ਮੁਹਾਲੀ ਨਗਰ ਨਿਗਮ ਵੱਲੋਂ 15 ਕਰੋੜ ਘਾਟੇ ਦਾ ਬਜਟ ਪਾਸ, ਲੋਕਾਂ ਨੂੰ ਸਹੂਲਤਾਂ ਦੇਣ ਦਾ ਵਾਅਦਾ

ਪਾਰਕਾਂ ਦੀ ਵਰਤੋਂ ’ਤੇ ਫੀਸ ਵਸੂਲੀ ਦਾ ਹੋਇਆ ਤਿੱਖਾ ਵਿਰੋਧ, ਹੁਣ ਸਿਰਫ਼ ਦੇਣਾ ਪਵੇਗਾ 500 ਰੁਪਏ ਸਫ਼ਾਈ ਖਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਮੁਹਾਲੀ ਨਗਰ ਨਿਗਮ ਦੀ ਅੱਜ ਹੋਈ ਬਜਟ ਮੀਟਿੰਗ ਅਤੇ ਸਾਧਾਰਨ ਮੀਟਿੰਗ ਹੰਗਾਮਾ ਪੂਰਨ ਰਹੀ। ਇਸ ਦੌਰਾਨ ਇੱਕ ਵਾਰ ਤਾਂ ਤਲਖਕਲਾਮੀ ਦੀ ਨੌਬਤ ਵੀ ਆਈ ਪ੍ਰੰਤੂ ਮੇਅਰ ਕੁਲਵੰਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਬੜੇ ਠਰ੍ਹਮੇ ਨਾਲ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਇਸ ਮੌਕੇ 15 ਕਰੋੜ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ। ਮੁਹਾਲੀ ਨਿਗਮ ਨੂੰ ਪ੍ਰਾਪਰਟੀ ਟੈਕਸ ਅਤੇ ਹੋਰ ਕੰਮਾਂ ਤੋਂ 11293.50 ਲੱਖ ਰੁਪਏ ਆਮਦਨ ਹੋਣ ਦੀ ਸੰਭਾਵਨਾ ਹੈ ਜਦੋਂਕਿ ਇਸ ਦੇ ਮੁਕਾਬਲੇ ਵਿਕਾਸ ਕੰਮਾਂ ’ਤੇ 12817 ਲੱਖ ਰੁਪਏ ਖਰਚਾ ਹੋਣ ਦਾ ਅਨੁਮਾਨ ਹੈ। ਮੇਅਰ ਨੇ ਘਾਟੇ ਵਾਲੇ ਬਜਟ ਦੇ ਬਾਵਜੂਦ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਸਿਟੀ ਬੱਸ ਚਾਲੂ ਕਰਨ ਲਈ ਸੂਬਾ ਸਰਕਾਰ ਨੂੰ ਅਪੀਲ ਕੀਤੀ ਨਿਗਮ ਵੱਲੋਂ ਮਤਾ ਪਾਸ ਕਰਕੇ ਪ੍ਰਵਾਨਗੀ ਲਈ ਭੇਜੇ ਪ੍ਰਸਤਾਵ ਨੂੰ ਜਲਦੀ ਹਰੀ ਝੰਡੀ ਦਿੱਤੀ ਜਾਵੇ।
ਮੀਟਿੰਗ ਵਿੱਚ ਕੌਂਸਲਰਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿਚਲੇ ਪਾਰਕਾਂ ਵਿੱਚ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਲਈ ਲਗਾਈ ਜਾਣ ਵਾਲੀ ਪ੍ਰਸਤਾਵਿਤ ਫੀਸ ਅਤੇ ਟੈਂਟ ਲਗਾਉਣ ’ਤੇ ਲਗਾਈ ਜਾਣ ਵਾਲੀ ਪ੍ਰਤੀ ਸੇਕਅਰ ਫੁੱਟ ਫੀਸ ਦੀ ਥਾਂ ਹੁਣ ਪਾਰਕਾਂ ਦੀ ਵਰਤੋਂ ਲਈ 500 ਰੁਪਏ ਸਫ਼ਾਈ ਖਰਚਾ ਲਗਾਉਣ ਦਾ ਫੈਸਲਾ ਹੋਇਆ ਅਤੇ ਕਮਿਊਨਿਟੀ ਸੈਂਟਰਾਂ ਦੀਆਂ ਦਰਾਂ ਵਿੱਚ ਵਾਧੇ ਦਾ ਫੈਸਲਾ ਵੀ ਰੱਦ ਹੋ ਗਿਆ।
