
ਮੁਹਾਲੀ ਨੂੰ ਭਾਜਪਾ ਸਰਕਾਰ ਹੀ ਕਰ ਰਹੀ ਹੈ ਆਈਟੀ ਤੇ ਸਨਅਤੀ ਹੱਬ ਵਜੋਂ ਵਿਕਸਤ: ਸੰਜੀਵ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਮੁਹਾਲੀ ਨੂੰ ਜੇਕਰ ਆਈ ਟੀ ਹੱਬ ਅਤੇ ਹੋਰ ਉਦਯੋਗਾਂ ਦਾ ਕੇਂਦਰ ਬਣਾਉਣਾ ਹੈ ਤਾਂ ਇਹ ਸਿਰਫ਼ ਭਾਜਪਾ ਸਰਕਾਰ ਹੀ ਕਰ ਸਕਦੀ ਹੈ। ਮੁਹਾਲੀ ਦੇ ਨੌਜਵਾਨਾਂ ਆਪਣੇ ਸ਼ਹਿਰ ਵਿਚ ਹੀ ਬਿਹਤਰੀਨ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਅਤੇ ਹਲਕੇ ਦੇ ਵਿਕਾਸ ਲਈ ਭਾਜਪਾ ਨੂੰ ਵੋਟਾਂ ਪਾ ਕੇ ਜਿਤਾਉਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਇਹ ਪ੍ਰਗਟਾਵਾਂ ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਵੱਖ ਵੱਖ ਫੇਜ਼ਾਂ ਵਿਚ ਲੋਕ ਮੀਟਿੰਗਾਂ ਦੌਰਾਨ ਕਹੇ। ਇਸ ਦੌਰਾਨ ਫ਼ੇਜ਼ ੩ ਵਿਚ ਵਿਚ ਰੱਖੀ ਗਈ ਇਕ ਸਭਾ ਵਿਚ ਸੰਬੋਧਨ ਕਰਦੇ ਹੋਏ ਵਸ਼ਿਸ਼ਟ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਕਾਂਗਰਸੀ ਰਾਜ ਦੌਰਾਨ ਮੋਹਾਲੀ ਵਿਚ ਆਈਆਂ ਸਾਰੀਆਂ ਅੰਤਰਰਾਸ਼ਟਰੀ ਆਈ ਕੰਪਨੀਆਂ ਇੱਥੋਂ ਆਪਣਾ ਕੰਮ ਸਮੇਟ ਕੇ ਚਲੀਆਂ ਗਈਆਂ। ਜਿਸ ਦਾ ਸਿੱਧਾ ਕਾਰਨ ਕਾਂਗਰਸੀ ਰਾਜ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਉਦਯੋਗਾਂ ਦੀ ਅਣਦੇਖੀ ਰਹੇ। ਇਹੀ ਕਾਰਨ ਹੈ ਕਿ ਹੁਣ ਸਾਡੇ ਬੱਚੇ ਰੁਜ਼ਗਾਰ ਹਾਸਿਲ ਕਰਨ ਲਈ ਪੂਨੇ, ਮੁੰਬਈ ਜਾਂ ਬੈਗਲੁਰੂ ਜਿਹੇ ਸ਼ਹਿਰਾਂ ਵਿੱਚ ਜਾ ਕੇ ਨੌਕਰੀਆਂ ਕਰਨ ਲਈ ਮਜਬੂਰ ਹਨ।
ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਇਹੀ ਹਾਲ ਦੂਜੇ ਉਦਯੋਗਾਂ ਦਾ ਵੀ ਰਿਹਾ, ਸਰਕਾਰੀ ਭ੍ਰਿਸ਼ਟਾਚਾਰ, ਮਹਿੰਗੀ ਬਿਜਲੀ ਅਤੇ ਭਾਰੀ ਟੈਕਸਾਂ ਦੇ ਚੱਲਦਿਆਂ ਉਦਯੋਗ ਦੂਜੇ ਰਾਜਾਂ ਵਿੱਚ ਤੁਰ ਗਏ। ਜੇਕਰ ਸੂਬੇ ਵਿਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਕੇਂਦਰੀ ਸਰਕਾਰ ਦੇ ਸਹਿਯੋਗ ਨਾਲ ਦੁਬਾਰਾ ਵੱਡੀ ਵੱਡੀਆਂ ਆਈ ਟੀ ਕੰਪਨੀਆਂ ਅਤੇ ਉਦਯੋਗਾਂ ਨੂੰ ਮੁਹਾਲੀ ਅਤੇ ਲੁਧਿਆਣਾ ਵਿਚ ਬੁਲਾਇਆ ਜਾਵੇਗਾ। ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਦੂਜੇ ਸ਼ਹਿਰਾਂ ਵਿਚ ਜਾਣ ਦੀ ਬਜਾਏ ਮੋਹਲ਼ੀ ਵਿਚ ਰੁਜ਼ਗਾਰ ਹਾਸਲ ਹੋ ਜਾਵੇਗਾ।
