nabaz-e-punjab.com

ਮੁਹਾਲੀ ਨਗਰ ਨਿਗਮ ਵੱਲੋਂ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾਉਣ ਦੀ ਤਿਆਰੀ, ਅੱਜ ਹਾਊਸ ’ਚ ਪੇਸ਼ ਹੋਵੇਗਾ ਮਤਾ

ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾਉਣ ਦੀ ਤਜਵੀਜ਼ ਦਾ ਵਿਰੋਧ ਕੀਤਾ ਜਾਵੇਗਾ: ਬੇਦੀ

ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਨਾ ਵਧਾਉਣ ਦੀ ਥਾਂ ਗਰੀਬਾਂ ਲਈ ਹੋਰ ਘੱਟ ਕਰਨ ਦੀ ਲੋੜ: ਵਿਰਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਸ਼ਹਿਰ ਵਾਸੀਆਂ ਨੂੰ ਕਮਿਊਨਿਟੀ ਸੈਂਟਰਾਂ ਵਿੱਚ ਵਿਆਹ ਅਤੇ ਹੋਰ ਸਮਾਗਮ ਕਰਾਉਣ ਲਈ ਹੁਣ 50 ਹਜ਼ਾਰ ਤੋਂ ਵੱਧ ਪੈਸੇ ਦੇਣੇ ਪੈ ਸਕਦੇ ਹਨ। ਮੁਹਾਲੀ ਨਗਰ ਨਿਗਮ ਦੀ ਅੱਜ ਸਵੇਰੇ 11:30 ਵਜੇ ਹੋਣ ਵਾਲੀ ਮੀਟਿੰਗ ਵਿੱਚ ਜਿੱਥੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕਈ ਮਤੇ ਹਾਊਸ ਵਿੱਚ ਪੇਸ਼ ਕੀਤੇ ਜਾਣਗੇ। ਉੱਥੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਸਥਿਤ ਕਮਿਊਨਿਟੀ ਸੈਂਟਰਾਂ ਦੀ ਕਾਇਆ ਕਲਪ ਕਰਨ ਅਤੇ ਕਿਰਾਇਆ ਵਧਾਉਣ ਲਈ ਹਾਊਸ ਵਿੱਚ ਚਰਚਾ ਕੀਤੀ ਜਾਵੇਗੀ। ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾ ਕੇ 51 ਹਜ਼ਾਰ ਰੁਪਏ ਅਤੇ ਵੱਖਰੇ ਤੌਰ ’ਤੇ ਜੀਐਸਟੀ ਲਗਾਉਣ ਦਾ ਮਤਾ ਪੇਸ਼ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿੱਚ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ 10500 ਅਤੇ 7500 ਰੁਪਏ ਹੈ। ਜਿਸ ’ਤੇ ਜੀਐਸਟੀ ਵੱਖਰਾ ਲੱਗਦਾ ਹੈ। ਇਸ ਤੋਂ ਇਲਾਵਾ ਬੁਕਿੰਗ ਲਈ ਸਕਿਉਰਿਟੀ ਦੀ ਰਾਸ਼ੀ 5 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਕਰਨ ਦੀ ਤਜਵੀਜ਼ ਹੈ।
ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਪਿਛਲੀ ਮੀਟਿੰਗ ਵਿੱਚ ਪਾਸ ਮਤਿਆਂ ਦੀ ਪੁਸ਼ਟੀ ਕਰਨ ਤੋਂ ਇਲਾਵਾ ਸ਼ਮਸ਼ਾਨਘਾਟ ਵਿੱਚ ਲਕੜੀ ਦੀ ਖਰੀਦ ਲਈ ਤੈਅ ਰਕਮ ਵਿੱਚ 25 ਫੀਸਦੀ ਵਾਧਾ ਕਰਨ, ਮਾਰਕਫੈੱਡ ਨੂੰ ਸ਼ਹਿਰ ਦੇ ਵੱਖ ਵੱਖ ਹਿੱਸਿਆਂ (ਸੈਕਟਰ-79 ਤੇ 80 ਚੌਂਕ ਨੇੜੇ, ਸਿਟੀ ਪਾਰਕ ਸੈਕਟਰ-68, ਫੇਜ਼-5 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ, ਫੇਜ਼-9 ਵਿੱਚ ਵਾਟਰ ਵਰਕਸ ਦੇ ਨੇੜੇ ਖੁੱਲ੍ਹੀ ਥਾਂ ਅਤੇ ਫੇਜ਼-8 ਵਿੱਚ ਪੁੱਡਾ ਭਵਨ ਦੇ ਨੇੜੇ ਫੋਰਟਿਸ ਹਸਪਤਾਲ ਦੇ ਸਾਹਮਣੇ ਪਾਰਕ ਵਿੱਚ) ਬੂਥ ਬਣਾਉਣ ਲਈ ਥਾਂ ਅਲਾਟ ਕਰਨ, ਸ਼ਹਿਰ ਦੇ ਵੱਖ-ਵੱਖ ਥਾਵਾਂ (ਆਈਸਰ ਟੀ ਪੁਆਇੰਟ, ਸੈਕਟਰ-66 ਤੇ 67 ਅਤੇ ਸੈਕਟਰ-80 ਤੇ 81 ਜੰਕਸ਼ਨ, ਸੈਕਟਰ-67 ਤੋਂ 80 ਜੰਕਸ਼ਨ, ਸੈਕਟਰ-68 ਤੇ 69 ਅਤੇ ਸੈਕਟਰ-78 ਤੇ 79 ਜੰਕਸ਼ਨ, ਸੋਹਾਣਾ ਚੌਂਕ, ਸੈਕਟਰ-79 ਤੇ 80 ਇੰਟਰਨਲ ਜੰਕਸ਼ਨ, ਸੈਕਟਰ-78 ਤੇ 79 ਇੰਟਰਨਲ ਜੰਕਸ਼ਨ ਅਤੇ ਸੈਕਟਰ-77 ਤੇ 78 ਇੰਟਰਨਲ ਜੰਕਸ਼ਨ ਵਿੱਚ) ਬੱਸ ਕਿਊ ਸ਼ੈਲਟਰਾਂ ਦੀ ਉਸਾਰੀ ਕਰਵਾਉਣ, ਸ਼ਹਿਰ ਵਿੱਚ 30 ਕਿੱਲੋ ਪ੍ਰਤੀ ਦਿਨ ਤੋਂ ਵੱਧ ਕੂੜਾ ਪੈਦਾ ਕਰਨ ਵਾਲੇ ਅਦਾਰਿਆਂ ਨੂੰ ਬਲਕ ਵੇਸਟ ਜਨਰੇਟਰ ਘੋਸ਼ਿਤ ਕਰਨ, ਵੱਖ ਵੱਖ ਸਮਾਗਮਾਂ ਮੌਕੇ ਫਾਇਰ ਟੈਂਡਰ ਭੇਜਣ ਦੀ ਫੀਸ ਵਧਾ ਕੇ 25 ਹਜ਼ਾਰ ਰੁਪਏ ਪ੍ਰਤੀ ਸਮਾਗਮ ਅਤੇ ਧਾਰਮਿਕ ਸਮਾਗਮਾਂ ਲਈ 3000 ਰੁਪਏ ਪ੍ਰਤੀ ਘੰਟਾ ਕਰਨ, ਕਮਿਊਨਿਟੀ ਸੈਂਟਰਾਂ ਨੂੰ ਏਅਰ ਕੰਡੀਸ਼ਨ ਅਤੇ ਸਾਉਂਡ ਪਰੂਫ਼ ਬਣਾਉਣ, ਇਨ੍ਹਾਂ ਸੈਂਟਰਾਂ ਵਿੱਚ ਬਣੇ ਪੁਰਾਣੇ ਬਾਥਰੂਮਾਂ ਨੂੰ ਨਵੇਂ ਸਿਰੇ ਤੋਂ ਬਣਾਉਣ, ਕੇਂਦਰਾਂ ਵਿੱਚ ਟਾਈਲਾਂ ਦਾ ਨਵਾਂ ਫਰਸ਼ ਬਣਾਉਣ, ਨਵੇਂ ਪਰਦੇ ਲਗਾਉਣ, ਖੁੱਲ੍ਹੀ ਥਾਂ ਦੀ ਲੈਂਡ ਸਕੇਪਿੰਗ ਕਰਵਾਉਣ, ਵਧੀਆਂ ਕੁਆਲਟੀ ਦਾ ਰੰਗ ਰੋਗਨ ਕਰਵਾਉਣ ਅਤੇ ਕਮਿਊਨਿਟੀ ਸੈਂਟਰ ਦੇ ਅੰਦਰ ਅਤੇ ਬਾਹਰ ਫੈਂਸੀ ਲਾਈਟਾਂ ਲਗਵਾਉਣ ਅਤੇ ਇਨ੍ਹਾਂ ਦਾ ਕਿਰਾਇਆ ਵਧਾਉਣ, ਪਾਰਕਾਂ ਦੇ ਰੱਖ ਰਖਾਓ ਦਾ ਕੰਮ ਐਸੋਸੀਏਸ਼ਨਾਂ ਨੂੰ ਸੌਂਪਣ, ਫੇਜ਼-7 ਦੇ ਪਾਰਕ ਨੰਬਰ-22 ਨੂੰ ਸਪੈਸ਼ਲ ਪਾਰਕ ਐਲਾਨਣ, ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਓਵਰ ਟਾਈਮ ਦੇਣ, ਵੱਖ ਵੱਖ ਥਾਵਾਂ ’ਤੇ ਸੜਕਾਂ ਕਿਨਾਰੇ ਦਰਖ਼ਤਾਂ ਲਈ ਟਰੀ ਗਾਰਡ ਲਗਾਉਣ, ਸੜਕਾਂ ਦੀ ਮੁਰੰਮਤ ਕਰਨ, ਮੈਂਗੋ ਪਾਰਕ, ਉਦਯੋਗਿਕ ਖੇਤਰ ਫੇਜ਼-3 ਦਾ ਵਿਕਾਸ ਕਰਨ ਅਤੇ ਮੁਲਾਜ਼ਮਾਂ ਨਾਲ ਸਬੰਧਤ ਮਤੇ ਪੇਸ਼ ਕੀਤੇ ਜਾਣਗੇ।
(ਬਾਕਸ ਆਈਟਮ)
ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾਉਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਕਮਿਊਨਿਟੀ ਸੈਂਟਰਾਂ ਦੀ ਕਾਇਆਕਲਪ ਲਈ ਜਿਹੜਾ ਮਤਾ ਲਿਆਂਦਾ ਜਾ ਰਿਹਾ ਹੈ ਉਹ ਸੁਆਗਤਯੋਗ ਹੈ ਅਤੇ ਇਨ੍ਹਾਂ ਕਮਿਊਨਿਟੀ ਸੈਂਟਰਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਪ੍ਰੰਤੂ ਜਿੱਥੋਂ ਤੱਕ ਇਨ੍ਹਾਂ ਦੀ ਫੀਸ ਵਧਾਉਣ ਦਾ ਸਵਾਲ ਹੈ ਤਾਂ ਇਹ ਬਿਲਕੁਲ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਵਾਸੀਆਂ ਤੋਂ ਪ੍ਰਾਪਰਟੀ ਟੈਕਸ ਅਤੇ ਬਿਜਲੀ ਤੇ ਚੁੰਗੀ ਤੋਂ ਇਲਾਵਾ ਹੋਰ ਕਈ ਟੈਕਸ ਲਏ ਜਾਂਦੇ ਹਨ। ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਨਹੀਂ ਵਧਾਉਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਹੈ ਕਿ ਫੇਜ਼-3ਬੀ1 ਵਿੱਚ ਖੰਡਰ ਬਣ ਚੁੱਕੀ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਢਾਹ ਕੇ ਨਵੇਂ ਸਿਰਿਓਂ ਇਮਾਰਤ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਦਾ ਲਾਭ ਮਿਲ ਸਕੇ।
(ਬਾਕਸ ਆਈਟਮ)
ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼-1 ਦੇ ਪ੍ਰਧਾਨ ਇੰਜ. ਪੀਐਸ ਵਿਰਦੀ ਨੇ ਨਗਰ ਨਿਗਮ ਵੱਲੋਂ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾਉਣ ਦੀ ਤਜਵੀਜ਼ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਤੋਂ ਪਹਿਲਾਂ ਹੀ ਟੈਕਸ ਦੇ ਰੂਪ ਵਿੱਚ ਵਾਧੂ ਪੈਸੇ ਵਸੂਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਨੇ ਸ਼ਹਿਰ ਵਿੱਚ ਕਮਿਊਨਿਟੀ ਸੈਂਟਰ ਗਰੀਬ ਲੋਕਾਂ ਦੀ ਸੁਵਿਧਾ ਲਈ ਬਣਾਏ ਗਏ ਸਨ ਪ੍ਰੰਤੂ ਹੁਣ ਨਗਰ ਨਿਗਮ ਨੇ ਇਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਨਾ ਵਧਾਇਆ ਜਾਵੇ ਸਗੋਂ ਪਹਿਲਾਂ ਲਈ ਜਾਂਦੀ ਫੀਸ ਵੀ ਘੱਟ ਕੀਤੀ ਜਾਵੇ ਤਾਂ ਜੋ ਗਰੀਬ ਲੋਕ ਆਪਣੇ ਬੱਚਿਆਂ ਦੇ ਵਿਆਹ ਅਤੇ ਹੋਰ ਸਮਾਗਮ ਕਰਵਾ ਸਕਣ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…