
ਉੱਤਰ ਭਾਰਤ ਦੇ ਵਪਾਰ ਦਾ ਧੁਰਾ ਬਣ ਰਿਹੈ ਮੁਹਾਲੀ: ਬਲਬੀਰ ਸਿੱਧੂ
ਐਸਸੀ ਧਰਮਸ਼ਾਲਾ ਰੁੜਕਾ ਲਈ 10 ਲੱਖ ਤੇ ਸ਼ਮਸ਼ਾਨਘਾਟ ਲਈ 3.50 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਨਜ਼ਦੀਕੀ ਪਿੰਡ ਰੁੜਕਾ ਵਿੱਚ ਐਸਸੀ ਧਰਮਸ਼ਾਲਾ ਲਈ 10 ਲੱਖ ਰੁਪਏ ਅਤੇ ਸ਼ਮਸ਼ਾਨਘਾਟ ਲਈ 3.50 ਲੱਖ ਰੁਪਏ ਦੇ ਚੈੱਕ ਦਿੱਤੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰੁੜਕਾ ਪਿੰਡ ਦੇ ਵਿਕਾਸ ਲਈ 60 ਲੱਖ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਸਮੁੱਚੇ ਪਿੰਡ ਦਾ ਚੋਖਾ ਵਿਕਾਸ ਹੋਇਆ ਹੈ।
ਪਿੰਡ ਵਾਸੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਦੇਸ਼ ਦੇ ਨਕਸ਼ੇ ਉੱਤੇ ਮੁਹਾਲੀ ਸ਼ਹਿਰ ਤੇਜ਼ੀ ਨਾਲ ਵਪਾਰਕ ਖੇਤਰ ਲਈ ਸਭ ਤੋਂ ਅਨੁਕੂਲ ਥਾਂ ਵਜੋਂ ਤੇਜ਼ੀ ਨਾਲ ਆਪਣੀ ਪਛਾਣ ਸਥਾਪਤ ਕਰਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਮੁਹਾਲੀ ਸਿਰਫ਼ ਪੰਜਾਬ ਦਾ ਹੀ ਨਹੀਂ, ਸਗੋਂ ਉੱਤਰ ਭਾਰਤ ਦੇ ਵਪਾਰ ਦਾ ਧੁਰਾ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਦੁਨੀਆ ਦੀ ਹਰੇਕ ਵੱਡੀ ਕੰਪਨੀ ਮੁਹਾਲੀ ਆ ਕੇ ਵਪਾਰ ਕਰਨ ਵਿੱਚ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣ ਰਿਹਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡ ਵੀ ਪੰਜਾਬ ਦੇ ਦੂਜੇ ਪਿੰਡਾਂ ਨਾਲੋਂ ਵਿਕਾਸ ਪੱਖੋਂ ਆਦਰਸ਼ ਬਣੇ ਹਨ। ਪਿੰਡਾਂ ਵਿੱਚ ਕਮਿਊਨਿਟੀ ਸੈਂਟਰ, ਧਰਮਸ਼ਾਲਾਵਾਂ, ਸੀਵਰੇਜ ਸਿਸਟਮ, ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਿੰਡਾਂ ਵਿੱਚ ਭਾਈਚਾਰਕ ਏਕਤਾ ਕਾਇਮ ਰੱਖਣ ’ਤੇ ਜ਼ੋਰ ਦਿੰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿਕਾਸ ਪੱਖੋਂ ਕਿਸੇ ਵੀ ਪਿੰਡ ਜਾਂ ਮੁਹੱਲੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਸਗੋਂ ਹਰੇਕ ਨੂੰ ਲੋੜ ਮੁਤਾਬਕ ਗਰਾਂਟਾਂ ਦਿੱਤੀਆਂ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਰਪੰਚ ਹਰਜੀਤ ਸਿੰਘ, ਲਾਭ ਸਿੰਘ ਤੇ ਗੁਰਪਾਲ ਸਿੰਘ (ਦੋਵੇਂ ਸਾਬਕਾ ਸਰਪੰਚ), ਬੀਡੀਪੀਓ ਹਿਤੇਨ ਕਪਿਲਾ, ਨੰਬਰਦਾਰ ਕਿਰਪਾਲ ਸਿੰਘ, ਹਰਕੰਵਲਜੀਤ ਸਿੰਘ, ਦਵਿੰਦਰ ਕੌਰ ਤੇ ਬਲਵਿੰਦਰ ਸਿੰਘ (ਦੋਵੇਂ ਪੰਚ) ਅਤੇ ਗੁਰਮੀਤ ਸਿੰਘ ਸਾਹੀ ਹਾਜ਼ਰ ਸਨ।