ਵਸ਼ਿਸ਼ਟ ਨੇ ਕਿਹਾ ਕਿ ਕਾਂਗਰਸ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਫੈਲਾਏ ਗਏ ਭ੍ਰਿਸ਼ਟਾਚਾਰ, ਜਨਤਾ ਦੀ ਲੁੱਟ-ਖਸੁੱਟ, ਨਸ਼ੇ ਦੇ ਬੋਲਬਾਲਾ, ਕਮਜ਼ੋਰ ਕਾਨੂੰਨੀ ਵਿਵਸਥਾ ਅਤੇ ਆਰਥਿਕ ਮੰਦਹਾਲੀ ਤੇ ਲਿਆ ਖੜਾ ਕੀਤਾ ਹੈ। ਪੰਜਾਬ ਨੂੰ ਦੁਬਾਰਾ ਖ਼ੁਸ਼ਹਾਲ ਬਣਾਉਣ ਲਈ ਕੇਂਦਰ ਅਤੇ ਰਾਜ ਵਿਚ ਭਾਜਪਾ ਦੀ ਸਰਕਾਰ ਲਿਆਉਣਾ ਜ਼ਰੂਰੀ ਹੈ। ਸੰਜੀਵ ਵਿਸ਼ਿਸ਼ਟ ਨੇ ਮੋਹਾਲੀ ਦੇ ਸਰਵਪੱਖੀ ਵਿਕਾਸ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਸ ਤਰਾਂ ਪੰਜਾਬ ਦਾ ਵਿਕਾਸ ਕਾਗ਼ਜ਼ਾਂ ਵਿਚ ਹੀ ਕੀਤਾ ਹੈ, ਜਦ ਕਿ ਜ਼ਮੀਨੀ ਹਕੀਕਤ ਤੇ ਕਾਂਗਰਸੀਆਂ ਨੇ ਪੰਜਾਬ ਮਾਫ਼ੀਆ ਅਤੇ ਭ੍ਰਿਸ਼ਟਾਚਾਰੀਆਂ ਦਾ ਸਵਰਗ ਬਣਾ ਕੇ ਰੱਖ ਦਿਤਾ ਹੈ। ਇਸੇ ਤਰ੍ਹਾਂ ਕਾਂਗਰਸੀ ਐਮਐਲਏ ਬਲਬੀਰ ਸਿੱਧੂ ਨੇ ਸਾਰਾ ਸਮਾਂ ਮੋਹਾਲੀ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦੱਬਣ, ਝੂਠੇ ਪਰਚੇ ਕਰਨ ਅਤੇ ਰੱਜ ਕੇ ਭ੍ਰਿਸ਼ਟਾਚਾਰ ਕਰਨ ਵਿਚ ਹੀ ਲਗਾਇਆਂ ਹੈ। ਅੱਜ ਮੁਹਾਲੀ ਵਾਸੀ ਆਪਣੇ ਚੁਣੇ ਹੋਏ ਨੁਮਾਇੰਦੇ ਹੱਥੋਂ ਆਪਣੇ ਆਪ ਨੂੰ ਠਗਿਆਂ ਹੋਇਆਂ ਮਹਿਸੂਸ ਕਰ ਰਹੇ ਹਨ।

ਆਮ ਆਦਮੀ ਪਾਰਟੀ ਸਬੰਧੀ ਗੱਲ ਕਰਦੇ ਹੋਏ ਸੰਜੀਵ ਵਿਸ਼ਿਸ਼ਟ ਨੇ ਕਿਹਾ ਕਿ ਕੇਜ਼ਰੀਵਾਲ ਦਾ ਦਿੱਲੀ ਮਾਡਲ, ਜੋ ਕਿ ਪੂਰੀ ਤਰਾਂ ਪਹਿਲਾਂ ਹੀ ਫੈਲ ਹੋ ਚੁੱਕਾ ਹੈ ਉਸ ਨੂੰ ਉਹ ਪੰਜਾਬ ਵਿਚ ਲਾਗੂ ਕਰਨ ਦੀਆਂ ਗੱਲਾਂ ਕਰਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬੀ ਉਨ੍ਹਾਂ ਦੀਆਂ ਖੋਖਲੀਆਂ ਗੱਲਾਂ ਵਿਚ ਨਹੀਂ ਆਉਣਗੇ। ਵਿਸ਼ਿਸ਼ਟ ਨੇ ਕਿਹਾ ਕਿ ਕੇਜਰੀਵਾਲ ਜੋ ਸੁਵਿਧਾਵਾਂ ਪੰਜਾਬ ਵਿਚ ਦੇਣ ਦੀ ਗੱਲ ਕਰ ਰਹੇ ਹਨ ਪਹਿਲਾਂ ਦਿੱਲੀ ਵਿਚ ਤਾਂ ਦੇ ਕੇ ਵਿਖਾਉਣ। ਕੇਜਰੀਵਾਲ ਸਿਰਫ਼ ਪੰਜਾਬ ਵਿਚੋਂ ਧਨ ਲੁੱਟਣ ਆਏ ਹਨ, ਪਰ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ।