
ਕਾਂਗਰਸ ਸਰਕਾਰ ਦੇ ਯਤਨਾਂ ਸਦਕਾ ਮੁਹਾਲੀ ਉਦਯੋਗਿਕ ਹੱਬ ਬਣਿਆ: ਬਲਬੀਰ ਸਿੱਧੂ
ਸਿਹਤ ਮੰਤਰੀ ਸਿੱਧ ਨੇ ਚੋਣਾਂ ਸਬੰਧੀ ਮੁਹਾਲੀ ਦੇ ਉਦਯੋਗਪਤੀਆਂ ਨਾਲ ਕੀਤੀ ਅਹਿਮ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਅਜੋਕੇ ਸਮੇਂ ਵਿੱਚ ਮੁਹਾਲੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲੋਂ ਵੀ ਜ਼ਿਆਦਾ ਤੇਜੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਇੱਥੇ ਲਗਾਤਾਰ ਆਈਟੀ ਕੰਪਨੀਆਂ ਪੂੰਜੀਨਿਵੇਸ਼ ਲਈ ਆ ਰਹੀਆਂ ਹਨ। ਬਹੁਤ ਸਾਰੇ ਬਿਜਨਸ ਕੈਂਪਸ, ਸ਼ਾਪਿੰਗ ਮਾਲ, ਇੰਟਰਨੈਸ਼ਨਲ ਸਕੂਲ, ਇੰਟਰਨੈਸ਼ਨਲ ਯੂਨੀਵਰਸਿਟੀਆਂ ਆ ਚੁੱਕੀਆਂ ਹਨ ਅਤੇ ਅਜਿਹੇ ਕਾਫੀ ਹੋਰ ਅਦਾਰੇ ਆਉਣ ਵਾਲੇ ਹਨ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੁਹਾਲੀ ਅੱਜ ਉੱਤਰ ਭਾਰਤ ਦਾ ਸਭ ਤੋਂ ਤੇਜੀ ਨਾਲ ਤਰੱਕੀ ਕਰ ਰਿਹਾ ਸ਼ਹਿਰ ਬਣਦਾ ਜਾ ਰਿਹਾ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੁਲਾਕਾਤ ਦੇ ਦਨਰਾਨ ਅੱਜ ਇਹ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਮੈਂ ਤੀਜੀ ਵਾਰ ਮੋਹਾਲੀ ਦਾ ਵਿਧਾਇਕ ਬਣਿਆ ਹਾਂ। ਇਸ ਨਾਲ ਮੇਰੇ ਤੇ ਤੁਹਾਡਾ ਭਰੋਸਾ ਸਾਫ ਹੁੰਦਾ ਹੈ। ਮੈਂ ਹਮੇਸ਼ਾ ਮੋਹਾਲੀ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁਹਾਲੀ ਲਈ ਦੇ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ। ਮੁਹਾਲੀ ਵਿਚ ਲਗਾਤਾਰ ਦੇਸ-ਵਿਦੇਸ਼ ਤੋਂ ਕੰਪਨੀਆਂ ਆ ਰਹੀਆਂ ਹਨ ਅਤੇ ਇਸ ਨਾਲ ਮੁਹਾਲੀ ਲਗਾਤਾਰ ਅੱਗੇ ਵਧੇਗਾ। ਦਿੱਲੀ ਤੋਂ ਆਉਣ ਅਤੇ ਜਾਣ ਅਤੇ ਭਾਰਤ ਦੇ ਹਰ ਹਿੱਸੇ ਵਿੱਚ ਜਾਣ ਲਈ ਮੁਹਾਲੀ ਤੋਂ ਫਲਾਈਟਾਂ ਉਪਲਬਧ ਹਨ। ਕਰੋਨਾ ਸਮੇਂ ਵੀ ਕਾਫੀ ਲੋਕਾਂ ਨੇ ਮੁਹਾਲੀ ਵਿੱਚ ਆ ਕੇ ਫਲੈਟ ਖਰੀਦੇ ਹਨ ਕਿਉਂਕਿ ਇੱਥੇ ਮੈਡੀਕਲ ਕੇਅਰ ਬਹੁਤ ਵਧੀਆ ਮਿਲ ਰਹੀ ਸੀ। ਆਉਣ ਵਾਲੇ ਸਮੇਂ ਵਿੱਚ ਮੁਹਾਲੀ ਇਸੇ ਤਰ੍ਹਾਂ ਹੀ ਤੇਜੀ ਨਾਲ ਤਰੱਕੀ ਕਰਦਾ ਰਹੇਗਾ।
ਕਰੋਨਾ ਪੀਰੀਅਡ ਦੌਰਾਨ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਬਾਹਰੀ ਰਾਜ ਦੇ ਮਰੀਜ਼ ਨੂੰ ਵੀ ਮੈਡੀਕਲ ਸੁਵਿਧਾ ਦੇਣ ਵਿੱਚ ਕੋਈ ਕੋਤਾਹੀ ਨਹੀਂ ਕੀਤੀ ਹੈ ਅਤੇ ਲੋੜਵੰਦ ਵਿਅਕਤੀਆਂ ਨੂੰ ਸੁੱਕਾ ਰਾਸ਼ਨ ਅਤੇ ਤਿਆਰ ਕੀਤਾ ਭੋਜਣ ਦੇਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਰਹੇ ਹਨ। ਲੋਕਾਂ ਦੀ ਕੋਰੋਨਾ ਜਾਂਚ ਲਈ ਆਪਣੀਆਂ ਸਮਰਥਾ ਨੂੰ ਸਹੀ ਸਮੇਂ ’ਤੇ ਵਧਾਇਆ ਅਤੇ ਹਰ ਕਿਸੇ ਨੂੰ ਸਮੇਂ ’ਤੇ ਇਲਾਜ ਪ੍ਰਦਾਨ ਕੀਤਾ ਹੈ। ਪੰਜਾਬ ਸਰਕਾਰ ਦੇ ਕਰੋਨਾ ਨਾਲ ਨਜਿੱਠਣ ਦੇ ਉਪਾਅ ਦੀ ਸ਼ਲਾਘਾ ਭਾਰਤ ਸਰਕਾਰ ਨੇ ਵੀ ਕੀਤੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸਾਰੇ 50 ਵਾਰਡਾਂ ਵਿੱਚ ਇਸ ਸਮੇਂ ਕਾਂਗਰਸ ਦੇ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਵਾਰ ਕਾਂਗਰਸ ਦਾ ਮੇਅਰ ਬਣੇਗਾ ਜਦੋਂਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੋਣਗੀਆਂ।