
ਮੁਹਾਲੀ ਜ਼ਿਲ੍ਹੇ ਵਿੱਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਸਾਰੇ ਬਾਜ਼ਾਰ ਬੰਦ, ਸੜਕਾਂ ’ਤੇ ਚੱਕਾ ਜਾਮ
ਮੁਹਾਲੀ ਸ਼ਹਿਰ ਤੇ ਨੇੜਲੇ ਪਿੰਡਾਂ, ਮੁੱਖ ਸੜਕਾਂ ’ਤੇ ਆਵਾਜਾਈ ਠੱਪ ਹੋਣ ਕਾਰਨ ਰਾਹਗੀਰ ਤੰਗ ਪ੍ਰੇਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਉੱਤੇ ਦਬਾਅ ਪਾਉਣ ਲਈ ਅੱਜ ਮੁਹਾਲੀ ਸ਼ਹਿਰ ਤੇ ਨੇੜਲੇ ਪਿੰਡਾਂ, ਕਸਬਿਆਂ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਭਾਰਤ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਸਾਨਾਂ, ਵਪਾਰੀ ਵਰਗ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਕੀਤੀ ਗਈ ਸੀ। ਅੱਜ ਸਾਰੇ ਬਾਜ਼ਾਰ, ਫੈਕਟਰੀਆਂ ਅਤੇ ਹੋਰ ਕਾਰਪੋਰੇਟ ਦਫ਼ਤਰ ਮੁਕੰਮਲ ਬੰਦ ਰਹੇ। ਹਾਲਾਂਕਿ ਸਰਕਾਰੀ ਦਫ਼ਤਰ ਖੁੱਲ੍ਹੇ ਸਨ ਪ੍ਰੰਤੂ ਸਵੇਰੇ 6 ਵਜੇ ਤੋਂ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਕਾਰਨ ਜ਼ਿਆਦਾਤਰ ਅਧਿਕਾਰੀ ਅਤੇ ਕਰਮਚਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਜਾ ਸਕੇ। ਇੰਜ ਹੀ ਸਕੂਲਾਂ ਵਿੱਚ ਸਨਾਟਾ ਪਸਰਿਆ ਰਿਹਾ। ਕੁੱਝ ਸਕੂਲਾਂ ਵਿੱਚ ਅਧਿਆਪਕ ਕਿਵੇਂ ਨਾ ਕਿਵੇਂ ਸਕੂਲ ਪਹੁੰਚ ਗਏ ਸੀ ਪਰ ਸ਼ਾਮ 4 ਵਜੇ ਧਰਨਾ ਜਾਰੀ ਰਹਿਣ ਕਾਰਨ ਬਾਅਦ ਵਿੱਚ ਅਧਿਆਪਕ ਆਪਣੇ ਘਰਾਂ ਨੂੰ ਖਿਸਕਣੇ ਸ਼ੁਰੂ ਹੋ ਗਏ ਲੇਕਿਨ ਰਸਤੇ ਵਿੱਚ ਜਾਮ ਵਿੱਚ ਫਸ ਗਏ। ਇਹੀ ਨਹੀਂ ਕਈ ਥਾਵਾਂ ’ਤੇ ਮੀਡੀਆ ਕਰਮੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਕਿਰਪਾਲ ਸਿੰਘ ਸਿਆਊ, ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਕੁਲਵੰਤ ਸਿੰਘ ਤ੍ਰਿਪੜੀ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਗਜੀਤ ਸਿੰਘ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਪਰਵਿੰਦਰ ਸਿੰਘ ਬੈਦਵਾਨ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਬੁੱਧੀਜੀਵੀ ਪ੍ਰੋ. ਮਨਜੀਤ ਸਿੰਘ ਅਤੇ ਮਹਿਲਾ ਆਗੂ ਹਰਮਨਪ੍ਰੀਤ ਸਿੰਘ ਵਿਰਕ ਨੇ ਦੇਸ਼ ਦੇ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ, ਬਲਕਿ ਹਰ ਨਾਗਰਿਕ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਸਖ਼ਤ ਲੋੜ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਤੋਂ ਕਿਸਾਨਾਂ ਵੱਲੋਂ ਮੁਹਾਲੀ ਸ਼ਹਿਰ, ਨੇੜਲੇ ਪਿੰਡਾਂ ਅਤੇ ਮੁੱਖ ਸੜਕਾਂ ਅਤੇ ਰਾਜ ਮਾਰਗਾਂ ਉੱਤੇ ਆਵਾਜਾਈ ਠੱਪ ਕਰਕੇ ਰੋਸ ਵਿਖਾਵੇ ਕੀਤੇ ਗਏ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਲਈ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਰੋਕਿਆਂ ਗਿਆ। ਮੁਹਾਲੀ ਏਅਰਪੋਰਟ ਸੜਕ ’ਤੇ ਏਅਰਪੋਰਟ ਚੌਂਕ, ਐਰੋਸਿਟੀ ਸੈਕਟਰ-82, ਕੇਂਦਰੀ ਸਿੱਖਿਆ ਸੰਸਥਾਨ ਆਈਸਰ ਦੇ ਸਾਹਮਣੇ ਲਾਲ ਬੱਤੀ ਚੌਂਕ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਟੀ-ਪੁਆਇੰਟ, ਵਾਈਪੀਐਸ ਚੌਂਕ, ਫੇਜ਼-3\5 ਦੇ ਟਰੈਫ਼ਿਕ ਲਾਈਟ ਪੁਆਇੰਟ, ਬਲੌਂਗੀ, ਗੋਪਾਲ ਸਵੀਟਸ ਦੇ ਸਾਹਮਣੇ, ਚੱਪੜਚਿੜੀ ਸਵਰਾਜ ਫੈਕਟਰੀ ਟੀ-ਪੁਆਇੰਟ, ਟੀਡੀਆਈ, ਜ਼ੀਰਕਪੁਰ, ਡੇਰਾਬੱਸੀ ਵਿੱਚ ਦੱਪਰ ਟੋਲ ਪਲਾਜ਼ਾ ਸਮੇਤ ਹੋਰਨਾਂ ਥਾਵਾਂ ’ਤੇ ਰੋਸ ਵਿਖਾਵੇ ਕੀਤੇ ਗਏ।

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੀਤਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲਾਂਡਰਾਂ ਜੰਕਸ਼ਨ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਨਿਆਮੀਆਂ, ਜਸਵਿੰਦਰ ਸਿੰਘ ਵਿਰਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਜ਼ੀਰਕਪੁਰ-ਪਟਿਆਲਾ ਨੈਸ਼ਨਲ ਹਾਈਵੇਟ ’ਤੇ ਸਥਿਤ ਅਜੀਜਪੁਰ ਟੋਲ ਪਲਾਜ਼ਾ ਅਤੇ ਮੁਹਾਲੀ ਤੋਂ ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਖਰੜ ਨੇੜੇ ਭਾਗੋਮਾਜਰਾ ਟੋਲ ਪਲਾਜ਼ਾ, ਖਾਨਪੁਰ ਟੀ-ਪੁਆਇੰਟ, ਫਲਾਈਓਵਰ ਦੇੇ ਐਂਟਰੀ ਪੁਆਇੰਟ ’ਤੇ ਇਲਾਕੇ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਚੱਕਾ ਜਾਮ ਕੀਤਾ ਗਿਆ।