Nabaz-e-punjab.com

ਮੁਹਾਲੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਨੇ ਨਗਰ ਨਿਗਮ ਖ਼ਿਲਾਫ਼ ਮੋਰਚਾ ਖੋਲ੍ਹਿਆ

ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਰੋਕਥਾਮ ਦੀ ਆੜ ਵਿੱਚ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਪ੍ਰਯੋਗ ਕਰਨ ਵਾਲ ਵਾਲੇ ਦੁਕਾਨਦਾਰਾਂ ਦੇ ਕੱਟੇ ਜਾ ਰਹੇ ਚਲਾਨ ਦੇ ਖ਼ਿਲਾਫ਼ ਮੁਹਾਲੀ ਕਰਿਆਨਾ ਐਸੋਸੀਏਸ਼ਨ ਨੇ ਮੁਹਾਲੀ ਨਗਰ ਨਿਗਮ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਸਿਰਫ਼ ਕਰਿਆਨੇ ਦੀਆਂ ਛੋਟੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂਕਿ ਸਬਜ਼ੀ ਮੰਡੀ ਅਤੇ ਦੂਜਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਹੈ ਅਤੇ ਸਬਜ਼ੀ ਮੰਡੀ ਅਤੇ ਹੋਰਨਾਂ ਕਾਰੋਬਾਰੀਆਂ ਵੱਲੋਂ ਧੜੱਲੇ ਨਾਲ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੁਹਾਲੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਿਆਨੇ ਦਾ ਕੰਮ ਕਰਨ ਵਾਲੇ ਲੋਕ ਪਿਛਲੇ ਲੰਮੇ ਸਮੇਂ ਤੋਂ ਗਾਹਕਾਂ ਦੀਆਂ ਲੋੜਾਂ ਦਾ ਸਾਰਾ ਸਮਾਨ ਸਿੱਧੇ ਖਪਤਕਾਰਾਂ ਨੂੰ ਦਿੰਦੇ ਆ ਰਹੇ ਹਨ ਅਤੇ ਛੋਟੀ ਮੋਟੀ ਦੁਕਾਨਦਾਰੀ ਕਰਕੇ ਆਪਣੀ ਰੋਜ਼ਮਰਾ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਸਮੇਤ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਰਹੇ ਹਨ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਵੱਲੋਂ ਕਰਿਆਨੇ ਦਾ ਕੰਮ ਕਰ ਰਹੇ ਵਿਅਕਤੀਆਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਿਆਨਾ ਐਸੋਸੀਏਸ਼ਨ ਨਾਲ 150 ਤੋਂ ਵੱਧ ਛੋਟੇ ਵਪਾਰੀ ਜੁੜੇ ਹੋਏ ਹਨ। ਜਦੋਂ ਦੁਕਾਨਦਾਰਾਂ ਵੱਲੋਂ ਆਨਲਾਈਨ ਅਦਾਇਗੀ ਕਰਕੇ ਸਮਾਨ ਮੰਗਵਾਇਆ ਜਾਂਦਾ ਹੈ ਤਾਂ ਸਬੰਧਤ ਸਮਾਨ 24 ਘੰਟੇ ਦੇ ਅੰਦਰ ਅੰਦਰ ਦੁਕਾਨਦਾਰਾਂ ਕੋਲ ਭੇਜਣਾ ਹੁੰਦਾ ਹੈ ਪ੍ਰੰਤੂ ਆਨਲਾਈਨ ਅਦਾਇਗੀ ਕਰਨ ਦੇ ਬਾਵਜੂਦ ਕਈ ਦੁਕਾਨਦਾਰਾਂ ਨਾਲ ਧੋਖਾ ਹੋ ਚੁੱਕਾ ਹੈ। ਜਿਸ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਸਤਪਾਲ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਇਲਾਕੇ ਵਿੱਚ ਚੱਲ ਰਹੇ ਵੱਡੇ ਮਾਲਾਂ ਅਤੇ ਹੋਰ ਸ਼ੋਅਰੂਮਾਂ ਸ਼ਰ੍ਹੇਆਮ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਸਮਾਨ ਵੇਚਿਆ ਜਾ ਰਿਹਾ ਹੈ ਪ੍ਰੰਤੂ ਇਨ੍ਹਾਂ ਅਦਾਰਿਆਂ ਦੀ ਉੱਚੀ ਪਹੁੰਚ ਹੋਣ ਕਰਕੇ ਮੁਹਾਲੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਜਦੋਂਕਿ ਸ਼ਹਿਰ ਵਿੱਚ ਛੋਟੇ ਦੁਕਾਨਾਂ ਨੂੰ ਜਾਣਬੁੱਝ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਿਆਨਾ ਦੁਕਾਨਦਾਰ ਵੀ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਦੇ ਸਖ਼ਤ ਖ਼ਿਲਾਫ਼ ਹਨ ਪ੍ਰੰਤੂ ਨਿਯਮਾਂ ਤਹਿਤ ਕਾਰਵਾਈ ਵਿੱਚ ਪੱਖਪਾਤ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਸਾਰਿਆਂ ’ਤੇ ਇੱਕ ਹੀ ਲਾਗੂ ਹੋਣਾ ਚਾਹੀਦਾ ਹੈ। ਮੁਹਾਲੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਪੱਖਪਾਤ ਕਰਨਾ ਬੰਦ ਨਹੀਂ ਕੀਤਾ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੋਪਾਲ ਬਾਂਸਲ ਅਤੇ ਜਨਰਲ ਸਕੱਤਰ ਰਾਕੇਸ਼ ਗੁਪਤਾ, ਸੰਯੁਕਤ ਜਨਰਲ ਸਕੱਤਰ ਹਰਪ੍ਰੀਤ ਸਿੰਘ, ਕੈਸ਼ੀਅਰ ਪ੍ਰਦੀਪ ਗਰਗ, ਵਰਿੰਦਰ ਗਰਗ, ਸ਼ਾਮ ਸੁੰਦਰ ਕਾਂਸ਼ਲ, ਨਵੀਨ ਕੁਮਾਰ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…