡਕੌਂਦਾ, ਕ੍ਰਾਂਤੀਕਾਰੀ, ਲੱਖੋਵਾਲ, ਕਿਸਾਨ ਤੇ ਜਵਾਨ ਭਲਾਈ ਯੂਨੀਅਨ, ਸਿੱਧੂਪੁਰ ਅਤੇ ਹੋਰਨਾਂ ਜਥੇਬੰਦੀਆਂ ਦੇ ਵੱਡੀ ਗਿਣਤੀ ਕਿਸਾਨਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਛੋਟੇ ਛੋਟੇ ਬੱਚੇ ਵੀ ਕਿਸਾਨੀ ਝੰਡੇ ਚੁੱਕੀ ਨਜ਼ਰ ਆਏ। ਇਸ ਧਰਨੇ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਹੁੰਚ ਕੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਬੀਬੀ ਹਰਮਨਪ੍ਰੀਤ ਕੌਰ ਵਿਰਕ, ਪਰਮਦੀਪ ਸਿੰਘ ਬੈਦਵਾਨ, ਤਰਲੋਚਨ ਸਿੰਘ, ਕੁਲਦੀਪ ਸਿੰਘ ਭਾਗੋਮਾਜਰਾ, ਪ੍ਰਤੀਕ ਸਿੰਘ, ਕਰਮਜੀਤ ਸਿੰਘ ਚਿੱਲਾ, ਨੰਬਰਦਾਰ ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮਸਲਿਆਂ ’ਤੇ ਗੱਲ ਕਰਨ ਤੋਂ ਕਿਉਂ ਭੱਜ ਰਹੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਅੰਨਦਾਤਾ ਸੜਕਾਂ ’ਤੇ ਰੁਲ ਰਿਹਾ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਪ੍ਰੰਤੂ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਾਲ ਕਿਉਂ ਟਕਰਾਅ ਦੀ ਸਥਿਤੀ ਬਣਾ ਕੇ ਰੱਖਣਾ ਚਾਹੁੰਦੀ ਹੈ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ, ਸੰਘਰਸ਼ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਏਅਰਪੋਰਟ ਸੜਕ ਸਮੇਤ ਸੀਪੀ-67 ਮਾਲ ਚੌਕ, ਪਿੰਡ ਚਿੱਲਾ ਮੋੜ ਨੇੜੇ ਰੇਲਵੇ ਪਟੜੀ ’ਤੇ ਵੀ ਕਿਸਾਨੀ ਝੰਡੇ ਲਹਿਰਾ ਕੇ ਰੇਲਾਂ ਰੋਕੀਆਂ ਗਈਆਂ। ਖਰੜ ਮੇਨ ਬੱਸ ਸਟੈਂਡ, ਸੈਕਟਰ-123 ਸਥਿਤ ਗੋਪਾਲ ਸਵੀਟਸ ਚੌਕ, ਦਾਊ-ਬੱਲੋਮਾਜਰਾ, ਖਰੜ ਲਾਂਡਰਾਂ ਰੋਡ, ਲਾਂਡਰਾਂ ਤੋਂ ਬਨੂੜ ਸੜਕ, ਨੈਸ਼ਨਲ ਹਾਈਵੇਅ ’ਤੇ ਫਲਾਈਓਵਰ ਦੇ ਉੱਤੇ ਅਤੇ ਥੱਲੇ, ਜ਼ੀਰਕਪੁਰ, ਦੱਪਰ ਟੋਲ ਪਲਾਜ਼ਾ, ਸਰਸੀਣੀ, ਝਰਮਣੀ, ਅਜੀਜਪੁਰ ਟੋਲ ਪਲਾਜ਼ਾ, ਬਨੂੜ, ਕੁਰਾਲੀ, ਸਿਸਵਾਂ ਸੜਕ, ਮਾਜਰੀ ਬਲਾਕ, ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ ਅਤੇ ਹੋਰਨਾਂ ’ਤੇ ਸੜਕਾਂ ਜਾਮ ਕਰਕੇ ਸਰਕਾਰਾਂ ਦਾ ਪਿੰਟ ਸਿਆਪਾ ਕੀਤਾ ਗਿਆ ਹੈ। ਉਧਰ, ਸੀਪੀ-67 ਮਾਲ ਨੇੜੇ ਧਰਨੇ ਦੌਰਾਨ ਮੀਡੀਆ ਕਰਮੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁੱਝ ਹੁੱਲੜਬਾਜ਼ ਨਿੱਜੀ ਰੰਜ਼ਸ਼ ਦੇ ਚੱਲਦਿਆਂ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਇਕੱਠ ਦੀ ਆੜ ਵਿੱਚ ਪੱਤਰਕਾਰਾਂ ਸਮੇਤ ਲੋਕਾਂ ਦੇ ਗੱਲ ਪੈਣ ਤੱਕ ਜਾ ਰਹੇ ਸੀ। ਜਿਸ ਕਾਰਨ ਕਈ ਮੀਡੀਆ ਕਰਮੀਆਂ ਨੇ ਪਿੱਛੇ ਮੁੜ ਕੇ ਸਮਝਦਾਰੀ ਦਿਖਾਈ। ਨਹੀਂ ਤਾਂ ਸ਼ਾਇਦ ਹਾਲਾਤ ਵਿਗੜ ਸਕਦੇ ਸਨ। ਸੂਚਨਾ ਮਿਲਣ ’ਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਾਅਦ ਵਿੱਚ ਹਾਲਾਤ ਸੁਖਾਵੇਂ ਹੋ ਗਏ। ਜਦੋਂ ਮੀਡੀਆ ਨਾਲ ਬਦਸਲੂਕੀ ਬਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਵੀ ਇਸ ਨੂੰ ਮੰਦਭਾਗਾ ਦੱਸਦਿਆਂ ਸਪੱਸ਼ਟ ਕੀਤਾ ਕਿ ਵਿਰੋਧ ਕਰਨ ਵਾਲੇ ਕਿਸਾਨ ਜਥੇਬੰਦੀ ਦੇ ਮੈਂਬਰ ਨਹੀਂ ਸਨ। ਉਹ ਕਿਸੇ ਨੇੜਲੇ ਪਿੰਡ ਦੇ ਵਸਨੀਕ ਸਨ। ਇਸੇ ਦੌਰਾਨ ਇੱਕ ਲੰਡੀ ਜੀਪ ਵਿੱਚ ਸਵਾਰ ਕੁੱਝ ਵਿਅਕਤੀ ਸ਼ਹਿਰ ਵਿੱਚ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਜੀਪ ’ਤੇ ਕਿਸਾਨੀ ਝੰਡੇ ਲੱਗੇ ਹੋਏ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