Nabaz-e-punjab.com

ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਅਗਲੇ ਹੁਕਮਾਂ ਤੱਕ ਹਵਾਈ ਉਡਾਣਾਂ ਬੰਦ ਹੋਣ ਦੀ ਅਫ਼ਵਾਹ ਫੈਲੀ

ਪਾਕਿਸਤਾਨ ਵਿੱਚ ਹਵਾਈ ਹਮਲੇ ਤੋਂ ਬਾਅਦ ਮੁਹਾਲੀ ਏਅਰਪੋਰਟ ’ਤੇ ਚੌਕਸੀ ਵਧਾਈ, ਯਾਤਰੀਆਂ ਤੋਂ ਵੀ ਪੁੱਛਗਿੱਛ

ਸ੍ਰੀਨਗਰ, ਕੁਲੂ, ਬੰਗਲੌਰ, ਹੈਦਰਾਬਾਦ ਤੇ ਕੁਝ ਹੋਰ ਉਡਾਣਾਂ ਰੱਦ, ਯਾਤਰੀ ਵਾਪਸ ਪਰਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪਾਕਿਸਤਾਨ ਵਿੱਚ ਹਵਾਈ ਹਮਲੇ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਬੁੱਧਵਾਰ ਨੂੰ ਸਵੇਰੇ ਹੀ ਮੁਹਾਲੀ ਕੌਮਾਂਤਰੀ ਏਅਰਪੋਰਟ ਅਗਲੇ ਹੁਕਮਾਂ ਤੱਕ ਬੰਦ ਕਰ ਦੇਣ ਦੀ ਅਫ਼ਵਾਹ ਫੈਲ ਗਈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਵਾਪਸ ਪਰਤ ਆਏ। ਇਹ ਵੀ ਸੁਣਨ ਨੂੰ ਮਿਲਿਆ ਕਿ ਭਲਕੇ ਵੀਰਵਾਰ ਲਈ ਵੀ ਘਰੇਲੂ ਅਤੇ ਵਿਦੇਸ਼ ਜਾਣ ਲਈ ਹਵਾਈ ਉਡਾਣਾਂ ਦੀ ਟਿਕਟ ਨਹੀਂ ਮਿਲੀ। ਸੋਸ਼ਲ ਮੀਡੀਆ ’ਤੇ ਇੰਟਰਨੈਸ਼ਨਲ ਹਵਾਈ ਉਡਾਣਾਂ ਰੱਦ ਦੀ ਹੋਣ ਦੀ ਅਫ਼ਵਾਹ ਦੀ ਅੱਗ ਵਾਂਗ ਫੈਲ ਗਈ, ਪ੍ਰੰਤੂ ਏਅਰਪੋਰਟ ਅਥਾਰਟੀ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡਾ ਬੰਦ ਕਰਨ ਅਤੇ ਇੰਟਰਨੈਸ਼ਨਲ ਉਡਾਣਾਂ ਬਿਲਕੁਲ ਵੀ ਬੰਦ ਨਹੀਂ ਹੋਈਆਂ ਹਨ। ਉਂਜ ਸ੍ਰੀਨਗਰ ਲਈ ਅੱਜ ਕਿਸੇ ਜਹਾਜ਼ ਨੇ ਹਵਾਈ ਉਡਾਣ ਨਹੀਂ ਭਰੀ ਹੈ। ਇੰਝ ਹੀ ਮੌਸਮ ਦੀ ਬੇਰੁਖ਼ੀ ਦੇ ਚੱਲਦਿਆਂ ਕੁਲੂ, ਬੰਲਗੌਰ, ਹੈਦਰਾਬਾਦ ਅਤੇ ਕੁਝ ਹੋਰ ਉਡਾਣਾਂ ਜ਼ਰੂਰ ਰੱਦ ਕੀਤੀਆਂ ਗਈਆਂ ਹਨ।
ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐਮ.ਆਰ. ਜ਼ਿੰਦਲ ਨੇ ਦੱਸਿਆ ਕਿ ਮੁਹਾਲੀ ਏਅਰਪੋਰਟ ਤੋਂ ਹਵਾਈ ਉਡਾਣਾਂ ਆਮ ਦਿਨਾਂ ਵਾਂਗ ਜਾਰੀ ਹਨ। ਉਂਜ ਖ਼ਰਾਬ ਮੌਸਮ ਦੇ ਚੱਲਦਿਆਂ ਕੁਲੂ ਵਾਲੀ ਉਡਾਣ ਰੱਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਏਅਰ ਇੰਡੀਆ ਦੇ 33 ਜਹਾਜ਼ ਹਵਾਈ ਉਡਾਣ ਭਰਦੇ ਹਨ ਅਤੇ ਅੱਜ ਮੁੰਬਈ ਅਤੇ ਦਿੱਲੀ ਸਮੇਤ ਹੋਰਨਾਂ ਥਾਵਾਂ ਲਈ ਸਾਰੀਆਂ ਉਡਾਣਾਂ ਗਈਆਂ ਹਨ। ਏਅਰਪੋਰਟ ਅਤੇ ਹਵਾਈ ਉਡਾਣਾਂ ਬੰਦ ਹੋਣ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਜ਼ਿੰਦਲ ਨੇ ਸਪੱਸ਼ਟ ਕੀਤਾ ਕਿ ਅੱਜ ਸੋਸ਼ਲ ਮੀਡੀਆ ’ਤੇ ਝੂਠੀ ਅਫਵਾਹ ਫੈਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਸਵੇਰੇ ਏਰੀਆ ਇੰਡੀਆ ਅਤੇ ਏਅਰਪੋਰਟ ਅਥਾਰਟੀ ਦੀ ਮੀਟਿੰਗ ਵੀ ਹੋਈ ਹੈ। ਉਂਜ ਉਨ੍ਹਾਂ ਏਨਾ ਜ਼ਰੂਰ ਦੱਸਿਆ ਕਿ ਪ੍ਰਾਈਵੇਟ ਏਅਰ ਲਾਈਨਜ਼ ਨੇ ਆਪਣੇ ਪੱਧਰ ’ਤੇ ਹਵਾਈ ਉਡਾਣਾਂ ਬੰਦ ਕਰਨ ਦਾ ਫੈਸਲਾ ਲਿਆ ਹੈ।
ਪੁਲੀਸ ਦੀ ਜਾਣਕਾਰੀ ਅਨੁਸਾਰ ਮੁਹਾਲੀ ਤੋਂ ਪ੍ਰਾਈਵੇਟ ਕੰਪਨੀਆਂ ਦੇ ਰੋਜ਼ਾਨਾ 30 ਫਲਾਈਟਾਂ ਉਡਾਣ ਭਰਦੀਆਂ ਹਨ। ਜਿਨ੍ਹਾਂ ’ਚੋਂ ਸ੍ਰੀਨਗਰ ਜਾਣ ਵਾਲੀਆਂ ਫਲਾਈਟਾਂ ਨੇ ਉਡਾਣ ਨਹੀਂ ਭਰੀ ਹੈ। ਇੰਝ ਹੀ ਬਾਅਦ ਦੁਪਹਿਰ ਬੰਲਗੌਰ ਤੇ ਹੈਰਦਾਬਾਦ ਜਾਣ ਵਾਲੀਆਂ ਫਲਾਈਟਾਂ ਵੀ ਨਹੀਂ ਗਈਆਂ ਹਨ। ਜਦੋਂਕਿ ਬਾਕੀ ਸਾਰੀਆਂ ਫਲਾਈਟਾਂ ਨੇ ਆਮ ਦਿਨਾਂ ਵਾਂਗ ਉਡਾਣ ਭਰੀ ਹੈ।
ਉਧਰ, ਥਾਣਾ ਏਅਰਪੋਰਟ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਮੁਹਾਲੀ ਹਵਾਈ ਅੱਡੇ ’ਤੇ ਚੌਕਰੀ ਵਧਾ ਦਿੱਤੀ ਗਈ ਹੈ। ਮੁਹਾਲੀ ਤੋਂ ਬਾਹਰ ਜਾਣ ਵਾਲੇ ਅਤੇ ਬਾਹਰੋਂ ਇੱਧਰ ਆਉਣ ਵਾਲੇ ਯਾਤਰੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਯਾਤਰੀਆਂ ਦੇ ਸਾਮਾਨ ਦੀ ਬਰੀਕੀ ਨਾਲ ਤਲਾਸ਼ੀ ਲੈਣ ਤੋਂ ਇਲਾਵਾ ਉਨ੍ਹਾਂ ਕੋਲੋਂ ਲੋੜੀਂਦੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ਝਿਊਰਹੇੜੀ, ਜਗਤਪੁਰਾ ਅਤੇ ਕੰਡਾਲਾ, ਭਬਾਤ, ਬੈਰਮਾਰਜਰਾ, ਬਲਾਣਾ, ਸਫ਼ੀਪੁਰ ਆਦਿ ਪਿੰਡਾਂ ਦੇ ਲੋਕਾਂ ਨੂੰ ਵੀ ਚੌਕੰਨੇ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਉੱਤੇ ਅਤੇ ਨੇੜਲੇ ਇਲਾਕਿਆਂ ਵਿੱਚ ਪੁਲੀਸ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ। ਪਿੰਡ ਝਿਊਰਹੇੜੀ ਦੇ ਸਾਬਕਾ ਸਰਪੰਚ ਜਥੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਉਕਤ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੀ ਭਲਕੇ 28 ਫਰਵਰੀ ਨੂੰ ਹੰਗਾਮੀ ਮੀਟਿੰਗ ਹੋ ਰਹੀ ਹੈ। ਜਿਸ ਵਿੱਚ ਸੁਰੱਖਿਆ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …