Nabaz-e-punjab.com

ਅਣਦੇਖੀ: ਮੁਹਾਲੀ ਡੰਪਿੰਗ ਗਰਾਉਂਡ ਦਾ ਮਾਮਲਾ ਹਾਈ ਕੋਰਟ ਪੁੱਜਾ

ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ, ਜਵਾਬ ਮੰਗਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਮੁਹਾਲੀ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਡੰਪਿੰਗ ਗਰਾਉਂਡ ਦਾ ਮਾਮਲਾ ਇਕ ਵਾਰ ਫਿਰ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਹਾਈ ਕੋਰਟ ਦੇ ਜਸਟਿਸ ਦਯਾ ਚੌਧਰੀ ਅਤੇ ਜਸਟਿਸ ਸੁਧੀਰ ਮਿੱਤਲ ਦੇ ਡਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਰਿਹਾਇਸ਼ੀ ਖੇਤਰ ਅਤੇ ਸਨਅਤਾਂ ਨੇੜਿਓਂ ਉਕਤ ਡੰਪਿੰਗ ਗਰਾਉਂਡ ਨੂੰ ਇੱਥੋਂ ਸ਼ਿਫ਼ਟ ਕਰਨ ਸਬੰਧੀ ਲਿਖਤੀ ਜਵਾਬ ਮੰਗਿਆ ਹੈ। ਉੱਚ ਅਦਾਲਤ ਨੇ ਇਹ ਕਾਰਵਾਈ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਹਾਊਸਿੰਗ ਕੰਪਲੈਕਸ ਦੀ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਦੀ ਪਟੀਸ਼ਨ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਸੁਸਾਇਟੀ ਨੇ ਇਨਸਾਫ਼ ਪ੍ਰਾਪਤੀ ਲਈ ਮੁੜ ਉੱਚ ਅਦਾਲਤ ਦਾ ਬੂਹਾ ਖੜਕਾਉਂਦਿਆਂ ਪਿਛਲੀ ਸਿਵਲ ਰਿਟ ਪਟੀਸ਼ਨ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਪਟੀਸ਼ਨਰ ਦੇ ਵਕੀਲ ਸਤਵੰਤ ਸਿੰਘ ਰੰਗੀ ਨੇ ਡਜ਼ੀਵਨ ਬੈਂਚ ਨੂੰ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਮੁਹਾਲੀ ਦਾ ਕੂੜਾ ਕਰਕਟ ਛੇ ਮਹੀਨਿਆਂ ਦੇ ਅੰਦਰ ਅੰਦਰ ਪਿੰਡ ਸਮਗੌਲੀ (ਡੇਰਾਬੱਸੀ) ਸ਼ਿਫ਼ਟ ਕਰ ਦਿੱਤਾ ਜਾਵੇਗਾ। ਸਰਕਾਰੀ ਭਰੋਸੇ ਤੋਂ ਬਾਅਦ ਹਾਈ ਕੋਰਟ ਨੇ ਪਹਿਲੀ ਪਟੀਸ਼ਨ ’ਤੇ ਕਾਰਵਾਈ ਰੋਕ ਦਿੱਤੀ ਗਈ ਸੀ। ਲੇਕਿਨ ਹੁਣ ਤੱਕ ਪ੍ਰਸ਼ਾਸਨ ਨੇ ਆਪਣਾ ਵਾਅਦਾ ਨਹੀਂ ਨਿਭਾਇਆ।
ਵਕੀਲ ਸਤਵੰਤ ਸਿੰਘ ਰੰਗੀ ਨੇ ਦੱਸਿਆ ਕਿ ਪ੍ਰਾਜੈਕਟ ਦੀ ਤਰੱਕੀ ਨੂੰ ਲੈ ਕੇ ਪਟੀਸ਼ਨਰ ਨੇ ਕਈ ਵਾਰ ਪੁੱਛਗਿੱਛ ਕੀਤੀ ਗਈ ਅਤੇ ਆਰਟੀਆਈ ਐਕਟ ਦੇ ਤਹਿਤ ਜਾਣਕਾਰੀ ਮੰਗੀ ਗਈ ਪ੍ਰੰਤੂ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਜਿਸ ਕਾਰਨ ਪਟੀਸ਼ਨਰ ਨੂੰ ਦੁਬਾਰਾ ਹਾਈ ਕੋਰਟ ਦੀ ਸ਼ਰਨ ਵਿੱਚ ਜਾਣਾ ਪਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 29 ਅਕਤੂਬਰ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਬਲਦੇਵ ਸਿੰਘ ਨੇ 19 ਅਪਰੈਲ 2006 ਨੂੰ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ।
