ਮੁਹਾਲੀ ਨੂੰ ਜ਼ਿਲ੍ਹਾ ਬਣਿਆ 11 ਸਾਲ ਬੀਤੇ: ਕੌਮਾਂਤਰੀ ਏਅਰਪੋਰਟ ਤੋਂ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਦੁਨੀਆ ਭਰ ਵਿੱਚ ਬਣੀ ਪਛਾਣ

ਵਿਸ਼ਵ ਦਾ ਪਹਿਲਾ ਏਸੀ ਬੱਸ ਅੱਡਾ, ਭਾਰਤ ਦੇ ਪਹਿਲੇ ਕਿਸਾਨ ਵਿਕਾਸ ਚੈਂਬਰ, ਮੈਡੀਕਲ ਸਿੱਖਿਆ ਤੇ ਖੋਜ ਭਵਨ, ਵਿਕਾਸ ਭਵਨ ਵੀ ਬਣੇ ਸ਼ਾਨ

ਮੁਹਾਲੀ ਵਿੱਚ ਬਣਨ ਵਾਲੇ ਵਿਸ਼ਵ ਦੇ ਪਹਿਲੇ ਐਡਵਾਂਸ ਅੋਟਿਜ਼ਮ ਰਿਸਰਚ ਤੇ ਕੇਅਰ ਸੈਂਟਰ ਦਾ ਬਾਦਲ ਨੇ ਰੱਖਿਆ ਸੀ ਨੀਂਹ ਪੱਥਰ

ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਕਾਰਜਕਾਲ ਦੌਰਾਨ ਦੀਆਂ ਹਨ ਜ਼ਿਆਦਾਤਰ ਪ੍ਰਾਪਤੀਆਂ

14 ਅਪਰੈਲ 2006 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੀ ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਜ਼ਿਲ੍ਹਾ ਬਣਿਆ ਅੱਜ 11 ਸਾਲ ਹੋ ਗਏ ਹਨ। ਇਸ ਦੌਰਾਨ ਮੁਹਾਲੀ ਨੇ ਨਾ ਸਿਰਫ਼ ਵਿਸ਼ਵ ਪੱਧਰ ’ਤੇ ਵਿਲੱਖਣ ਪਛਾਣ ਬਣਾਈ ਹੈ, ਸਗੋਂ ਪੰਜਾਬ ਦੇ ਹੋਰਨਾਂ ਵੱਡੇ ਸ਼ਹਿਰਾਂ ਤੇ ਜ਼ਿਲ੍ਹਿਆਂ ਦੇ ਮੁਕਾਬਲੇ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਵੀ ਛੋਹਿਆ ਹੈ। ਉਂਜ ਜ਼ਿਆਦਾਤਰ ਪ੍ਰਾਪਤੀਆਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਕਾਰਜਕਾਲ ਦੌਰਾਨ ਦੀਆਂ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਅਪਰੈਲ 2006 ਨੂੰ ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜ਼ਾ ਦਿੱਤਾ ਸੀ ਅਤੇ ਉਦੋਂ ਮੁਹਾਲੀ ਖਰੜ ਵਿਧਾਨ ਸਭਾ ਹਲਕੇ ਦਾ ਹਿੱਸਾ ਹੁੰਦਾ ਸੀ ਅਤੇ ਬੀਰਦਵਿੰਦਰ ਸਿੰਘ ਇੱਥੋਂ ਦੇ ਕਾਂਗਰਸ ਦੇ ਵਿਧਾਇਕ ਸਨ। ਹਾਲਾਂਕਿ ਬੀਰ ਦੀ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਨਾਲ ਗਰਾਰੀ ਫਸੀ ਰਹੀ ਹੈ ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਪਹਿਲਕਦਮੀਆਂ ਸਦਕਾ ਕਈ ਪ੍ਰਾਪਤੀਆਂ ਜ਼ਿਕਰਯੋਗ ਹੈ। ਜਿਨ੍ਹਾਂ ਵਿੱਚ ਤਾਲਾ ਬੰਦ ਪਨਵਾਇਰ ਦੇ ਤਾਲੇ ਖੁੱਲ੍ਹਣੇ, ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜਾ ਮਿਲਣਾ ਅਤੇ ਖਰੜ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮੇਤ ਇਲਾਕੇ ਵਿੱਚ ਬਿਜਲੀ ਦੇ ਕਈ ਗਰਿੱਡ ਸਥਾਪਿਤ ਕਰਨੇ ਅਹਿਮ ਹਨ।
ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਮੁਹਾਲੀ ਨੂੰ ਪੰਜਾਬ ਦਾ ਮਾਡਲ ਸ਼ਹਿਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਗਈ। ਬਾਦਲਾਂ ਦੀ ਸਵੱਲੀ ਨਜ਼ਰ ਦੇ ਚੱਲਦਿਆਂ ਸਾਲ 2016 ਮੁਹਾਲੀ ਵਾਸੀਆਂ ਲਈ ਕਾਫੀ ਖੁਸ਼ਗਵਾਰ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਅਖੀਰਲੇ ਵਰ੍ਹੇ ਬਾਦਲ ਸਰਕਾਰ ਮੁਹਾਲੀ ’ਤੇ ਕੁੱਝ ਜ਼ਿਆਦਾ ਮਿਹਰਬਾਨ ਰਹੀ ਹੈ। ਸਰਕਾਰ ਦਾ ਆਖਰੀ ਵਰ੍ਹਾ ਸਰਕਾਰੀ ਤੋਹਫ਼ਿਆਂ ਵਾਲਾ ਰਿਹਾ ਹੈ। ਹਾਲਾਂਕਿ ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਕਾਰਨ ਸ਼ਹਿਰ ਦੀ ਵਿਸ਼ਵ ਭਰ ਵਿੱਚ ਪਛਾਣ ਬਣੀ ਹੋਈ ਹੈ ਲੇਕਿਨ ਨੇੜਲੇ ਪਿੰਡ ਝਿਊਰਹੇੜੀ ਦੀ ਜ਼ਮੀਨ ਵਿੱਚ ਬਣੇ ਕੌਮਾਂਤਰੀ ਏਅਰਪੋਰਟ ਤੋਂ ਇੰਟਰ ਨੈਸ਼ਨਲ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਮੁਹਾਲੀ ਦੁਨੀਆ ਭਰ ਦੇ ਨਕਸ਼ੇ ’ਤੇ ਛਾ ਗਿਆ ਹੈ। ਪ੍ਰਧਾਨ ਮੰਤਰੀ ਨੇ 15 ਸਤੰਬਰ 2011 ਨੂੰ ਮੁਹਾਲੀ ਏਅਰਪੋਰਟ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਸ਼ਾਰਜਾਂਹ ਲਈ ਪਹਿਲੀ ਕੌਮਾਂਤਰੀ ਉਡਾਣ ਭਰੀ ਗਈ ਸੀ ਅਤੇ 10 ਦਿਨਾਂ ਬਾਅਦ 25 ਸਤੰਬਰ ਨੂੰ ਦੁਬਈ ਲਈ ਉਡਾਣ ਸ਼ੁਰੂ ਹੋਈ ਸੀ। ਮਈ ਵਿੱਚ ਬੈਂਕਾਕ, ਸਿੰਘਾਂਪੁਰ ਲਈ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਮਗਰੋਂ ਆਬੂਧਾਬੀ ਲਈ ਉਡਾਣ ਸ਼ੁਰੂ ਹੋਣ ਬਾਰੇ ਕਿਹਾ ਜਾ ਰਿਹਾ ਹੈ।
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਮੁਹਾਲੀ ਵਿੱਚ ਵਿਸ਼ਵ ਦਾ ਪਹਿਲਾ ਏਸੀ ਬੱਸ ਟਰਮੀਨਲ ਵੀ ਅਕਾਲੀ ਸਰਕਾਰ ਵੇਲੇ ਸ਼ੁਰੂ ਹੋ ਗਿਆ ਸੀ। 500 ਕਰੋੜੀ ਇਸ ਵਕਾਰੀ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਖ਼ੁਦ ਜੂਨੀਅਰ ਬਾਦਲ ਨੇ ਕੀਤਾ ਹੈ। ਉਂਜ ਸਰਕਾਰ ਦੀ ਬੇਧਿਆਨੀ ਕਾਰਨ ਇਹ ਪ੍ਰਾਜਕੈਟ ਸੱਤ ਸਾਲਾਂ ਬਾਅਦ ਨੇਪਰੇ ਚੜ੍ਹਿਆ ਹੈ। ਉਧਰ, ਮੰਡੀ ਬੋਰਡ ਦੇ ਸਾਬਕਾ ਸਕੱਤਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਨਿੱਜੀ ਦਖ਼ਲ ਕਾਰਨ ਹਵਾਈ ਅੱਡੇ ਨੇੜੇ 21 ਕਰੋੜੀ ਵਿਸ਼ਵ ਦਾ ਪਹਿਲਾ ਕਿਸਾਨ ਵਿਕਾਸ ਚੈਂਬਰ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਕੰਮ ਮਿਥੇ ਸਮੇਂ ਤੋਂ ਪਹਿਲਾਂ ਛੇ ਮਹੀਨੇ ਵਿੱਚ ਹੀ ਮੁਕੰਮਲ ਕੀਤਾ ਗਿਆ। ਜਿਸ ਦਾ ਉਦਘਾਟਨ 15 ਦਸੰਬਰ 2016 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਸ੍ਰੀ ਬਾਦਲ ਨੇ ਰੱਖਿਆ ਸੀ।
ਇਸੇ ਤਰ੍ਹਾਂ ਮੁਹਾਲੀ ਵਿੱਚ ਵਿਸ਼ਵ ਦੇ ਪਹਿਲੇ 24 ਕਰੋੜੀ ਐਡਵਾਂਸ ਅੋਟਿਜ਼ਮ ਰਿਸਰਚ ਤੇ ਕੇਅਰ ਸੈਂਟਰ ਦਾ ਨੀਂਹ ਪੱਥਰ ਪਿਛਲੇ ਸਾਲ 26 ਨਵੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਇਸ ਸੈਂਟਰ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਮਿਆਰੀ ਸਿੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਕਟਰ-69 ਵਿੱਚ ਮੈਡੀਕਲ ਸਿੱਖਿਆ ਤੇ ਖੋਜ਼ ਭਵਨ, ਸੈਕਟਰ-82 ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਕਾਇਰੋਪਰੈਕਟਿਕ ਤੇ ਇੰਟਰ ਨੈਸ਼ਨਲ ਮੈਡੀਕਲ ਮੈਸਾਜ ਥਰੈਪੀ ਇੰਸਟੀਚਿਊਟ, ਸੈਕਟਰ-82 ਵਿੱਚ ਹੀ ਆਟੋ ਮੈਟਿਡ ਡਰਾਈਵਿੰਗ ਟੈਸਟ ਸੈਂਟਰ, ਫੇਜ਼-6 ਵਿੱਚ ਅਪਗਰੇਡਿੰਗ ਅਤਿ ਆਧੁਨਿਕ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇੱਥੋਂ ਦੇ ਸੈਕਟਰ-76 ਵਿੱਚ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਅਤੇ ਜੁਝਾਰ ਨਗਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਨਵੀਂ ਇਮਾਰਤ ਦਾ ਉਦਘਾਟਨ ਅਕਾਲੀ ਸਰਕਾਰ ਦੌਰਾਨ ਕੀਤੇ ਗਏ ਹਨ। ਇੰਝ ਹੀ ਫੇਜ਼-10 ਵਿੱਚ ਪਹਿਲੀ ਸਰਕਾਰ ਨੇ ਕਿਰਤ ਭਵਨ ਬਣਾਇਆ ਗਿਆ ਹੈ। ਇਸੇ ਸਾਲ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੁਲੀਸ ਦੇ ਸਾਂਝ ਕੇਂਦਰ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇੱਥੋਂ ਦੇ ਫੇਜ਼-8 ਵਿੱਚ ਰੈਪਿਡ ਰੂਰਲ ਰਿਸਪਾਂਸ ਸਿਸਟਮ ਅਤੇ ਸੈਕਟਰ-66 ਵਿੱਚ ਰਿਹੈਬਿਲੀਟੇਸ਼ਨ ਸੈਂਟਰ (ਸਰਕਾਰੀ ਨਸ਼ਾ ਛੁਡਾਊ ਕੇਂਦਰ) ਸਮੇਤ 18 ਸਰਕਾਰੀ ਹਾਈ ਅਤੇ ਐਲੀਮੈਂਟਰੀ ਸਕੂਲਾਂ ਨੂੰ ਅਪਗਰੇਡ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਪਿੰਡ ਬਲੌਂਗੀ ਤੋਂ ਖਾਨਪੁਰ ਚੌਂਕ ਤੱਕ ਫਲਾਈ ਓਵਰ ਅਤੇ ਐਲੀਵੇਟਿਡ ਸੜਕ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਸ਼ਹਿਰ ਵਿੱਚ 200 ਫੁੱਟ ਚੌੜੀ ਸੜਕ ਨੇ ਆਵਾਜਾਈ ਨੂੰ ਕਾਫੀ ਸੌਖਾ ਬਣਾਇਆ ਹੈ।
(ਬਾਕਸ ਆਈਟਮ)
ਸ਼ਹਿਰ ਵਿੱਚ ਅੱਧ ਵੱਟੇ ਪਏ ਅਹਿਮ ਪ੍ਰਾਜੈਕਟ:
ਮੁਹਾਲੀ ਸ਼ਹਿਰੀ ਖੇਤਰ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਦੀ ਪਿਆਸ ਬੁੱਝਣ ਲਈ ਕਜੌਲੀ ਤੋਂ ਪਾਣੀ ਦੀ ਸਿੱਧੀ ਸਪਲਾਈ ਲਈ 80 ਐਮਜੀਡੀ ਸਮਰੱਥਾ ਵਾਲੀ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਅਜੇ ਤਾਈਂ ਨੇਪਰੇ ਨਹੀਂ ਚੜ੍ਹ ਸਕਿਆ ਹੈ। ਇਸ ਪ੍ਰਾਜੈਕਟ ਦਾ ਕੰਮ ਕਾਫੀ ਸਮੇਂ ਤੋਂ ਸੁਸਤ ਚਾਲ ਚਲ ਰਿਹਾ ਹੈ। ਹਾਲਾਂਕਿ ਗਮਾਡਾ ਨੇ ਟਰੀਟਮੈਂਟ ਪਲਾਂਟ ਲਈ ਖਰੜ ਨੇੜਲੇ ਪਿੰਡ ਝੁੰਗੀਆਂ ਵਿੱਚ ਲੋੜੀਂਦੀ ਜ਼ਮੀਨ ਐਕਵਾਇਰ ਕਰ ਲਈ ਹੈ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੈ। ਇਸੇ ਤਰ੍ਹਾਂ ਦਾਰਾ ਸਟੂਡੀਓ ਤੋਂ ਖਾਨਪੁਰ ਚੌਕ ਤੱਕ ਬਾਈਪਾਸ ਬਣਾਉਣ ਦਾ ਪ੍ਰਾਜੈਕਟ ਵੀ ਸਰਕਾਰੀ ਫਾਈਲਾਂ ਵਿੱਚ ਦਫ਼ਨ ਹੋ ਗਿਆ ਹੈ। ਮਰਹੂਮ ਅਕਾਲੀ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਸਾਲ 1997 ਵਿੱਚ ਵਿੱਤ ਮੰਤਰੀ ਹੁੰਦਿਆਂ ਬਾਈਪਾਸ ਬਣਾਉਣ ਦਾ ਐਲਾਨ ਕੀਤਾ ਸੀ। ਇੰਝ ਹੀ ਸੈਕਟਰ-62 ਵਿੱਚ ਸਿਟੀ ਸੈਂਟਰ, ਟਰਾਈਸਿਟੀ ਦਾ ਸਭ ਤੋਂ ਵੱਡਾ ਸਰਕਾਰੀ ਮਾਲ, ਸਿਟੀ ਬੱਸ ਸਰਵਿਸ, ਮੈਟਰੋ ਰੇਲ, ਸੋਹਾਣਾ-ਸਰਹਿੰਦ ਤੱਕ ਵਾਇਆ ਲਾਂਡਰਾਂ ਫੋਰਲੇਨ ਸੜਕ, ਲਾਂਡਰਾਂ ਟੀ-ਪੁਆਇੰਟ ’ਤੇ ਫਲਾਈ ਓਵਰ ਸਮੇਤ ਹੋਰ ਕਈ ਛੋਟੇ ਪ੍ਰਾਜੈਕਟ ਅਧੂਰੇ ਪਏ ਹਨ।
(ਬਾਕਸ ਆਈਟਮ-1)
ਸੀਨੀਅਰ ਆਈਏਐਸ ਅਧਿਕਾਰੀ ਪਹਿਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਸੀ ਲੇਕਿਨ ਉਸ ਸਮੇਂ ਸਰਕਾਰ ਤੇ ਪ੍ਰਸ਼ਾਸਨ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸਨ। ਪ੍ਰੰਤੂ ਬਾਅਦ ਵਿੱਚ ਮੈਂ ਮੰਸ਼ੂਰੀ ਚਲਾ ਗਿਆ। ਉਂਜ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਮੁਹਾਲੀ ਦਾ ਕਾਫੀ ਵਿਕਾਸ ਹੋਇਆ ਹੈ। ਜਿਸ ਤੋਂ ਉਹ ਸੰਤੁਸ਼ਟ ਹਨ। ਸ੍ਰੀ ਤੇਜਵੀਰ ਮੁਹਾਲੀ ਦੇ ਪਹਿਲੇ ਡਿਪਟੀ ਕਮਿਸ਼ਰ ਹਨ ਜੋ ਇਸ ਵੇਲੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਹਨ।
(ਬਾਕਸ ਆਈਟਮ-2)
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਲ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਨੂੰ ਜ਼ਿਲ੍ਹਾ ਬਣਾਇਆ ਸੀ। ਉਦੋਂ ਕੈਪਟਨ ਸਰਕਾਰ ਨੇ ਮੁਹਾਲੀ ਲਈ ਕਈ ਮੈਗਾ ਪ੍ਰਾਜੈਕਟ ਲਿਆਂਦੇ ਸੀ। ਜਿਨ੍ਹਾਂ ਨੂੰ ਕਈ ਮੈਗਾ ਹਾਊਸਿੰਗ ਪ੍ਰਾਜੈਕਟ ਪੁਰੇ ਹੋ ਗਏ ਸੀ ਲੇਕਿਨ ਬਾਅਦ ਵਿੱਚ ਸੱਤਾ ਪਰਿਵਰਤਨ ਹੋਣ ਕਾਰਨ ਸਾਰੇ ਪ੍ਰਾਜੈਕਟ ਲਮਕ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮੁਹਾਲੀ ’ਚੋਂ ਕਾਫੀ ਇੰਡਸਟਰੀ ਬਾਹਰ ਚਲੀ ਗਈ ਹੈ। ਜਿਸ ਨੂੰ ਵਾਪਸ ਲਿਆਉਣ ਅਤੇ ਹੋਰ ਸਨਅਤਾਂ ਸਥਾਪਿਤ ਕਰਨ ਲਈ ਯਤਨ ਕੀਤੇ ਜਾਣਗੇ।
(ਬਾਕਸ ਆਈਟਮ-3)
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ‘ਮੁਹਾਲੀ ਦਾ ਪਹਿਲਾ ਮੇਅਰ ਹੋਣ ਕਾਰਨ ਸਾਡੇ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹਨ ਅਤੇ ਵਿਕਾਸ ਸਮੇਤ ਕਾਫੀ ਅਹਿਮ ਕੰਮ ਕਰਨ ਵਾਲੇ ਹਨ। ਸਾਡਾ ਰਾਜਧਾਨੀ ਚੰਡੀਗੜ੍ਹ ਨਾਲ ਮੁਕਾਬਲਾ ਹੈ। ਮੇਰਾ ਸੁਪਨਾ ਮੁਹਾਲੀ ਨੂੰ ਸਿਟੀ ਬਿਊਟੀਫੁਲ ਬਣਾਉਣਾ ਹੈ। ਉਂਜ ਵੀ ਅਸੀਂ ਸਾਫ਼ ਸਫ਼ਾਈ, ਵਿਕਾਸ ਅਤੇ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਲਗਭਗ ਚੰਡੀਗੜ੍ਹ ਦੇ ਬਰਾਬਰ ਹੀ ਹਾਂ’। ਮੇਰੀ ਪੁਰੀ ਕੋਸ਼ਿਸ਼ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ, ਚਾਰ ਦਹਾਕੇ ਪੁਰਾਣਾ ਸੀਵਰੇਜ ਬਦਲਣਾ ਅਤੇ ਗਰੀਨ ਪੱਟੀ ਨੂੰ ਵਿਕਸਤ ਕਰਨਾ ਹੈ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…