ਬਜਟ ਮੀਟਿੰਗ ਸ਼ੁਰੂ ਹੋਣ ਮੌਕੇ ਸਾਰੇ ਕੌਂਸਲਰ ਤਸੱਲੀ ਨਾਲ ਬਜਟ ਤਜਵੀਜ਼ਾਂ ਸੁਣਦੇ ਰਹੇ। ਬਜਟ ਪੜ੍ਹੇ ਜਾਣ ਤੋਂ ਬਾਅਦ ਕੌਂਸਲਰ ਕੁਲਦੀਪ ਕੌਰ ਕੰਗ ਨੇ ਫੇਜ਼-5 ਵਿੱਚ ਗੋਬਿੰਦ ਸਵੀਟਸ ਦੇ ਪਿਛਲੇ ਪਾਸੇ ਸੜਕ ’ਤੇ ਢਾਬੇ ਵਾਲਿਆਂ ਦੀ ਗੰਦਗੀ ਦਾ ਮੁੱਦਾ ਚੁੱਕਿਆ। ਜਿਸ ਤੇ ਮੇਅਰ ਨੇ ਉਨ੍ਹਾਂ ਨੂੰ ਇਹ ਮੁੱਦਾ ਬਜਟ ਮੀਟਿੰਗ ਤੋਂ ਬਾਅਦ ਚੁੱਕਣ ਲਈ ਕਹਿ ਕੇ ਗੱਲ ਨੂੰ ਟਾਲ ਦਿੱਤਾ।
ਮੀਟਿੰਗ ਦੌਰਾਨ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਠਿਆ। ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਫੇਜ਼-3 ਵਿੱਚ ਇੰਨੀਆਂ ਰੇਹੜੀਆਂ ਲੱਗਦੀਆਂ ਹਨ ਕਿ ਲੋਕਾਂ ਦਾ ਲਾਂਘਾ ਤੱਕ ਰੁਕ ਜਾਂਦਾ ਹੈ। ਇਸ ਮੌਕੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਬੀਬੀ ਕੁਲਦੀਪ ਕੌਰ ਕੰਗ ਅਤੇ ਬੀ.ਬੀ ਮੈਣੀ ਨੇ ਵੀ ਰੇਹੜੀਆਂ ਦੇ ਮੁੱਦੇ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਇਸ ਸਮੱਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਨਿਗਮ ਦੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨ ਦਿੱਤਾ ਜਾਵੇ ਅਤੇ ਕੋਈ ਵੀ ਕੌਂਸਲਰ ਅਤੇ ਹੋਰ ਆਗੂ ਨਾਜਾਇਜ਼ ਕਬਜਿਆਂ ਦੇ ਰਾਹ ਦੀ ਰੁਕਾਵਟ ਨਾ ਬਣਨ। ਇਸ ਮੌਕੇ ਹਾਊਸ ਵੱਲੋਂ ਕਮਿਸ਼ਨਰ ਨੂੰ ਨਾਜਾਇਜ਼ ਕਬਜ਼ੇ ਦੂਰ ਕਰਵਾਉਣ ਲਈ ਪੂਰੇ ਅਧਿਕਾਰ ਦਿੰਦਿਆਂ ਇਸ ਸਬੰਧੀ ਸਖ਼ਤ ਕਰਵਾਈ ਕਰਨ ਦੀ ਹਦਾਇਤ ਕੀਤੀ ਗਈ।
ਮੀਟਿੰਗ ਦੌਰਾਨ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਫੇਜ਼-3ਬੀ1 ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਚੁੱਕਦਿਆਂ ਇਸਨੂੰ ਤੁਰੰਤ ਚਾਲੂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਅਤੇ ਅਦਾਲਤ ਦੇ ਕਬਜੇ ਤੋੱ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਵਾਉਣ ਲਈ ਪੈਰਵੀ ਕੀਤੀ ਜਾਣੀ ਹੈ। ਸ੍ਰੀ ਪ੍ਰਿੰਸ ਨੇ ਮੰਗ ਕੀਤੀ ਕਿ ਇਸ ਸੰਬੰਧੀ ਫੇਜ਼-3 ਦੇ ਕੌਂਸਲਰਾਂ ਦੀ ਇਕ ਕਮੇਟੀ ਬਣਾਈ ਜਾਵੇ ਜਿਹੜੀ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ।
ਮੀਟਿੰਗ ਦੌਰਾਨ ਪਿੰਡ ਕੁੰਭੜਾ ਦੇ ਕੌਂਸਲਰ ਰਵਿੰਦਰ ਬਿੰਦਰਾ ਨੇ ਪਿੰਡ ਵਿੱਚ ਪਾਣੀ ਦੀ ਕਮੀ ਨੂੰ ਮੁੱਖ ਰੱਖਦਿਆਂ ਪਾਣੀ ਸਪਲਾਈ ਲਈ ਟੇਬਲ ਏਜੰਡਾ ਪਾ ਕੇ ਪਿੰਡ ਵਿੱਚ ਟਿਊਬਵੈਲ ਲਗਵਾਉਣ ਦੀ ਮੰਗ ਕੀਤੀ ਜਿਸਨੂੰ ਮੇਅਰ ਨੇ ਪ੍ਰਵਾਨ ਕਰ ਲਿਆ। ਕੌਂਸਲਰ ਸ਼ਰਮਾ ਨੇ ਫੇਜ਼-5 ਦੇ ਤਿੰਨ ਪਾਰਕਾਂ ਦੇ ਰੱਖ ਰਖਾਓ ਦਾ ਕੰਮ ਇੱਕ ਸਮਾਜਸੇਵੀ ਸੰਸਥਾ ਨੂੰ ਦੇਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਕ ਹੀ ਸੰਸਥਾ ਨੂੰ ਤਿੰਨ ਪਾਰਕਾਂ ਦਾ ਕੰਮ ਨਹੀੱ ਦਿੱਤਾ ਜਾਣਾ ਚਾਹੀਦਾ ਜਿਸਤੇ ਹਾਊਸ ਵਲੋੱ ਫੈਸਲਾ ਕੀਤਾ ਗਿਆ ਕਿ ਸੰਸਥਾ ਨੂੰ ਇੱਕ ਪਾਰਕ ਦਿੱਤਾ ਜਾਵੇ ਜਦੋੱਕਿ ਬਾਕੀ ਦੇ ਪਾਰਕਾਂ ਦੇ ਰੱਖ ਰਖਾਉ ਦਾ ਕੰਮ ਨਿਗਮ ਖੁਦ ਕਰੇਗਾ। ਇਸ ਦੌਰਾਨ ਕੌਂਸਲਰ ਸ੍ਰ ਪਰਮਜੀਤ ਸਿੰਘ ਕਾਹਲੋਂ ਨੇ ਪਾਰਕਾਂ ਦੀ ਸਫਾਈ ਦਾ ਮੁੱਦਾ ਚੁੱਕਿਆ ਅਤੇ ਕੌਂਸਲਰ ਜਸਵੀਰ ਸਿੰਘ ਮਣਕੂ ਨੇ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਉਦਯੋਗਪਤੀ ਵੱਲੋਂ ਪਾਰਕ ਉਪਰ ਕੀਤੇ ਨਾਜਾਇਜ ਕਬਜੇ ਦਾ ਮੁੱਦਾ ਚੁੱਕਿਆ ਜਿਸ ਤੇ ਮੇਅਰ ਵਲੋੱ ਤੁਰੰਤ ਕਰਵਾਈ ਦੀ ਹਿਦਾਇਤ ਦਿੱਤੀ ਗਈ। ਕੌਂਸਲਰ ਰਜਨੀ ਗੋਇਲ ਨੇ ਸੈਕਟਰ-66 ਵਿੱਚ ਫਲੈਟਾਂ ਵਿੱਚ ਪਾਣੀ ਦੇ ਵਧੇ ਬਿਲਾਂ ਦਾ ਮੁੱਦਾ ਚੁੱਕਿਆ ਜਿਸਤੇ ਮੇਅਰ ਵਲੋੱ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਸੰਬੰਧੀ ਗਮਾਡਾ ਨੂੰ ਲਿਖਤੀ ਤੌਰ ਤੇ ਭੇਜਿਆ ਜਾਵੇਗਾ।
ਨਿਗਮ ਵਲੋੱ ਸ਼ਹਿਰ ਦੇ ਪਾਰਕਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਲਈ ਫੀਸ ਲਗਾਉਣ ਅਤੇ ਕਮਿਊਨਿਟੀ ਸੈਂਟਰਾਂ ਦੀਆਂ ਫੀਸਾਂ ਵਧਾਉਣ ਦੇ ਮੁੱਦੇ ਤੇ ਕੌਂਸਲਰ ਪ੍ਰਿੰਸ ਨੇ ਮੋਰਚਾ ਸੰਭਾਲਦਿਆਂ ਇਸ ਦਾ ਤਕੜਾ ਵਿਰੋਧ ਕੀਤਾ ਜਿਸਦਾ ਬਾਕੀ ਕੌਂਸਲਰਾਂ ਨੇ ਵੀ ਪੁਰਜੋਰ ਸਮਰਥਨ ਕੀਤਾ। ਇਸ ਮੌਕੇ ਫੈਸਲਾ ਹੋਇਆ ਕਿ ਰਿਹਾਇਸ਼ੀ ਖੇਤਰਾਂ ਵਿਚਲੇ ਪਾਰਕਾਂ ਵਿੱਚ ਸਮਾਗਮਾਂ ਲਈ ਫੀਸ ਨਹੀਂ ਲੱਗੇਗੀ ਅਤੇ ਸਿਰਫ਼ 500 ਰੁਪਏ ਸਫਾਈ ਖਰਚਾ ਹੋਵੇਗਾ। ਵੱਡੇ ਪਾਰਕਾਂ ਵਿੱਚ ਫਿਲਮ ਦੀ ਸ਼ੂਟਿੰਗ ਲਈ 25 ਹਜ਼ਾਰ ਰੁਪਏ ਲਏ ਜਾਣਗੇ ਅਤੇ ਕਮਿਊਨਿਟੀ ਸੈਂਟਰਾਂ ਦੇ ਰੇਟ ਪਹਿਲੇ ਵਾਲੇ ਹੀ ਰਹਿਣਗੇ।
ਮੀਟਿੰਗ ਦੌਰਾਨ ਕੌਂਸਲਰ ਰਜਨੀ ਗੋਇਲ, ਗੁਰਮੀਤ ਕੌਰ, ਅਮਰੀਕ ਸਿੰਘ ਤਹਿਸੀਲਦਾਰ, ਸ੍ਰੀ ਅਰੁਣ ਸ਼ਰਮਾ ਅਤੇ ਹਰਦੀਪ ਸਰਾਉ ਨੇ ਮੰਗ ਕੀਤੀ ਕਿ ਅੰਦਰੂਨੀ ਪਾਰਕਾਂ ਵਿੱਚ ਵੱਡੇ ਬੱਚਿਆਂ ਵਲੋੱ ਫੁਟਬਾਲ, ਕ੍ਰਿਕੇਟ, ਵਾਲੀਵਾਲ ਖੇਡਣ ਤੇ ਰੋਕ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲੇ ਬੱਚਿਆਂ ਦੇ ਮਾਂਪਿਆਂ ਤੋਂ ਜੁਰਮਾਨਾ ਵਸੂਲਿਆ ਜਾਵੇ। ਇਸ ਮੌਕੇ ਕੌਂਸਲਰ ਹਰਮਨਪ੍ਰੀਤ ਸਿੰਘ ਅਤੇ ਬੀਬੀ ਕੁਲਦੀਪ ਕੌਰ ਕੰਗ ਨੇ ਇਸਦੇ ਵਿਰੋਧ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਤੋੱ ਬਿਲਕੁਲ ਨਾ ਰੋਕਿਆ ਜਾਵੇ। ਇਸ ਮੌਕੇ ਬਹਿਸ ਨੂੰ ਨਵਾਂ ਰੂਪ ਦਿੰਦਿਆ ਮੇਅਰ ਨੇ ਮੀਡੀਆ ਕਰਮੀਆਂ ਨੂੰ ਵੀ ਸਲਾਹ ਦੇਣ ਲਈ ਕਿਹਾ ਜਿਸਤੇ ਮੀਡੀਆ ਕਰਮੀ ਵੀ ਬੱਚਿਆਂ ਨੂੰ ਖੇਡਣ ਦੇਣ ਦੀ ਇਜਾਜਤ ਦੇ ਹੱਕ ਵਿੱਚ ਨਜ਼ਰ ਆਏ ਅਤੇ ਇਹ ਮਾਮਲਾ ਵਿਚਾਲੇ ਹੀ ਖਤਮ ਹੋ ਗਿਆ।