ਜਾਣਕਾਰੀ ਅਨੁਸਾਰ ਮੌਜੂਦਾ ਡੰਪਿੰਗ ਗਰਾਉਂਡ ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਅਤੇ ਆਈਟੀ ਖੇਤਰ ਸੈਕਟਰ-74 ਵਿੱਚ ਸਥਿਤ ਹੈ। ਇਸ ਦੇ ਨੇੜੇ ਹੀ ਸੈਕਟਰ-91 ਦਾ ਰਿਹਾਇਸ਼ੀ ਖੇਤਰ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਜਾਣ ਲਈ ਇਸ ਰਸਤੇ ਤੋਂ ਅੱਗੇ ਜਾਣਾ ਪੈਂਦਾ ਹੈ। ਜਿਸ ਕਾਰਨ ਸੜਕ ਨੇੜਿਓਂ ਲੰਘਦੇ ਸਮੇਂ ਕਾਫੀ ਬਦਬੂ ਆਉਂਦੀ ਹੈ ਅਤੇ ਤੇਜ਼ ਹਵਾ ਚੱਲਣ ਕਾਰਨ ਇੱਥੋਂ ਲੰਘਣਾ ਅਤੇ ਨੇੜਲੇ ਇਲਾਕੇ ਵਿੱਚ ਰਹਿਣਾ ਦੁੱਭਰ ਹੋ ਜਾਂਦਾ ਹੈ।
ਪੰਜਾਬ ਸਰਕਾਰ ਇਸ ਸਥਾਨ ਨੂੰ ਕਵਾਰਕ, ਟੈਲੀਪਰਫਾਰਮੈਂਸ ਅਤੇ ਸੈਂਕੜੇ ਸਟਾਰਟ ਅਪਸ ਦੇ ਨਾਲ ਆਈਟੀ ਸੈਟਅਪ ਲਈ ਇਕ ਸਟਾਰ ਆਕਰਸ਼ਣ ਹੋਣ ਦਾ ਦਾਅਵਾ ਕਰਦੀ ਆਈ ਹੈ, ਫਿਰ ਵੀ ਇੱਥੋਂ ਕੂੜਾ ਘਰ ਨੂੰ ਹੋਰ ਪਾਸੇ ਸ਼ਿਫ਼ਟ ਨਹੀਂ ਕੀਤਾ ਜਾ ਰਿਹਾ ਹੇ। ਇਹੀ ਨਹੀਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਐਸੋਚੈਮ ਦਾ ਨੀਂਹ ਪੱਥਰ ਰੱਖ ਚੁੱਕੇ ਹਨ। ਨੀਲੇ ਅਸਮਾਨ ਦੇ ਥੱਲੇ ਖੁੱਲ੍ਹੇ ਵਿੱਚ ਡਿੰਪਿੰਗ ਗਰਾਉਂਡ ਮਨੁੱਖੀ ਸਿਹਤ ਲਈ ਖਤਰਾ ਬਣ ਗਿਆ ਹੈ। ਇਹੀ ਨਹੀਂ ਇੱਥੇ ਕੂੜਾ ਕਰਕਟ ਸੁੱਟਣ ਲਈ ਆਉਂਦੇ ਵਾਹਨਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸੜਕ ਉੱਤੇ ਥਾਂ ਥਾਂ ਗੰਦਗੀ ਖਿੱਲਰੀ ਰਹਿੰਦੀ ਹੈ।
ਉਧਰ, ਇਸ ਸਬੰਧੀ ਹਲਕਾ ਵਿਧਾਇਕ ਤੇ ਮੌਜੂਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡੰਪਿੰਗ ਗਰਾਉਂਡ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਲੋਕਹਿੱਤ ਵਿੱਚ ਡੀਸੀ ਮੁਹਾਲੀ, ਨਗਰ ਨਿਗਮ ਅਤੇ ਐਸਡੀਐਮ ਮੁਹਾਲੀ ਤੇ ਡੇਰਾਬੱਸੀ ਨੂੰ ਕਾਫੀ ਸਮਾਂ ਪਹਿਲਾਂ ਪੱਤਰ ਲਿਖੇ ਜਾ ਚੁੱਕੇ ਹਨ। ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਨੇੜਲੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…