ਮੁਹਾਲੀ ਤੋਂ ਹੋਵੇਗੀ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਸਭ ਤੋਂ ਵੱਡੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ

ਸੂਬਾ ਪੱਧਰੀ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਮੁੱਖ ਮਹਿਮਾਨ: ਕਾਹਨ ਸਿੰਘ ਪੰਨੂ
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰੀਸਰਚ (ਆਈਸਰ) ਵਿੱਚ ਹੋਵੇਗਾ ਸੂਬਾ ਪੱਧਰੀ ਵਿਸ਼ਾਲ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਤੋਂ ਕਰਨਗੇ ਅਤੇ ਇਸ ਸੂਬਾ ਪੱਧਰੀ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਮਿਸ਼ਨ ਡਾਇਰੈਕਟਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ੍ਰੀ ਪੰਨੂੰ ਨੇ ਦੱਸਿਆ ਕਿ ਆਈਸਰ ਦੇ ਆਡੀਟੋਰੀਅਮ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਲਈ ਹੋਣ ਵਾਲੇ ਸਮਾਗਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਮੁੱਖ ਮੰਤਰੀ, ਪੰਜਾਬ ਆਈਸਰ ਦੇ ਵਿਹੜੇ ਵਿਖੇ ਵਿਸ਼ੇਸ਼ ਵਾਤਾਵਰਣ ਦਿਵਸ ਮੌਕੇ ਬੂਟਾ ਵੀ ਲਾਉਣਗੇ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ੀਅਤਾਂ ਵੀ ਬੂਟੇ ਲਾਉਣਗੀਆਂ।
ਸ੍ਰੀ ਪੰਨੂੰ ਨੇ ਦੱਸਿਆ ਕਿ ਸਮਾਗਮ ਮੌਕੇ ਵਾਤਾਵਰਣ ਦੀ ਸੰਭਾਲ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਗਤੀਵਿਧੀਆਂ ਸਬੰਧੀ ਸਟਾਲ ਵੀ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਇਸ ਮੌਕੇ ਘਰ-ਘਰ ਹਰਿਆਲੀ ਮਿਸ਼ਨ, ਆਈ-ਹਰਿਆਲੀ ਐਪ, ਹਰਿਆਲੀ ਮਿਸ਼ਨ ਐਸ.ਏ.ਐਸ. ਨਗਰ ਸਮੇਤ ਮਿਸ਼ਨ ਤੰਦਰੁਸਤ ਪੰਜਾਬ ਦਾ ਕਿਤਾਬਚਾ ਵੀ ਜਾਰੀ ਕਰਨਗੇ। ਮਿਸ਼ਨ ਡਾਇਰੈਕਟਰ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬੁੂਟੇ ਵੀ ਵੰਡੇ ਜਾਣਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪੰਨੂੰ ਨੇ ਆਖਿਆ ਕਿ ਹਵਾ ਤੇ ਪਾਣੀ ਦੇ ਡਿੱਗਦੇ ਮਿਆਰ, ਖ਼ੁਰਾਕੀ ਵਸਤਾਂ ਵਿਚਲੀ ਮਿਲਾਵਟ ਅਤੇ ਹਰਿਆਲੀ ਘਟਣ ਕਾਰਨ ਪੰਜਾਬੀਆਂ ਦੀ ਸਿਹਤ ਵੀ ਡਿੱਗੀ ਹੈ ਤੇ ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਇਹ ਸਮੱਸਿਆਵਾਂ ਦੂਰ ਕੀਤੀਆਂ ਜਾਣੀਆਂ ਲਾਜ਼ਮੀ ਹਨ। ਜਿਸ ਦੇ ਮੱਦੇਨਜ਼ਰ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਸ਼ੁਰੂਆਤ ਸਬੰਧੀ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ’ਤੇ ਵੀ ਸਮਾਗਮ ਕਰਵਾਏ ਜਾਣਗੇ। ਇਸ ਮਿਸ਼ਨ ਤਹਿਤ ਵੱਖ-ਵੱਖ ਵਿਭਾਗਾਂ ਨੂੰ ਇੱਕ ਮੰਚ ’ਤੇ ਲਿਆਂਦਾ ਗਿਆ ਹੈ। ਜਿਨ੍ਹਾਂ ਦਾ ਮੁੱਖ ਟੀਚਾ ਪੰਜਾਬੀਆਂ ਦੀ ਸਿਹਤ ਵਿੱਚ ਸੁਧਾਰ ਲਿਆ ਕੇ ਪੰਜਾਬ ਨੂੰ ਤੰਦਰੁਸਤ ਬਣਾਉਣਾ ਹੈ।
ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਤੇ ਮਿਸ਼ਨ ਡਾਇਰੈਕਟਰ ਕੌਮੀ ਸਿਹਤ ਮਿਸ਼ਨ ਵਰੁਣ ਰੂਜਮ, ਮੁੱਖ ਮੰਤਰੀ ਦੀ ਵਧੀਕ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਖੇਡ ਵਿਭਾਗ ਅੰਮ੍ਰਿਤ ਕੌਰ ਗਿੱਲ, ਪ੍ਰਧਾਨ ਮੁੱਖ ਵਣਪਾਲ ਜਿਤੇਂਦਰ ਸ਼ਰਮਾ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ.ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ ਗਰਗ, ਐਸਡੀਐਮ ਡਾ. ਆਰਪੀ ਸਿੰਘ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਸਕੱਤਰ ਆਰਟੀਏ ਸੁਖਵਿੰਦਰ ਕੁਮਾਰ, ਐਸਪੀ ਸਿਟੀ ਜਗਜੀਤ ਸਿੰਘ ਜੱਲਾ, ਡੀਐਫ਼ਓ ਗੁਰਅਮਨਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…