ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਦੇ ਮੇਅਰ ਜੀਤੀ ਸਿੱਧੂ ਤੋਂ ਪੁੱਛ-ਪੜਤਾਲ

ਨਾ ਸ਼ਿਕਾਇਤਕਰਤਾ ਬਾਰੇ ਦੱਸਿਆ ਨਾ ਹੀ ਸ਼ਿਕਾਇਤ ਦੀ ਕਾਪੀ ਦਿੱਤੀ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੁਹਾਲੀ ਨਗਰ ਨਿਗਮ ਦੇ ਮੇਅਰ ਅਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਤੋਂ ਕਰੀਬ ਡੇਢ ਘੰਟਾ ਪੁੱਛ-ਪੜਤਾਲ ਕੀਤੀ ਗਈ। ਵਿਜੀਲੈਂਸ ਦੇ ਉਡਣ ਦਸਤਾ ਟੀਮ ਨੇ ਰੀਅਲ ਅਸਟੇਟ ਦੇ ਕਾਰੋਬਾਰ ਅਤੇ ਪਿੰਡ ਦੈੜੀ ਦੀ ਵਿਵਾਦਿਤ ਜ਼ਮੀਨ ਬਾਰੇ ਪੁੱਛਗਿੱਛ ਕੀਤੀ। ਮੇਅਰ ਨੂੰ 7 ਜੂਨ ਨੂੰ ਦੁਬਾਰਾ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਉਧਰ, ਜੀਤੀ ਸਿੱਧੂ ਦੇ ਵੱਡੇ ਭਰਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ 2 ਜੂਨ ਨੂੰ ਵਿਜੀਲੈਂਸ ਭਵਨ ਵਿੱਚ ਤਲਬ ਕੀਤਾ ਗਿਆ ਹੈ। ਉਂਜ ਇਸ ਤੋਂ ਪਹਿਲਾਂ ਵੀ ਸਿੱਧੂ ਭਰਾਵਾਂ ਨੂੰ ਤਲਬ ਕੀਤਾ ਜਾ ਚੁੱਕਾ ਹੈ। ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਸਿੱਧੂ ਭਰਾ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਅੱਜ ਸਵੇਰੇ ਕਰੀਬ 9 ਵਜੇ ਹੀ ਮੁਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਭਵਨ ਵਿੱਚ ਪਹੁੰਚ ਗਏ ਸੀ। ਜਿੱਥੇ ਵਿਜੀਲੈਂਸ ਦੇ ਉਡਣ ਦਸਤਾ ਟੀਮ ਵੱਲੋਂ ਕਾਫ਼ੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਨੇੜਲੇ ਪਿੰਡ ਦੈੜੀ ਦੀ ਜਿਸ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ, ਦਰਅਸਲ ਉਸ ਜ਼ਮੀਨ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੇਅਰ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਹਿੱਸੇਦਾਰ ਪਾਰਸ ਮਹਾਜਨ ਨੇ ਪਿੰਡ ਦੈੜੀ ਵਿੱਚ ਕੁੱਝ ਜ਼ਮੀਨ ਦਾ ਤਬਾਦਲਾ ਕਰਵਾਇਆ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ, ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਸਾਰੇ ਬਿਲਡਰ ਹੀ ਇੰਜ ਕਰਦੇ ਹਨ।
ਜੀਤੀ ਸਿੱਧੂ ਨੇ ਦੱਸਿਆ ਕਿ ਪਿੰਡ ਦੈੜੀ ਦਾ ਇੱਧਰਲਾ (ਮੁਹਾਲੀ ਵਾਲਾ) ਪਾਸਾ ਮੁਹਾਲੀ ਦੇ ਮਾਸਟਰ ਪਲਾਨ ਵਿੱਚ ਆਉਂਦਾ ਹੈ ਜਦੋਂਕਿ ਨਾਲ ਲਗਦੇ ਪਿੰਡ ਮਾਣਕਪੁਰ ਕੱਲਰ ਦਾ ਓਧਰਲਾ ਹਿੱਸਾ ਬਨੂੜ ਦੇ ਮਾਸਟਰ ਪਲਾਨ ਵਿੱਚ ਆਉਂਦਾ ਹੈ। ਇੱਥੇ ਕੁੱਝ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਹੈ ਅਤੇ ਉੱਥੇ ਬਾਕਾਇਦਾ ਵੱਡੇ ਸੂਚਨਾ ਬੋਰਡ ਹੋਰਡਿੰਗ ਲਗਾਏ ਗਏ ਹਨ ਕਿ ਇਹ ਜ਼ਮੀਨ ਸਰਕਾਰ ਜਾਂ ਗਰਾਮ ਪੰਚਾਇਤ ਦੀ ਹੈ ਕਿਉਂਕਿ ਹਾਈ ਕੋਰਟ ਵੱਲੋਂ ਗਰਾਮ ਪੰਚਾਇਤ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਗਿਆ ਸੀ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਜੀਲੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਕਰਤਾ ਕੌਣ ਹੈ, ਨਾ ਤਾਂ ਉਸ ਨੂੰ ਇਹ ਦੱਸਿਆ ਗਿਆ ਹੈ ਅਤੇ ਨਾ ਹੀ ਸ਼ਿਕਾਇਤ ਦੀ ਕਾਪੀ ਹੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਜ਼ਮੀਨ ਜਾਇਦਾਦ ਸਬੰਧੀ ਕੁੱਝ ਦਸਤਾਵੇਜ਼ ਜਮ੍ਹ ਕਰਵਾਉਣ ਲਈ ਕਿਹਾ ਹੈ। ਇਸ ਲਈ ਉਸ ਨੇ ਵਿਜੀਲੈਂਸ ਤੋਂ ਕੁੱਝ ਦਿਨਾਂ ਦੀ ਮੋਹਲਤ ਮੰਗੀ ਗਈ ਹੈ, ਕਿਉਂਕਿ ਕਈ ਦਸਤਾਵੇਜ਼ ਗਮਾਡਾ ਤੋਂ ਮਿਲਣੇ ਹਨ ਜਾਂ ਕੁੱਝ ਰੈਵੀਨਿਊ ਵਿਭਾਗ ਤੋਂ ਹਾਸਲ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ 7 ਜੂਨ ਨੂੰ ਉਹ ਲੋੜੀਂਦੇ ਦਸਤਾਵੇਜ਼ ਲੈ ਕੇ ਮੁੜ ਵਿਜੀਲੈਂਸ ਭਵਨ ਜਾਣਗੇ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…