
ਪੀਐਮ ਈ-ਬੱਸ ਸੇਵਾ ਯੋਜਨਾ ਵਿੱਚ ਸ਼ਾਮਲ ਹੋਇਆ ਮੁਹਾਲੀ: ਡੀਸੀ ਕੋਮਲ ਮਿੱਤਲ
ਯੋਜਨਾ ਤਹਿਤ ਸ਼ਹਿਰ ਦੀਆਂ ਸੜਕਾਂ ’ਤੇ ਚੱਲਣ ਲਈ 100 ਈਵੀ ਬੱਸਾਂ ਨੂੰ ਮਿਲੇਗੀ ਮਨਜ਼ੂਰੀ
ਡੀਸੀ ਨੇ ਹਿੱਸੇਦਾਰ ਵਿਭਾਗਾਂ ਨਾਲ ਰੂਟ ਪਲਾਨ ਬਾਰੇ ਕੀਤੀ ਵਿਸਥਾਰ ਚਰਚਾ
ਨਬਜ਼-ਏ-ਪੰਜਾਬ, ਮੁਹਾਲੀ, 26 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪੀਐਮ ਈ-ਬੱਸ ਸੇਵਾ ਯੋਜਨਾ ਦਾ ਹਿੱਸਾ ਬਣਨ ਉਪਰੰਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਹਿੱਸੇਦਾਰਾਂ ਵਿਭਾਗਾਂ ਨਾਲ ਰੂਟ ਪਲਾਨ ਨਿਰਧਾਰਿਤ ਕਰਨ ਲਈ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਲਗਪਗ 100 ਬੱਸਾਂ ਅੱਠ ਰੂਟਾਂ ’ਤੇ ਚਲਾਈਆਂ ਜਾਣਗੀਆਂ। ਜਿਨ੍ਹਾਂ ਦੀ ਦੂਰੀ 17 ਤੋਂ 32 ਕਿੱਲੋਮੀਟਰ ਤੱਕ ਹੋਵੇਗੀ ਅਤੇ ਹਰੇਕ ਰੂਟ ਦੀ ਬਾਰੰਬਾਰਤਾ 15 ਮਿੰਟ ਹੋਵੇਗੀ, ਭਾਵ ਹਰ 15 ਮਿੰਟ ਬਾਅਦ ਬੱਸ ਉਪਲਬਧ ਹੋਵੇਗੀ।
ਡੀਸੀ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 15.04.2025 ਨੂੰ ਪੀਐਮ ਈ-ਬੱਸ ਸੇਵਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਜਾਰੀ ਕੀਤੀ ਹੈ ਅਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮੁਹਾਲੀ ਹੁਣ ਕਲੱਸਟਰ ਸ਼੍ਰੇਣੀ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੜਕਾਂ ’ਤੇ ਵਾਹਨ ਗਤੀਸ਼ੀਲਤਾ ਨੂੰ ਜਨਤਕ ਆਵਾਜਾਈ ਨਾਲ ਜੋੜ ਕੇ ਸੌਖਾ ਬਣਾਉਣ ਲਈ ਅਤੇ ਇਸ ਯੋਜਨਾ ਦਾ ਲਾਭ ਉਠਾਉਣ ਲਈ, ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ, ਗਮਾਡਾ ਅਤੇ ਟਰਾਂਸਪੋਰਟ ਵਿਭਾਗਾਂ ਜਿਹੇ ਵੱਖ-ਵੱਖ ਹਿੱਸੇਦਾਰਾਂ ਨੂੰ ਸਮੇਂ ਸਿਰ ਮੰਤਰਾਲੇ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ।
ਮੀਟਿੰਗ ਵਿੱਚ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਗਮਾਡਾ ਅਤੇ ਸਥਾਨਕ ਆਰਟੀਓ ਦਫ਼ਤਰ ਦੇ ਨੁਮਾਇੰਦਿਆਂ ਤੋਂ ਇਲਾਵਾ ਜ਼ੀਰਕਪੁਰ, ਖਰੜ, ਲਾਲੜੂ, ਬਨੂੜ, ਨਵਾਂ ਗਰਾਓਂ ਦੇ ਕਾਰਜਸਾਧਕ ਅਫ਼ਸਰ ਸ਼ਾਮਲ ਹੋਏ।