ਮੁਹਾਲੀ-ਖਰੜ ਸੜਕ ’ਤੇ ਦੇਰ ਰਾਤ ਤੱਕ ਜਾਮ ਵਿੱਚ ਫਸੇ ਰਹੇ ਰਾਹਗੀਰ, ਪ੍ਰਸ਼ਾਸਨ ਬੇਬਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਮੁਲਾਜ਼ਮ ਵਰਗ ਸੰਘਰਸ਼ ਦੀ ਰਾਹ ’ਤੇ ਪੈ ਗਿਆ ਹੈ। ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਮੁਲਜ਼ਮ ਵਰਗ ਦੇ ਧਰਨਿਆਂ ਕਾਰਨ ਮੁਹਾਲੀ, ਖਰੜ ਅਤੇ ਮੋਰਿੰਡਾ ਦੇ ਵਸਨੀਕ ਡਾਢੇ ਤੰਗ ਪ੍ਰੇਸ਼ਾਨ ਹਨ। ਮੰਗਲਵਾਰ ਦੇਰ ਰਾਤ ਤੱਕ ਚੰਡੀਗੜ੍ਹ, ਮੁਹਾਲੀ ਤੋਂ ਖਰੜ ਤੇ ਦੂਜੇ ਸ਼ਹਿਰਾਂ ਨੂੰ ਜਾਣ ਵਾਲੇ ਰਾਹਗੀਰ ਅਤੇ ਖਰੜ ਤੋਂ ਮੁਹਾਲੀ ਅਤੇ ਚੰਡੀਗੜ੍ਹ ਜਾਣ ਵਾਲੇ ਲੋਕ ਜਾਮ ਵਿੱਚ ਫਸੇ ਰਹੇ ਅਤੇ ਜ਼ਿਲ੍ਹਾ ਪੁਲੀਸ ਤੇ ਸਿਵਲ ਪ੍ਰਸ਼ਾਸਨ ਕਾਫੀ ਬੇਬਸ ਨਜ਼ਰ ਆਇਆ।
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਸ਼ੀਲ ਮੁਲਾਜ਼ਮ ਜਥੇਬੰਦੀਆਂ ਨੇ ਇਨ੍ਹਾਂ ਸ਼ਹਿਰਾਂ ਵੱਲ ਵਹੀਰਾਂ ਘੱਟ ਲਈਆਂ ਹਨ। ਮੁਹਾਲੀ, ਖਰੜ ਤੇ ਮੋਰਿੰਡਾ ਵਿੱਚ ਲੜੀਵਾਰ ਧਰਨੇ ਚੱਲ ਰਹੇ ਹਨ। ਇਨਸਾਫ਼ ਲਈ ਬੇਰੁਜ਼ਗਾਰ ਨੌਜਵਾਨ ਅਤੇ ਕੱਚੇ ਕਾਮੇ ਪਾਣੀ ਦੀਆਂ ਟੈਂਕੀਆਂ ’ਤੇ ਚੜੇ ਹੋਏ ਹਨ।
ਜਾਣਕਾਰੀ ਅਨੁਸਾਰ ਵੇਰਕਾ ਚੌਂਕ ’ਤੇ ਹੈਲਥ ਵਰਕਰਾਂ ਨੇ ਮੁਹਾਲੀ ਤੋਂ ਖਰੜ ਨੂੰ ਜਾਂਦੇ ਨੈਸ਼ਨਲ ਹਾਈਵੇਅ ਉੱਤੇ ਚੱਕਾ ਜਾਮ ਕਰ ਦਿੱਤਾ। ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ। ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਅਤੇ ਫੈਕਟਰੀ ਏਰੀਆ ’ਚੋਂ ਛੁੱਟੀ ਕਰਕੇ ਵਾਪਸ ਆਪਣੇ ਜਾਣ ਵਾਲੇ ਲੋਕ ਘੰਟਿਆਂਬੱਧੀ ਜਾਮ ਵਿੱਚ ਫਸੇ ਰਹੇ। ਇੱਥੇ ਕਈ ਰਾਹਗੀਰਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਵੀ ਹੋਈ ਪਰ ਕੁੱਝ ਸੂਝਵਾਨਾਂ ਦੇ ਦਖ਼ਲ ਕਾਰਨ ਬਚਾਅ ਰਿਹਾ।
ਉਧਰ, ਸੰਨੀ ਐਨਕਲੇਵ ਅਤੇ ਦੇਸੂਮਾਜਰਾ ਨੇੜੇ ਨੈਸ਼ਨਲ ਹੈਲਥ ਮਿਸ਼ਨ ਅਤੇ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਚੱਕਾ ਜਾਮ ਕਰ ਦਿੱਤਾ। ਜਿਸ ਕਾਰਨ ਖਰੜ ਵਾਲੇ ਪਾਸਿਓਂ ਮੁਹਾਲੀ ਅਤੇ ਚੰਡੀਗੜ੍ਹ ਜਾਣ ਵਾਲਾ ਸਾਰਾ ਟਰੈਫ਼ਿਕ ਜਾਮ ਵਿੱਚ ਫਸ ਗਿਆ। ਸੜਕ ਦੇ ਦੋਵੇਂ ਪਾਸੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਰਾਤੀ ਕਰੀਬ ਅੱਠ ਵਜੇ ਮੁਹਾਲੀ ਤੋਂ ਖਰੜ ਵੱਲ ਇਕ ਪਾਸੜ ਆਵਾਜਾਈ ਸ਼ੁਰੂ ਹੋ ਗਈ ਪ੍ਰੰਤੂ ਇੱਥੋਂ ਮੁਹਾਲੀ ਤੇ ਚੰਡੀਗੜ੍ਹ ਜਾਣ ਲਈ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਜਾਮ ਵਿੱਚ ਫਸੇ ਧਰਮਪਾਲ ਸਿੰਘ ਨੇ ਦੱਸਿਆ ਕਿ ਉਹ ਬੁੜੈਲ ਤੋਂ ਵਾਪਸ ਸਵਰਾਜ ਨਗਰ ਖਰੜ ਜਾ ਰਿਹਾ ਸੀ ਕਿ ਰਸਤੇ ਵਿੱਚ ਜਾਮ ਵਿੱਚ ਫਸ ਗਿਆ। ਇੰਜ ਹੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸੈਕਟਰ-39 ਵਿੱਚ ਜਾਣਾ ਸੀ ਪਰ ਦੇਸੂਮਾਜਰਾ ਕੋਲ ਜਾਮ ਵਿੱਚ ਫਸ ਗਿਆ। ਐਰੋਸਿਟੀ ਤੋਂ ਨਿਊ ਸੰਨੀ ਐਨਕਲੇਵ ਵਿੱਚ ਜਾਣ ਲਈ ਸੁਖਵੰਤ ਕੌਰ ਨਾਂ ਦੀ ਅੌਰਤ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਪੀੜਤ ਨਾਲ ਉਸ ਦਾ ਬੇਟਾ ਵੀ ਸੀ। ਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਬਲੌਂਗੀ ਤੋਂ ਹਸਪਤਾਲ ਰੋਡ ਖਰੜ ਆਪਣੇ ਘਰ ਜਾਣਾ ਸੀ ਪਰ ਉਹ ਕਾਫ਼ੀ ਸਮੇਂ ਤੋਂ ਜਾਮ ਵਿੱਚ ਫਸੀ ਹੋਈ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਅਮਨਦੀਪ ਸਿੰਘ ਧਨੋਆ ਵੀ ਇਧਰ ਨਹੀਂ ਬੁਲਾ ਸਕਦੇ ਕਿਉਂਕਿ ਖਰੜ ਵਾਲੇ ਪਾਸੇ ਵੀ ਸੜਕ ਜਾਮ ਹੈ। ਇਸੇ ਤਰ੍ਹਾਂ ਹੋਰਨਾਂ ਕਈ ਰਾਹਗੀਰਾਂ ਨੇ ਆਪਬੀਤੀ ਦੱਸੀ। ਖ਼ਬਰ ਲਿਖੇ ਜਾਣ ਤੱਕ ਜਾਮ ਵਿੱਚ ਫਸੇ ਲੋਕ ਖੱਜਲ-ਖੁਆਰ ਹੋ ਰਹੇ ਸੀ। ਪੀੜਤ ਲੋਕਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਖਰੜ ਇਲਾਕੇ ਨੂੰ ਨਿੱਤ ਦੇ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਮੁਲਾਜ਼ਮ ਵਰਗ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ।
ਇਸੇ ਤਰ੍ਹਾਂ ਖਰੜ ਤੋਂ ਲਾਂਡਰਾਂ ਮੁੱਖ ਸੜਕ ਉੱਤੇ ਜਾਮ ਲੱਗਿਆ ਹੋਇਆ ਸੀ ਅਤੇ ਇਸ ਸੜਕ ਰਾਹੀਂ ਆਉਣ ਵਾਲੇ ਲੋਕਾਂ ਖਾਸ ਕਰਕੇ ਵਾਹਨਾਂ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਤ 10 ਵਜੇ ਤੋਂ ਬਾਅਦ ਲੋਕਾਂ ਨੂੰ ਟਰੈਫ਼ਿਕ ਜਾਮ ਤੋਂ ਰਾਹਤ ਮਿਲ ਸਕੀ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…