Nabaz-e-punjab.com

ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਪੰਜਾਬ ਭਰ ’ਚੋਂ ਮੋਹਰੀ ਰਿਹਾ ਮੁਹਾਲੀ: ਡੀਸੀ

11 ਦਿਨ ਚੱਲੇ ਪੰਜਵੇਂ ਰੁਜ਼ਗਾਰ ਮੇਲਿਆਂ ਦੌਰਾਨ 13,300 ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੇ ਵੱਡਾ ਮਾਅਰਕਾ ਮਾਰਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਪੰਜਵੇਂ ਰੁਜ਼ਗਾਰ ਮੇਲੇ ਦੌਰਾਨ 11 ਦਿਨਾਂ ਵਿੱਚ ਸੱਤ ਥਾਵਾਂ ਉੱਤੇ ਲੱਗੇ ਰੁਜ਼ਗਾਰ ਮੇਲਿਆਂ ਦੌਰਾਨ 13,300 ਨੌਜਵਾਨਾਂ ਨੂੰ ਮੋਹਰੀ ਕੰਪਨੀਆਂ ਨੇ ਨੌਕਰੀਆਂ ਦਿੱਤੀਆਂ, ਜਦੋਂਕਿ 3808 ਨੂੰ ਸਵੈ ਰੁਜ਼ਗਾਰ ਲਈ ਚੁਣਿਆ ਗਿਆ। ਅੱਜ ਅਖ਼ੀਰਲੇ ਦਿਨ ਇੱਥੋਂ ਦੇ ਫੇਜ਼-3ਏ ਸਥਿਤ ਖਾਲਸਾ ਕਾਲਜ ਵਿੱਚ ਮੈਗਾ ਰੁਜ਼ਗਾਰ ਮੇਲਿਆ ਲਗਾਇਆ ਗਿਆ।
ਅੱਜ ਇੱਥੇ ਦੇਰ ਸ਼ਾਮ ਇਹ ਖੁਲਾਸਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 20 ਤੋਂ 30 ਸਤੰਬਰ ਤੱਕ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਰੁਜ਼ਗਾਰ ਮੇਲੇ ਲਗਵਾਏ ਗਏ। ਜਿਨ੍ਹਾਂ ਵੱਖ-ਵੱਖ ਸਿੱਖਿਆ ਪਿਛੋਕੜ ਅਤੇ ਤਕਨੀਕੀ ਤੌਰ ’ਤੇ ਮੁਹਾਰਤ ਪ੍ਰਾਪਤ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ 21,977 ਉਮੀਦਵਾਰਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ’ਚੋਂ 13,300 ਨੌਜਵਾਨ ਨੌਕਰੀਆਂ ਲਈ ਚੁਣੇ ਗਏ, ਜਦੋਂ ਕਿ 441 ਨੂੰ ਵੱਖ ਵੱਖ ਬਹੁਕੌਮੀ ਤੇ ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਸ਼ਾਰਟ ਲਿਸਟ ਕੀਤਾ। ਉਨ੍ਹਾਂ ਕਿਹਾ ਕਿ 3808 ਉਮੀਦਵਾਰਾਂ ਦੀ ਸਵੈ ਰੁਜ਼ਗਾਰ ਲਈ ਚੋਣ ਕੀਤੀ ਗਈ, ਜਦੋਂ ਕਿ 520 ਨੂੰ ਹੁਨਰ ਸਿਖਲਾਈ ਲਈ ਚੁਣਿਆ ਗਿਆ। ਡੀਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਕਈ ਮੋਹਰੀ ਕੰਪਨੀਆਂ ਪੁੱਜੀਆਂ ਅਤੇ ਨੌਜਵਾਨਾਂ ਨੇ ਆਪਣੀ ਪਸੰਦ ਮੁਤਾਬਕ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕੀਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਦੀ ਸੀਈਓ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਆਖ਼ੀਰਲੇ ਦਿਨ ਇੱਥੋਂ ਦੇ ਖ਼ਾਲਸਾ ਕਾਲਜ ਫੇਜ਼-3ਏ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ 2572 ਉਮੀਦਵਾਰਾਂ ਨੇ ਭਾਗ ਲਿਆ। ਜਿਸ ’ਚੋਂ 1352 ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ ਅਤੇ 917 ਨੂੰ ਸਵੈ ਰੁਜ਼ਗਾਰ ਤੇ 91 ਉਮੀਦਵਾਰਾਂ ਨੂੰ ਹੁਨਰ ਸਿਖਲਾਈ ਲਈ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਐਮੇਜ਼ੋਨ, ਮਾਰੂਤੀ ਸੁਜ਼ੂਕੀ, ਆਈਸੀਆਈਸੀਆਈ ਬੈਂਕ, ਪੁਖਰਾਜ ਹੈਲਥ ਕੇਅਰ ਅਤੇ ਮਹਿੰਦਰਾ ਤੇ ਮਹਿੰਦਰਾ ਸਮੇਤ ਹੋਰ ਕਈ ਨਾਮੀ ਕੰਪਨੀਆਂ ਨੇ ਪਹੁੰਚ ਕੇ ਨੌਜਵਾਨਾਂ ਨੂੰ ਵਿਦਿਅਕ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ, ਡਿਪਟੀ ਸੀਈਓ ਮਨਜੇਸ਼ ਕੁਮਾਰ ਅਤੇ ਖ਼ਾਲਸਾ ਕਾਲਜ ਦੀ ਪ੍ਰਿੰਸੀਪਲ ਹਰੀਸ਼ ਕੁਮਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…