ਮੀਟਿੰਗ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਆਪਣੀ ਸਿਆਸੀ ਸੂਝਬੂਝ ਪ੍ਰਗਟਾਉੱਦਿਆਂ ਜਿੱਥੇ ਹਾਉਸ ਉਪਰ ਆਪਣੀ ਪਕੜ ਕਾਇਮ ਰੱਖੀ ਉੱਥੇ ਸੰਵੇਦਨਸ਼ੀਲ ਮੌਕਿਆਂ ਤੇ ਉਹ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਨ ਵਿੱਚ ਵੀ ਕਾਮਯਾਬ ਰਹੇ ਅਤੇ ਹਾਉਸ ਵਲੋੱ ਬਾਕੀ ਦੇ ਮਤੇ ਬਿਨਾ ਪੜ੍ਹੇ ਹੀ ਪਾਸ ਕਰ ਦਿੱਤੇ ਗਏ।
ਮੀਟਿੰਗ ਵਿੱਚ ‘ਬਾਬਾ ਜੀ ਦਾ ਠੁੱਲੂ’ ’ਤੇ ਹੋਈ ਤਲਖ ਕਲਾਮੀ
ਨਿਗਮ ਦੀ ਮੀਟਿੰਗ ਦੌਰਾਨ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਜੁਮਲਾ ਬਾਬਾ ਜੀ ਦਾ ਠੁੱਲੂ ਵੀ ਮੁੱਦਾ ਬਣ ਗਿਆ। ਮੀਟਿੰਗ ਦੌਰਾਨ ਕੌਂਸਲਰ ਬੀਬੀ ਮੈਣੀ ਨੇ ਇਤਰਾਜ਼ ਕੀਤਾ ਕਿ ਨਿਗਮ ਵਲੋੱ ਕੌਂਸਲਰਾਂ ਨੂੰ ਬਜਟ ਦੌਰਾਨ ਮਹੀਨਿਆਂ ਦਾ ਹਿਸਾਬ ਦਿੱਤਾ ਜਾਂਦਾ ਹੈ ਅਤੇ ਅਖੀਰਲੇ ਤਿੰਨ ਮਹੀਨਿਆਂ ਦਾ ਹਿਸਾਬ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਮੇਅਰ ਨੇ ਕਿਹਾ ਕਿ ਜਿਸ ਨੇ ਜਾਂਚ ਕਰਵਾਉਣੀ ਹੈ ਕਰਵਾ ਸਕਦਾ ਹੈ ਅਤੇ ਕੌਂਸਲਰ ਆਰ ਪੀ ਸ਼ਰਮਾ ਵੱਲੋਂ ਇਸ ਮੌਕੇ ਇਹ ਕਹਿਣ ਕਿ ਇਨਕੁਆਰੀ ਨਾਲ ਵੀ ਕੀ ਹੋਵੇਗਾ ‘‘ਬਾਬਾ ਜੀ ਦਾ ਠੁੱਲੂ’’ ਮੀਟਿੰਗ ਵਿੱਚ ਰੌਲਾ ਪੈ ਗਿਆ। ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਇਸ ਮੌਕੇ ਸ੍ਰੀ ਆਰ ਪੀ ਸ਼ਰਮਾ ਦੇ ਇਹਨਾਂ ਸ਼ਬਦਾਂ ਤੇ ਸਖਤ ਇਤਰਾਜ ਕੀਤਾ ਅਤੇ ਕਿਹਾ ਕਿ ਉਹ ਇਤਰਾਜਯੋਗ ਭਾਸ਼ਾ ਵਰਤ ਰਹੇ ਹਨ। ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਕਾਹਲੋੱ ਨੇ ਇਹ ਕਹਿ ਕੇ ਸ੍ਰੀ ਸ਼ਰਮਾ ਦਾ ਬਚਾਉ ਕੀਤਾ ਕਿ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਤਾਂ ਇਹ ਲਫਜ ਟੀਵੀ ਤੇ ਜਨਤਕ ਤੌਰ ਤੇ ਵਰਤਦੇ ਹਨ। ਇਸ ਮੌਕੇ ਮੇਅਰ ਨੇ ਸਾਰਿਆਂ ਨੂੰ ਜਾਬਤੇ ਵਿੱਚ ਰਹਿ ਕੇ ਗੱਲ ਕਰਨ ਦੀ ਅਪੀਲ ਕੀਤੀ ਅਤੇ ਮਾਮਲਾ ਸ਼ਾਂਤ ਕਰਵਾਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…