
ਮੁਹਾਲੀ ਨਗਰ ਨਿਗਮ ਨੇ ਸਫ਼ਾਈ ਸੇਵਕਾਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
ਸਫ਼ਾਈ ਸੇਵਕਾਂ ਨੂੰ ਸਮਰਪਿਤ ਮੈਗਾ ਸਵੱਛਤਾ ਫੈਸਟ ਕਰਵਾਇਆ
ਸਵੱਛਤਾ ਸੈਨਾਨੀਆਂ/ਸਵੱਛਤਾ ਸੇਵਕਾਂ ਦਾ ਸਨਮਾਨ ਸਮਾਰੋਹ
ਦਰਸ਼ਨ ਸਿੰਘ ਸੋਢੀ/ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਸਤੰਬਰ:
ਮੁਹਾਲੀ ਨਗਰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਦੀ ਅਗਵਾਈ ਹੇਠ ‘ਸਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਇੰਡੀਅਨ ਸਵੱਛਤਾ ਲੀਗ ਸੀਜ਼ਨ-2 ਦੀ ਲਗਾਤਾਰਤਾ ਵਿੱਚ ਸਫ਼ਾਈ ਸੇਵਕਾਂ ਨੂੰ ਸਮਰਪਿਤ ਇੱਥੋਂ ਦੇ ਕਮਿਊਨਿਟੀ ਸੈਂਟਰ, ਸੈਕਟਰ-69 ਵਿਖੇ ਮੈਗਾ ਫੈਸਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁਹਾਲੀ ਦੇ ਸਫ਼ਾਈ ਸੇਵਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਫ਼ਾਈ ਸੇਵਕਾਂ ਦੀਆਂ ਨਿਰੰਤਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਾਰੇ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ।
ਇਸ ਪ੍ਰੋਗਰਾਮ ਦਾ ਆਗਾਜ਼ ਇੱਕ ਸਫ਼ਾਈ ਸੇਵਕ ਨੇ ਗੀਤ ਗਾ ਕੇ ਕੀਤਾ। ਉਨ੍ਹਾਂ ਵੱਖ-ਵੱਖ ਸਭਿਆਚਾਰਕ ਗੀਤਾਂ ਅਤੇ ਹਰਿਆਣਵੀ, ਪੰਜਾਬੀ ਅਤੇ ਤਮਿਲ ਨਾਚ ਦੀ ਪੇਸ਼ਕਾਰੀ ਨਾਲ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਫ਼ਾਈ ਸੇਵਕਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ।
ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਲਈ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਕਰਵਾਏ ਜਾਣਗੇ। ਇਸ ਨਾਲ ਸਫ਼ਾਈ ਸੇਵਕਾਂ ਦਾ ਮਨੋਬਲ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਸਮਾਜ ਦਾ ਇੱਕ ਬਹੁਤ ਜ਼ਰੂਰੀ ਅੰਗ ਹਨ। ਇਸ ਤੋਂ ਪਹਿਲਾਂ ਕਮਿਸ਼ਨਰ ਨਵਜੋਤ ਕੌਰ ਨੇ ਵਿਧਾਇਕ, ਸਮੂਹ ਕੌਂਸਲਰਾਂ ਅਤੇ ਹੋਰ ਸ਼ਹਿਰ ਵਾਸੀਆਂ ਦਾ ਸਫ਼ਾਈ ਸੇਵਕਾਂ ਦਾ ਉਤਸ਼ਾਹ ਵਧਾਉਣ ਲਈ ਧੰਨਵਾਦ ਕੀਤਾ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ‘ਇੰਡੀਅਨ ਸਵੱਛਤਾ ਲੀਗ’ ਦੇ ਬ੍ਰੈਂਡ ਅੰਬੈਸਡਰ ਆਯੂਸ਼ ਗਰਗ ਨੇ ਕੀਤਾ। ਇਹ ਪ੍ਰੋਗਰਾਮ ਇੱਕ ਜ਼ੀਰੋ ਵੇਸਟ ਮੈਨੇਜਮੈਂਟ ਦਾ ਸੋਹਣਾ ਉਦਾਹਰਨ ਰਿਹਾ। ਸਮਾਰੋਹ ਵਿੱਚ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ। ਡਿਸਪੋਜੇਬਲ ਕਟਲਰੀ ਦੀ ਥਾਂ ’ਤੇ ਮਿਟੀ ਤੇ ਸਟੀਲ ਦੇ ਭਾਂਡਿਆਂ ਦਾ ਇਸਤੇਮਾਲ ਕੀਤਾ ਗਿਆ।
ਡੇ-ਐਨਯੂ ਐਲਐਨ ਸਕੀਮ ਤਹਿਤ ਬਣੇ 14 ਸੈਲਫ਼-ਹੈਲਪ ਗਰੁੱਪਾਂ ਨੇ ਭਾਗ ਲਿਆ। ਜਿਸ ਵਿੱਚ ਹੱਥ ਦੇ ਬਣੇ ਕਰਾਫ਼ਟ, ਖਾਣ-ਪੀਣ ਦਾ ਸਮਾਨ, ਹੱਥ ਦੀ ਕਢਾਈ ਸੂਟ ਦੀ ਕਲਾ-ਪ੍ਰਦਰਸ਼ਨੀ ਲਗਾਈ। ਨਗਰ ਨਿਗਮ ਵੱਲੋਂ 5 ਰੁਪਏ ਦੀ ਦੁਕਾਨ ਫੈਬੁਲਸ ਫਾਈਵ ਦਾ ਸਟਾਲ, ਕੰਪੋਸਟ ਸੇਲਿੰਗ ਪੁਆਇੰਟ, ਆਰਆਰਆਰ ਸਟਾਲ ਲਗਾਏ ਗਏ। ਇਸ ਸਮਾਗਮ ਦੌਰਾਨ ਸਫ਼ਾਈ ਮਿੱਤਰਾਂ ਲਈ ਤੇ ਮਨੋਰਜਨ ਲਈ ਖੇਡ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ।
ਸੰਯੁਕਤ ਕਮਿਸ਼ਨ ਸ੍ਰੀਮਤੀ ਕਿਰਨ ਸ਼ਰਮਾ ਨੇ ਸਫ਼ਾਈ ਸੇਵਕਾਂ ਵੱਲੋਂ ਕੀਤੀ ਜਾ ਰਹੀ ਸ਼ਹਿਰ ਦੀ ਨਿਰਸਵਾਰਥ ਸੇਵਾ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਪੂਰਾ ਪ੍ਰੋਗਰਾਮ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ, ਸਹਾਇਕ ਕਮਿਸ਼ਨਰ ਮਨਪ੍ਰੀਤ ਸਿੰਘ ਸਿੱਧੂ, ਸਕੱਤਰ ਰੰਜੀਵ ਕੁਮਾਰ, ਐਸਆਈ ਹਰਮਿੰਦਰ ਸਿੰਘ ਅਤੇ ਸੁਪਰਡੈਂਟ ਅਵਤਾਰ ਸਿੰਘ ਕਲਸੀਆ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਤੋਂ ਇਲਾਵਾ ਸੰਯੁਕਤ ਕਮਿਸ਼ਨਰ ਸ੍ਰੀਮਤੀ ਕਿਰਨ ਸ਼ਰਮਾ ਵੱਲੋਂ ਸੀਐਸਆਈ, ਐਸਆਈ, ਐਸਐਸ, ਸੈਲਫ਼-ਹੈਲਪ ਗਰੁੱਪ ਅਤੇ ਸਫ਼ਾਈ ਸੇਵਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਫ਼ਾਈ ਮਿੱਤਰਾ ਤੇ ਟੇਲੈਂਟ-ਹੰਟ ਵਿੱਚ ਭਾਗ ਲੈਣ ਵਾਲੇ ਸਫ਼ਾਈ ਸੇਵਕਾਂ ਨੂੰ ਨਗਰ ਨਿਗਮ ਵੱਲੋਂ ਪ੍ਰਸੰਸਾ ਪੱਤਰ ਅਤੇ ਤੋਹਫ਼ੇ ਦਿੱਤੇ ਗਏ। ਸੰਯੁਕਤ ਕਮਿਸ਼ਨਰ ਸ੍ਰੀਮਤੀ ਕਿਰਨ ਸ਼ਰਮਾ ਵੱਲੋਂ ਇਸ ਮੈਗਾ ਇੰਵੇਟ ਦੇ ਸਫਲ ਆਯੋਜਨ ਲਈ ਨਗਰ ਨਿਗਮ ਦੀ ਸਵੱਛਤਾ ਟੀਮ ਸ੍ਰੀਮਤੀ ਵੰਦਨਾ ਸੁਖੀਜਾ, ਸ੍ਰੀਮਤੀ ਆਰਜ਼ੂ ਤੰਵਰ, ਡਾ. ਵਰਿੰਦਰ ਕੌਰ, ਮਿਸ ਨੇਹਾ, ਸ੍ਰੀਮਤੀ ਪ੍ਰੀਤੀ ਅਰੋੜਾ ਦੀ ਸ਼ਲਾਘਾ ਕੀਤੀ।