nabaz-e-punjab.com

ਚੰਡੀਗੜ੍ਹ ਹਾਦਸੇ ਤੋਂ ਬਾਅਦ ਮੁਹਾਲੀ ਫਾਇਰ ਬ੍ਰਿਗੇਡ ਨੇ ਸ਼ਹਿਰ ਦੇ ਪੀਜੀ ਖ਼ਿਲਾਫ਼ ਸ਼ਿਕੰਜਾ ਕੱਸਿਆ

ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪੀਜੀ ਹਾਊਸਿਜ਼ ਦਾ ਨਿਰੀਖ਼ਣ ਕੀਤਾ ਜਾਵੇਗਾ: ਵਰਮਾ

ਪੀਜੀ ਮਾਲਕ ਨੂੰ ਪੇਇੰਗ ਗੈਸਟ ਵਿੱਚ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਚੰਡੀਗੜ੍ਹ ਪੀਜੀ ਅਗਨੀ ਕਾਂਡ ਤੋਂ ਬਾਅਦ ਮੁਹਾਲੀ ਫਾਇਰ ਬ੍ਰਿਗੇਡ ਨੇ ਸ਼ਹਿਰ ਵਿੱਚ ਚੱਲਦੇ ਅਣਅਧਿਕਾਰਤ ਪੇਇੰਗ ਗੈਸਟ (ਪੀਜੀ) ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਪੀਜੀ ਦੀ ਚੈਕਿੰਗ ਦੌਰਾਨ ਅੱਗ ਬੁਝਾਉਣ ਦੇ ਪੁਖਤ ਇੰਤਜ਼ਾਮਾਂ ਬਾਰੇ ਪਤਾ ਲਗਾਇਆ ਜਾਵੇਗਾ। ਇਸ ਸਬੰਧੀ ਫਾਇਰ ਬ੍ਰਿਗੇਡ ਦਫ਼ਤਰ ਨੇ ਗਮਾਡਾ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਚਲ ਰਹੇ ਰਜਿਸਟਰਡ ਅਤੇ ਅਣਅਧਿਕਾਰਤ ਪੀਜੀ ਦੀ ਸੂਚੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਇਕ ਹਜ਼ਾਰ ਤੋਂ ਵੱਧ ਅਣਅਧਿਕਾਰਤ ਪੀਜੀ ਚੱਲ ਰਹੇ ਹਨ ਜਦੋਂਕਿ ਗਮਾਡਾ ਕੋਲ ਸਿਰਫ਼ 40 ਕੁ ਪੀਜੀ ਰਜਿਸਟਰਡ ਹਨ। ਉਂਜ ਹੁਣ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਪੀਜੀ ਮਾਲਕ ਕਾਨੂੰਨੀ ਤੋਂ ਬਚਨ ਦੇ ਚੱਕਰ ਵਿੱਚ ਆਪਣੇ ਪੀਜੀ ਰਜਿਸਟਰਡ ਕਰਵਾਉਣ ਲਈ ਕਾਹਲੇ ਪੈ ਗਏ ਹਨ।
ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਗਮਾਡਾ ਤੋਂ ਪੇਇੰਗ ਗੈਸਟਾਂ ਦੀ ਸੂਚੀ ਮਿਲਣ ਤੋਂ ਬਾਅਦ ਵੱਖ ਵੱਖ ਟੀਮਾਂ ਬਣਾ ਕੇ ਸ਼ਹਿਰ ਵਿੱਚ ਪੀਜੀ ਦੀ ਚੈਕਿੰਗ ਕੀਤੀ ਜਾਵੇਗੀ। ਉਂਜ ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀ ਚੈਕਿੰਗ ਦਾ ਮੁੱਖ ਮੰਤਵ ਪੀਜੀ ਹਾਊਸਿਜ਼ ਵਿੱਚ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਚੰਡੀਗੜ੍ਹ ਪੀਜੀ ਅਗਨੀ ਕਾਂਡ ਵਰਗਾ ਦੁਖਾਂਤ ਵਾਪਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੀਜੀ ਘਰਾਂ ਵਿੱਚ ਦੇਖਿਆ ਜਾਵੇਗਾ ਕੀ ਉੱਥੇ ਹੰਗਾਮੀ ਹਾਲਾਤਾਂ ਵਿੱਚ ਅੱਗ ਬੁਝਾਉਣ ਦੇ ਪੁਖ਼ਤਾ ਇੰਤਜ਼ਾਮ ਹਨ ਜਾਂ ਨਹੀਂ? ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਪੀਜੀ ਮਾਲਕਾਂ ਨੂੰ ਪੇਇੰਗ ਗੇਸਟਾਂ ਵਿੱਚ ਰਹਿੰਦੇ ਵਿਅਕਤੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਗ ਬੁਝਾਉਣ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਜਾ ਰਿਹਾ ਹੈ।
ਉਧਰ, ਚੰਡੀਗੜ੍ਹ ਹਾਦਸੇ ਤੋਂ ਬਾਅਦ ਗਮਾਡਾ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਵੋਟਾਂ ਦੀ ਰਾਜਨੀਤੀ ਦੇ ਚੱਲਦਿਆਂ ਸਿਆਸੀ ਦਬਾਅ ਕਾਰਨ ਸਬੰਧਤ ਵਿਅਕਤੀਆਂ ਖ਼ਿਲਾਫ਼ ਨਿਯਮਾਂ ਤਹਿਤ ਕਾਰਵਾਈ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਸਖ਼ਤੀ ਮਹਿਜ਼ ਖਾਨਾਪੂਰਤੀ ਵਾਲੀ ਹੈ। ਰਾਜਧਾਨੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ਼ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਰਹਿ ਗਏ ਹਨ। ਹੁਣ ਤੱਕ ਕਿਸੇ ਅਣਅਧਿਕਾਰਤ ਪੀਜੀ ਮਾਲਕ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ਹੈ। ਹਾਲਾਂਕਿ ਗਮਾਡਾ ਦੀ ਨੀਤੀ ਅਨੁਸਾਰ ਜੇਕਰ ਕੋਈ ਵਿਅਕਤੀ ਰਿਹਾਇਸ਼ੀ ਖੇਤਰ ਵਿੱਚ ਪੀਜੀ ਚਲਾਉਂਦਾ ਹੈ ਤਾਂ ਸਬੰਧਤ ਨੂੰ ਆਪਣੇ ਘਰ ਦੇ ਦੋਵੇਂ ਪਾਸੇ ਗੁਆਂਢੀਆਂ ਸਮੇਤ ਸਬੰਧਤ ਇਲਾਕੇ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਸਹਿਮਤੀ ਜ਼ਰੂਰੀ ਹੈ। ਦੂਜਾ ਪੀਜੀ ਸਾਢੇ 7 ਮਰਲੇ ਤੋਂ ਘੱਟ ਮਕਾਨ ਵਿੱਚ ਨਹੀਂ ਚਲਾਇਆ ਜਾ ਸਕਦਾ ਹੈ। ਤੀਜਾ ਇਕ ਰੂਮ ਵਿੱਚ ਸਿਰਫ਼ ਦੋ ਜਣੇ ਅਤੇ ਉਨ੍ਹਾਂ ਲਈ ਵੱਖਰਾ ਬਾਥਰੂਮ ਅਤੇ ਰਸੋਈ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਮਕਾਨ ਮਾਲਕ ਤਾਂ ਪੀਜੀ ਕੰਪਲੈਕਸ ਵਿੱਚ ਰਹਿਣਾ ਜ਼ਰੂਰੀ ਹੈ ਪ੍ਰੰਤੂ ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਪੀਜੀ ਮਾਲਕ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ ਅਤੇ ਅੱਗ ਬੁਝਾਉਣ ਦੇ ਵੀ ਪੁਖ਼ਤਾ ਪ੍ਰਬੰਧ ਨਹੀਂ ਹਨ। ਇਸ ਦੇ ਬਾਵਜੂਦ ਇਹ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਸ਼ਾਇਦ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…