ਮੁਹਾਲੀ ਦਾ ਫਿਕਰ ਛੱਡ ਲਾਲੜੂ, ਡੇਰਾਬਸੀ ਤੇ ਜ਼ੀਰਕਪੁਰ ਖੇਤਰਾਂ ਨੂੰ ਆਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਦੇ ਹੁਕਮ

ਪਿੰਡ ਮਗਰਾ (ਲਾਲੜੂ) ਵਿੱਚ ਬਣਾਈ ਗਈ ਹੈ ਜ਼ਿਲ੍ਹਾ ਪੱਧਰੀ ਗਊਸ਼ਾਲਾ, ਗਊਸ਼ਾਲਾ ਦਾ ਪ੍ਰਬੰਧ ਧਿਆਨ ਫਾਊਂਡੇਸ਼ਨ ਨੂੰ ਸੌਂਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਜ਼ਿਲ੍ਹਾ ਪ੍ਰਸ਼ਾਸਨ ਨੇ ਐਸਏਐਸ ਨਗਰ ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਦਰਕਿਨਾਰ ਕਰਕੇ ਲਾਲੜੂ, ਡੇਰਾਬਸੀ ਅਤੇ ਜ਼ੀਰਕਪੁਰ ਖੇਤਰਾਂ ਨੂੰ ਆਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਦੇ ਹੁਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡ ਮਗਰਾ (ਲਾਲੜੂ) ਵਿਖੇ ਬਣਾਈ ਗਈ ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਸਬੰਧੀ ਸੱਦੀ ਮੀਟਿੰਗ ਦੀ ਪ੍ਰ੍ਰਧਾਨਗੀ ਕਰਦਿਆਂ ਦਿੱਤੇ ਹਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਗਰਗ ਨੇ ਦੱਸਿਆ ਕਿ ਗਊ ਰਕਸ਼ਾ ਧਿਆਨ ਫਾਊਂਡੇਸ਼ਨ, ਲੁਧਿਆਣਾ ਵੱਲੋਂ ਸਵੈ-ਇੱਛੁਕ ਤੌਰ ,’ਤੇ ਇਸ ਗਊਸ਼ਾਲਾ ਨੂੰ ਚਲਾਉਣ ਦੀ ਸਹਿਮਤੀ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਧਿਆਨ ਫਾਊਂਡੇਸ਼ਨ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਲੜੂ, ਡੇਰਾਬਸੀ, ਜ਼ੀਰਕਪੁਰ ਖੇਤਰਾਂ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਸਬੰਧਤ ਨਗਰ ਕੌਸਲਾਂ ਦੇ ਕਾਰਜਸਾਧਕ ਅਫ਼ਸਰਾਂ ਵੱਲੋਂ ਲੋੜੀਂਦੀ ਕਾਰਵਾਈ ਕਰਦਿਆਂ ਗਊਸ਼ਾਲਾ ਵਿਚ ਪਸ਼ੂਆਂ ਨੂੰ ਭੇਜਣ ਸਬੰਧੀ ਧਿਆਨ ਫਾਊਂਡੇਸ਼ਨ ਨਾਲ ਤਾਲਮੇਲ ਕੀਤਾ ਜਾਵੇਗਾ ਤਾਂ ਜੋ ਆਵਾਰਾ ਪਸ਼ੂਆਂ ਕਰਕੇ ਹੁੰਦੇ ਹਾਦਸਿਆਂ ਅਤੇ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਪਰਮਾਤਾ ਸਰੂਪ ਨੇ ਦੱਸਿਆ ਕਿ ਗਊਸ਼ਾਲਾ ਦਾ ਕੰਮ ਮੁਕੰਮਲ ਹੈ ਤੇ ਪ੍ਰਸ਼ਾਸਨ ਦੇ ਯਤਨਾਂ ਸਦਕਾ ਧਿਆਨ ਫਾਊਂਡੇਸ਼ਨ, ਲੁਧਿਆਣਾ ਵੱਲੋਂ ਸਵੈ-ਇਛੁਕ ਤੌਰ ’ਤੇ ਇਸ ਗਊਸ਼ਾਲਾ ਨੂੰ ਚਲਾਉਣ ਲਈ ਸਹਿਮਤੀ ਦਿੱਤੀ ਗਈ ਹੈ। ਲਾਲੜੂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਨੇ ਦੱਸਿਆ ਕਿ ਗਊਸ਼ਾਲਾ ਕੋਲ 34 ਕਿੱਲੇ ਜ਼ਮੀਨ ਹੈ, ਜਿਸ ਵਿਚੋਂ 14 ਕਿੱਲਿਆਂ ’ਚ ਪਸ਼ੂ ਰੱਖੇ ਗਏ ਹਨ ਤੇ ਬਾਕੀ ਜ਼ਮੀਨ ਖੇਤੀਬਾੜੀ ਲਈ ਵਰਤੀ ਜਾ ਰਹੀ ਹੈ। ਇੱਥੇ 48 ਗਾਵਾਂ, 31 ਸਾਨ੍ਹ ਅਤੇ 27 ਵੱਛੇ ਤੇ ਵੱਛੀਆਂ ਹਨ। ਧਿਆਨ ਫਾਊਂਡੇਸ਼ਨ ਵੱਲੋਂ ਸ਼ੈੱਡ ਦਾ ਘੇਰਾ ਵਧਾਉਣ ਅਤੇ ਸਾਨ੍ਹਾਂ ਅਤੇ ਵੱਛਿਆਂ ਲਈ ਵੱਖ-ਵੱਖ ਸ਼ੈੱਡ ਬਣਾਉਣ ਦੀ ਮੰਗ ਕੀਤੀ ਗਈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਅਧਕਿਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੀ ਜਾਂਦੀ ਵੈਕਸੀਨ ਪਸ਼ੂਆਂ ਨੂੰ ਲਗਾਈ ਜਾਵੇਗੀ ਅਤੇ ਰੋਜ਼ਾਨਾ ਇਕ ਵੈਟਨਰੀ ਇੰਸਪੈਕਟਰ/ਡਾਕਟਰ ਚੈਕਅਪ ਲਈ ਗਊਸ਼ਾਲਾ ਜਾਵੇਗਾ। ਫਾਊਂਡੇਸ਼ਨ ਨੂੰ ਇਸ ਗਊਸ਼ਾਲਾ ਦਾ ਪ੍ਰਬੰਧ ਤੁਰੰਤ ਸੰਭਾਲਣ ਲਈ ਕਿਹਾ ਗਿਆ ਹੈ।
ਮੀਟਿੰਗ ਵਿੱਚ ਗਊ ਰਕਸ਼ਾ ਧਿਆਨ ਫਾਊਂਡੇਸ਼ਨ ਦੇ ਮੈਂਬਰ, ਸ੍ਰੀ ਰਾਜੂ ਵਿਲੀਅਮ, ਸ੍ਰੀ ਅਮਿਤ ਜੈਨ, ਨਾਈਪਰ ਦੇ ਵਿਗਿਆਨੀ ਡਾ. ਅਨੁਭਾ ਸਿੰਘ, ਸੇਵਾ ਮੁਕਤ ਐਸ.ਪੀ.(ਆਈ.ਬੀ) ਸ੍ਰੀ ਏ.ਪੀ. ਜੈਨ, ਸ੍ਰੀਮਤੀ ਗੀਤਾ ਲਾਕੜਾ, ਸ੍ਰੀ ਸੰਜੀਵ ਸੂਦ, ਸ੍ਰੀਮਤੀ ਮਨੀਸ਼ਾ ਗੰਗਵਾਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…