
ਮੁਹਾਲੀ ਦੇ ਮੇਅਰ ਦੀ ਚੋਣ ਐਨ ਮੌਕੇ ਮੁਲਤਵੀ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਗਜ਼ਟਿਡ ਛੁੱਟੀ ਦੀ ਘੋਸ਼ਣਾ ਕਾਰਨ ਲਿਆ ਗਿਆ ਤਾਜ਼ਾ ਫੈਸਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਭਲਕੇ 8 ਅਪਰੈਲ ਨੂੰ ਹੋਣ ਵਾਲੀ ਚੋਣ ਐਨ ਮੌਕੇ ਮੁਲਤਵੀ ਕਰ ਦਿੱਤੀ ਗਈ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ 8 ਅਪਰੈਲ ਨੂੰ ਰਾਖਵੀਂ ਛੁੱਟੀ ਨੂੰ ਗਜ਼ਟਿਡ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਕਾਰਨ ਵੀਰਵਾਰ ਨੂੰ ਹੋਣ ਵਾਲੀ ਇਨ੍ਹਾਂ ਤਿੰਨੇ ਅਹੁਦਿਆਂ ਦੀ ਚੋਣ ਚਾਰ ਦਿਨ ਹੋਰ ਅੱਗੇ ਟਲ ਗਈ ਹੈ।
ਹਾਲਾਂਕਿ ਅੱਜ ਸਵੇਰੇ ਅਤੇ ਦੁਪਹਿਰ ਤੱਕ ਨਗਰ ਨਿਗਮ ਦੇ ਅਧਿਕਾਰੀ ਅਤੇ ਦਫ਼ਤਰੀ ਸਟਾਫ਼ ਨਵੇਂ ਮੇਅਰ ਦੀ ਚੋਣ ਅਤੇ ਨਵੇਂ ਕੌਂਸਲਰਾਂ ਨੂੰ ਸਹੁੰ ਚੁਕਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ’ਚ ਜੁੱਟੇ ਹੋਏ ਸੀ ਪ੍ਰੰਤੂ ਬਾਅਦ ਦੁਪਹਿਰ 8 ਅਪਰੈਲ ਨੂੰ ਹੋਣ ਵਾਲੀ ਪਹਿਲੀ ਮੀਟਿੰਗ ਜਿਸ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਵਾਈ ਜਾਵੇਗੀ ਅਤੇ ਇਸ ਤੋਂ ਪਹਿਲਾਂ ਨਵੇਂ ਚੁਣੇ ਗਏ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਅੱਜ ਬਾਅਦ ਦੁਪਹਿਰ ਸਰਕਾਰ ਦੇ ਤਾਜ਼ਾ ਹੁਕਮ ਦਫ਼ਤਰ ਪਹੁੰਚੇ ਹਨ। ਜਿਸ ਵਿੱਚ ਭਲਕੇ 8 ਅਪਰੈਲ ਨੂੰ ਹੋਣ ਵਾਲੀ ਨਵੇਂ ਹਾਊਸ ਦੀ ਪਲੇਠੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਚੋਣ 12 ਅਪਰੈਲ ਨੂੰ ਸਵੇਰੇ 10 ਵਜੇ ਨਗਰ ਨਿਗਮ ਭਵਨ ਸੈਕਟਰ-68 ਵਿੱਚ ਹੋਵੇਗੀ। ਇਸ ਸਬੰਧੀ ਸਬੰਧਤਾਂ ਨੂੰ ਜਾਣਕਾਰੀ ਭੇਜੀ ਜਾ ਰਹੀ ਹੈ।